ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ, ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਮਤਾ ਪਾਸ
Punjab Government Special Session: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਮਤੇ ਵਿੱਚ ਰੱਖੀ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਵੀ ਪਵਿੱਤਰ ਐਲਾਨਿਆ ਗਿਆ ਹੈ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਕਰਵਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬੇਹੱਦ ਸੁਭਾਗਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਵਲੋਂ ਹੰਗਾਮਾ ਕਰਨ ਨੂੰ ਗਲਤ ਆਖ਼ਦਿਆਂ ਕਿਹਾ ਕਿ ਅੱਜ ਰੌਲਾ ਪਾਉਣ ਵਾਲਾ ਜਾਂ ਸ਼ੋਰ ਮਚਾਉਣ ਵਾਲਾ ਦਿਨ ਨਹੀਂ, ਇਹ ਸਜਦਾ ਕਰਨ ਵਾਲਾ ਦਿਨ ਹੈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਤਾ ਪੜ੍ਹਿਆ, ਜਿਸ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਰੱਖੀ ਗਈ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਵੀ ਪਵਿੱਤਰ ਐਲਾਨਿਆ ਗਿਆ ਹੈ। ਇਥੇ ਕੋਈ ਵੀ ਮੀਟ, ਸ਼ਰਾਬ, ਤਬਾਕੂ ਆਦਿ ਦੀ ਦੁਕਾਨ ਨਹੀਂ ਖੋਲ੍ਹੀ ਜਾ ਸਕੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਵੇਂ ਅੰਮ੍ਰਿਤਸਰ ਸਾਹਿਬ ਦਾ ਗਲਿਆਰਾ ਪਹਿਲਾਂ ਹੀ ਪਵਿੱਤਰ ਹੈ ਪਰ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਨੂੰ ਵਿਧਾਨ ਸਭਾ ਵਿਚ ਪਵਿੱਤਰ ਨਹੀਂ ਐਲਾਨਿਆ ਗਆ ਸੀ।
ਅੱਜ ਪੰਜਾਬੀਆਂ ਦੀ ਪਰਖ ਹੋ ਰਹੀ- ਪ੍ਰਤਾਪ ਸਿੰਘ ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਪੰਜਾਬੀਆਂ ਦੀ ਪਰਖ ਹੋ ਰਹੀ ਹੈ। ਦਿੱਲੀ ਪੰਜਾਬ ਨਾਲ ਜੋ ਕਰ ਰਹੀ ਹੈ, ਉਸ ਨੂੰ ਸਿਰਫ਼ ਪੰਜਾਬ ਦੇ ਲੋਕ ਹੀ ਰੋਕ ਸਕਦੇ ਹਨ।
ਤੇਗ ਬਹਾਦਰ ਜੀ ਨੇ ਜ਼ੁਲਮ ਵਿਰੁੱਧ ਲੜਾਈ ਲੜੀ- ਅਸ਼ਵਨੀ ਸ਼ਰਮਾ
ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਬਾਜਵਾ ਦੇ ਬਿਆਨ ਤੋਂ ਗੁੱਸੇ ਵਿੱਚ ਆਏ। ਸ਼ਰਮਾ ਨੇ ਕਿਹਾ ਕਿ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਸ਼ਹਾਦਤਾਂ ਕਿਉਂ ਹੋਈਆਂ। ਉਸ ਸਮੇਂ, ਪਵਿੱਤਰ ਧਾਗਾ ਅਤੇ ਤਿਲਕ ਸਿਰਫ਼ ਪੰਡਤਾਂ ਦੇ ਪ੍ਰਤੀਕ ਨਹੀਂ ਸੀ; ਉਹ ਸਨਾਤਨ ਦੀ ਪਛਾਣ ਸੀ। ਉਸ ਸਮੇਂ, ਨੌਵੇਂ ਗੁਰੂ, ਤੇਗ ਬਹਾਦਰ ਜੀ ਨੇ ਜ਼ੁਲਮ ਵਿਰੁੱਧ ਲੜਾਈ ਲੜੀ ਸੀ।


