ਦੀਪ ਸਿੱਧੂ ਦੀ ਪਹਿਲੀ ਬਰਸੀ ‘ਤੇ ਪਹੁੰਚੀਆਂ ਧਾਰਮਿਕ ਅਤੇ ਸਿਆਸੀ ਸ਼ਖ਼ਸ਼ੀਅਤਾਂ
ਦੀਪ ਸਿੱਧੂ ਦੀ ਬੀਤੇ ਸਾਲ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਉਸ ਵੇਲ੍ਹੇ ਉਨ੍ਹਾਂ ਨਾਲ ਉਨ੍ਹਾਂ ਦੀ ਦੋਸਤ ਵੀ ਗੱਡੀ ਚ ਮੌਜੂਦ ਸੀ। ਇਸ ਹਾਦਸੇ ਚ ਉਹ ਗੰਭੀਰ ਤੌਰ ਤੇ ਜਖਮੀ ਹੋ ਗਈ ਸੀ। ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਹਾਦਸੇ ਬਾਰੇ ਵਿਸਥਾਰ ਚ ਦੱਸਿਆ ਸੀ।
ਲੁਧਿਆਣਾ। ਜਗਰਾਊ ਵਿੱਚ ਸਥਿਤ ਪਿੰਡ ਚੌਕੀਮਾਨ ਵਿਖੇ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਗਈ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕਈ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਵੱਲੋਂ ਵੀ ਇਸ ਬਰਸੀ ਸਮਾਗਮ ਚ ਹਿੱਸਾ ਲਿਆ ਗਿਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਤੋਂ ਇਲਾਵਾ ਵਾਰਿਸ ਪੰਜਾਬ ਜਥੇਬੰਦੀ ਦੇ ਕਈ ਆਗੂ ਅਤੇ ਨਾਲ ਲੁਧਿਆਣਾ ਮੁਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਵੀ ਪਹੁੰਚੇ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਾਰਿਆਂ ਵੱਲੋਂ ਦੀ ਦੀਪ ਸਿੱਧੂ ਨੂੰ ਯਾਦ ਕਰਦਿਆਂ ਹੋਇਆਂ ਉਸ ਦੀ ਬਹਾਦਰੀ ਅਤੇ ਕੌਮ ਦੇ ਲਈ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਰਮਿਕ ਆਗੂਆਂ ਨੇ ਮਨਪ੍ਰੀਤ ਇਆਲੀ ਨੂੰ ਕਿਹਾ ਕਿ ਅਕਾਲੀ ਦਲ ਦੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ 70 ਸਾਲ ਬਾਅਦ ਕੋਈ ਪ੍ਰਧਾਨ ਹੀ ਆਪਣੀ ਸੀਟ ਤੋਂ ਹਾਰ ਗਿਆ ਹੋਵੇ ਉਹਨਾਂ ਕਿਹਾ ਕਿ ਅਕਾਲੀ ਸ਼ਬਦ ਦੀ ਪਵਿਤਰਤਾ ਨੂੰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ। ਬਾਦਲ ਕੁਨਬਾ ਖਰਾਬ ਹੋ ਸਕਦਾ ਹੈ ਪਰ ਅਕਾਲੀ ਸ਼ਬਦ ਮਾੜਾ ਨਹੀਂ ਹੈ। ਇਸ ਮੌਕੇ ਉਹਨਾਂ ਮਨਪ੍ਰੀਤ ਇਆਲੀ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਹ ਪਾਰਟੀ ਦੇ ਵਿਚ ਰਹਿ ਕੇ ਉਹਨਾਂ ਖਿਲਾਫ਼ ਅਵਾਜ਼ ਚੁੱਕ ਰਹੇ ਹਨ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਹੀ ਅਵਾਜ ਚੁੱਕਦੇ ਰਹਿਣ। ਇਸ ਮੌਕੇ ਉਹਨਾਂ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਅਤੇ ਹੋਰ ਕਈ ਸਿੱਖ ਕੌਮ ਦੇ ਮਸਲਿਆਂ ਨੂੰ ਲੈ ਕੇ ਮਨਪ੍ਰੀਤ ਇਆਲੀ ਨੂੰ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ, ਉਹ ਇਨ੍ਹਾਂ ਮੁੱਦਿਆਂ ਦਾ ਹੱਲ ਕਿਉਂ ਨਹੀਂ ਕਰ ਸਕੇ ।
ਇਸ ਦਾ ਜਵਾਬ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਮੁੱਲਾਂਪੁਰ ਦਾਖਾ ਤੋਂ ਐਮਐਲਏ ਮਨਪ੍ਰੀਤ ਇਆਲੀ ਨੇ ਕਿਹਾ ਕਿ ਅਕਾਲੀ ਦਲ ਦੇ ਵੇਲ੍ਹੇ ਕਈ ਚੰਗੇ ਕੰਮ ਵੀ ਹੋਏ ਹਨ ਉਨ੍ਹਾਂ ਕਿਹਾ ਹੁਣ ਜਿਹੜੀਆਂ ਕੁਝ ਘਟਨਾਵਾਂ ਹੋਈਆਂ ਹਨ। ਅਸੀਂ ਹੁਣ ਭਵਿੱਖ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਹੋਰ ਚੰਗੇ ਕਦਮ ਚੁੱਕੇ ਜਾ ਸਕਣ ਅਤੇ ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਵੱਧ ਤੋਂ ਵੱਧ ਕੰਮ ਹੋ ਸਕਣ। ਉਨ੍ਹਾਂ ਕਿਹਾ ਕਿ ਕਮੀਆਂ ਹਰ ਪਾਰਟੀ ਦੇ ਵਿੱਚ ਹੁੰਦੀਆਂ ਹਨ ਪਰ ਉਹਨਾਂ ਨੂੰ ਸੁਧਾਰਨਾ ਸਮੇਂ ਦੀ ਲੋੜ ਹੁੰਦੀ ਹੈ। ਜਿਸ ਸਬੰਧੀ ਲਗਾਤਾਰ ਕੰਮ ਚੱਲ ਰਿਹਾ ਹੈ ਇਸ ਮੌਕੇ ਸਿਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਾਵੁਕ ਹੁੰਦੇ ਹੋਏ ਸਮੇਂ ਦੀਆਂ ਸਰਕਾਰਾਂ ਤੇ ਸਵਾਲ ਚੁੱਕੇ ਅਤੇ ਆਪਣੇ ਪੁੱਤਰ ਸੁਭਦੀਪ ਸਿੰਘ ਨੂੰ ਵੀ ਯਾਦ ਕੀਤਾ।