ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੀਆਂ ਵਿਵਾਦਤ ਕਾਰਵਾਈਆਂ ਅਪ੍ਰਵਾਨ, ਤਿੰਨ ਸਿੰਘ ਤਨਖਾਹੀਆ ਐਲਾਨੇ
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਭਾਈ ਗੁਰਦਿਆਲ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ, ਮੁੱਖ ਸ਼ਾਜ਼ਿਸਕਰਤਾ ਵਜੋਂ ਵਿਵਾਦ ਪੈਦਾ ਕਰਨ ਲਈ ਤਨਖਾਹੀਆ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪਾਲ ਸਿੰਘ (ਜੌਹਲ) ਅਤੇ ਡਾ. ਗੁਰਮੀਤ ਸਿੰਘ ਨੂੰ ਪੰਥਕ ਇਕਤਾ ਦੇ ਖ਼ਿਲਾਫ਼ ਕੰਮ ਕਰਨ ਅਤੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਤਨਖਾਹੀਆ ਐਲਾਨਿਆ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਹੋਈ ਇਸ ਇਕੱਤਰਤਾ ‘ਚ ਹੋਰ ਤਿੰਨ ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਰਾਜਦੀਪ ਸਿੰਘ, ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਕੇਵਲ ਸਿੰਘ ਦੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਨੇ ਵੀ ਭਾਗ ਲਿਆ।
ਇਕੱਤਰਤਾ ਦੌਰਾਨ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ 21 ਮਈ ਅਤੇ 5 ਜੁਲਾਈ 2025 ਨੂੰ ਜਾਰੀ ਕੀਤੇ ਪੱਤਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦੀ ਉਲੰਘਣਾ ਦੱਸਦਿਆਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਅਪ੍ਰਵਾਨ ਕਰ ਦਿੱਤਾ ਗਿਆ। ਇਹ ਪੱਤਰ ਅਣਅਧਿਕਾਰਤ ਅਤੇ ਗੁਰਮਤਿ ਰਵਾਇਤ ਵਿਰੋਧੀ ਕਰਾਰ ਦਿੱਤੇ ਗਏ। ਪੰਜ ਸਿੰਘ ਸਾਹਿਬਾਨ ਨੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਸਾਜ਼ਿਸ਼ਾਂ, ਜੋ ਖ਼ਾਲਸਾ ਪੰਥ ਨੂੰ ਵੰਡਣ ਜਾਂ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਉਹਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ।
ਪੰਜ ਤਖ਼ਤਾਂ ਦੀ ਪਵਿਤਰਤਾ ਕਾਇਮ, ਪਰ ਅੰਤਿਮ ਫੈਸਲਾ ਅਕਾਲ ਤਖ਼ਤ ਦਾ…
ਇਕੱਤਰਤਾ ‘ਚ ਇਹ ਵੀ ਮੰਨਿਆ ਗਿਆ ਕਿ ਪੰਜੇ ਤਖ਼ਤ ਸਿੱਖ ਪੰਥ ਲਈ ਪਵਿਤਰ ਹਨ ਤੇ ਉਨ੍ਹਾਂ ਦਾ ਸਤਿਕਾਰ ਸਿੱਖ ਜਥੇਬੰਦੀਆਂ ਤੇ ਸੰਗਤ ਵੱਲੋਂ ਕੀਤੀ ਜਾਂਦੀ ਹੈ। ਪਰ ਗੁਰਮਤਿ ਰਵਾਇਤ ਅਨੁਸਾਰ ਧਾਰਮਿਕ ਤੇ ਪੰਥਕ ਮਾਮਲਿਆਂ ‘ਚ ਅੰਤਿਮ ਅਤੇ ਸਰਬਉੱਚ ਫੈਸਲਾ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੀ ਹੋਵੇਗਾ।
ਤਿੰਨ ਸਿੰਘ ਤਨਖਾਹੀਆ ਐਲਾਨੇ
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਭਾਈ ਗੁਰਦਿਆਲ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ, ਮੁੱਖ ਸ਼ਾਜ਼ਿਸਕਰਤਾ ਵਜੋਂ ਵਿਵਾਦ ਪੈਦਾ ਕਰਨ ਲਈ ਤਨਖਾਹੀਆ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪਾਲ ਸਿੰਘ (ਜੌਹਲ) ਅਤੇ ਡਾ. ਗੁਰਮੀਤ ਸਿੰਘ ਨੂੰ ਪੰਥਕ ਇਕਤਾ ਦੇ ਖ਼ਿਲਾਫ਼ ਕੰਮ ਕਰਨ ਅਤੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਤਨਖਾਹੀਆ ਐਲਾਨਿਆ ਗਿਆ।
ਇਨ੍ਹਾਂ ਤਿੰਨਾਂ ਨੂੰ ਨਿੱਜੀ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਦੇ ਹੁਕਮ ਦਿੱਤੇ ਗਏ ਹਨ। ਜਦ ਤੱਕ ਇਹ ਮੁਆਫ਼ੀ ਨਹੀਂ ਮੰਗਦੇ, ਉਨ੍ਹਾਂ ਨੂੰ ਕਿਸੇ ਵੀ ਪੰਥਕ ਸਟੇਜ ਜਾਂ ਗੁਰਮਤਿ ਸਮਾਗਮ ਵਿੱਚ ਨਾ ਸੱਦਣ ਦਾ ਆਦੇਸ਼ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਪ੍ਰਬੰਧਕ ਕਮੇਟੀ ਨੂੰ 15 ਦਿਨਾਂ ਵਿੱਚ ਪੱਖ ਰੱਖਣ ਦਾ ਆਦੇਸ਼
ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ, ਜਿਸ ‘ਚ ਜਗਜੋਤ ਸਿੰਘ ਸੋਹੀ (ਪ੍ਰਧਾਨ), ਲਖਵਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਗੁਰਵਿੰਦਰ ਸਿੰਘ (ਜੂਨੀਅਰ ਮੀਤ ਪ੍ਰਧਾਨ), ਇੰਦਰਜੀਤ ਸਿੰਘ (ਜਨਰਲ ਸਕੱਤਰ), ਹਰਬੰਸ ਸਿੰਘ (ਸਕੱਤਰ), ਅਤੇ ਮੈਂਬਰ ਗੋਬਿੰਦ ਸਿੰਘ ਲੌਂਗੋਵਾਲ, ਰਾਜਾ ਸਿੰਘ, ਮਹਿੰਦਰਪਾਲ ਸਿੰਘ ਸ਼ਾਮਲ ਹਨ, ਨੂੰ 15 ਦਿਨਾਂ ਦੀ ਮਿਆਦ ਦਿੱਤੀ ਗਈ ਹੈ।
ਉਨ੍ਹਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ। ਜੇਕਰ ਉਨ੍ਹਾਂ ਵੱਲੋਂ ਇਹ ਆਦੇਸ਼ ਨਾ ਮੰਨਿਆ ਗਿਆ, ਤਾਂ ਪੰਥਕ ਪਰੰਪਰਾਵਾਂ ਅਨੁਸਾਰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।