ਕੀ ਭਾਜਪਾ ਨਾਲ ਗਠਜੋੜ ਕਰੇਗਾ ਅਕਾਲੀ ਦਲ? ਸਰਵੇਖਣ ‘ਚ ਖ਼ੁਲਾਸਾ- ਬਿਨਾਂ ਗਠਜੋੜ ਸਰਕਾਰ ਬਣਾਉਣੀ ਮੁਸ਼ਕਲ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਮਹਿਜ਼ ਕੁਝ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ, ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਸੂਬੇ ਵਿੱਚ ਮਜ਼ਬੂਤ ਸਥਿਤੀ ਹਾਸਲ ਕਰਕੇ ਸੱਤਾ ਵਿੱਚ ਆਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਕਰਵਾਏ ਗਏ ਇੱਕ ਅੰਦਰੂਨੀ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਕੀਤੇ ਬਿਨਾਂ ਦੋਵਾਂ ਧਿਰਾਂ ਲਈ ਆਪਣੇ ਦਮ ਤੇ ਸਰਕਾਰ ਬਣਾਉਣਾ ਲਗਭਗ ਅਸੰਭਵ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਮਹਿਜ਼ ਕੁਝ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ, ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਸੂਬੇ ਵਿੱਚ ਮਜ਼ਬੂਤ ਸਥਿਤੀ ਹਾਸਲ ਕਰਕੇ ਸੱਤਾ ਵਿੱਚ ਆਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਕਰਵਾਏ ਗਏ ਇੱਕ ਅੰਦਰੂਨੀ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਕੀਤੇ ਬਿਨਾਂ ਦੋਵਾਂ ਧਿਰਾਂ ਲਈ ਆਪਣੇ ਦਮ ਤੇ ਸਰਕਾਰ ਬਣਾਉਣਾ ਲਗਭਗ ਅਸੰਭਵ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਵੱਲੋਂ ਵੱਖ-ਵੱਖ ਪੜਾਵਾਂ ਦੌਰਾਨ ਦੋ ਹੋਰ ਸਰਵੇਖਣ ਕਰਵਾਏ ਗਏ ਸਨ। ਉਨ੍ਹਾਂ ਰਿਪੋਰਟਾਂ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਵੱਖੋ-ਵੱਖਰੇ ਚੋਣ ਲੜਨ ਦੀ ਬਜਾਏ ਅਕਾਲੀ-ਭਾਜਪਾ ਗਠਜੋੜ ਨੂੰ ਹੀ ਸੂਬੇ ਵਿੱਚ ਵੱਧ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਵਿਕਲਪ ਵਜੋਂ ਦਰਸਾਇਆ ਸੀ।
ਤਾਜ਼ਾ ਸਰਵੇਖਣ ਦੇ ਅੰਕੜਿਆਂ ਮੁਤਾਬਕ ਜੇਕਰ ਅਕਾਲੀ ਦਲ ਇਕੱਲਿਆਂ ਹੀ ਚੋਣ ਮੈਦਾਨ ਵਿੱਚ ਉਤਰਦਾ ਹੈ, ਤਾਂ ਉਸ ਨੂੰ ਸਿਰਫ਼ 30 ਤੋਂ 35 ਸੀਟਾਂ ਹੀ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਪਾਰਟੀ ਬਹੁਮਤ ਦੇ ਅੰਕੜੇ ਤੋਂ ਕਾਫ਼ੀ ਦੂਰ ਰਹਿ ਜਾਵੇਗੀ। ਦੂਜੇ ਪਾਸੇ, ਜੇਕਰ ਦੋਵੇਂ ਪਾਰਟੀਆਂ ਗਠਜੋੜ ਤਹਿਤ ਚੋਣ ਲੜਦੀਆਂ ਹਨ, ਤਾਂ ਇਹ ਅੰਕੜਾ 58 ਤੋਂ 60 ਸੀਟਾਂ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਆਸਾਨੀ ਨਾਲ ਸਰਕਾਰ ਬਣਾਈ ਜਾ ਸਕਦੀ ਹੈ। ਇਸ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸ਼ਹਿਰੀ ਹਲਕਿਆਂ ਦੇ ਨਾਲ-ਨਾਲ ਪੇਂਡੂ ਸੀਟਾਂ ਤੇ ਵੀ ਭਾਜਪਾ ਦਾ ਗ੍ਰਾਫ਼ ਵਧਿਆ ਹੈ, ਜਿਸ ਦਾ ਫ਼ਾਇਦਾ ਗਠਜੋੜ ਨੂੰ ਮਿਲ ਸਕਦਾ ਹੈ।
ਅਕਾਲੀ ਦਲ ਅਤੇ ਭਾਜਪਾ ਵਿਚਾਲੇ 60-57 ਦਾ ਫ਼ਾਰਮੂਲਾ ਲਗਭਗ ਤੈਅ
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਰੂਪ-ਰੇਖਾ ਲਗਭਗ ਅੰਤਿਮ ਪੜਾਅ ਤੇ ਪਹੁੰਚ ਚੁੱਕੀ ਹੈ। ਦੋਵਾਂ ਧਿਰਾਂ ਦੀ ਸੀਨੀਅਰ ਲੀਡਰਸ਼ਿਪ 60-57 ਦੇ ਫ਼ਾਰਮੂਲੇ ਤੇ ਸਹਿਮਤ ਹੋ ਗਈ ਦੱਸੀ ਜਾ ਰਹੀ ਹੈ। ਇਸ ਸਮਝੌਤੇ ਤਹਿਤ ਭਾਜਪਾ 60 ਸੀਟਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ 57 ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਸਕਦਾ ਹੈ।
ਭਾਜਪਾ ਨੇ ਆਪਣੇ ਹਿੱਸੇ ਆਉਣ ਵਾਲੀਆਂ 60 ਸੀਟਾਂ ਦੀ ਸੂਚੀ ਅਕਾਲੀ ਦਲ ਨੂੰ ਸੌਂਪ ਦਿੱਤੀ ਹੈ। ਹਾਲਾਂਕਿ, ਅਕਾਲੀ ਦਲ ਉਨ੍ਹਾਂ 60 ਸੀਟਾਂ ਵਿੱਚੋਂ ਕੁਝ ਅਜਿਹੀਆਂ ਸੀਟਾਂ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਜਿੱਥੋਂ ਉਸ ਦੇ ਕੱਦਵਾਰ ਅਤੇ ਸੀਨੀਅਰ ਆਗੂ ਚੋਣ ਲੜਦੇ ਆ ਰਹੇ ਹਨ।
ਇਹ ਵੀ ਪੜ੍ਹੋ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਐਂਟਰੀ ਕਾਰਨ ਐਲਾਨ ਚ ਦੇਰੀ
ਗਠਜੋੜ ਦੇ ਐਲਾਨ ਵਿੱਚ ਹੋ ਰਹੀ ਦੇਰੀ ਦਾ ਮੁੱਖ ਕਾਰਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਗਠਜੋੜ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਦੱਸਿਆ ਜਾ ਰਿਹਾ ਹੈ। ਭਾਜਪਾ ਇਸ ਧੜੇ ਨੂੰ ਵੀ ਗਠਜੋੜ ਦਾ ਹਿੱਸਾ ਬਣਾਉਣ ਦੀ ਚਾਹਵਾਨ ਹੈ ਅਤੇ ਉਸ ਨੇ ਆਪਣੇ ਕੋਟੇ ਦੀਆਂ 60 ਸੀਟਾਂ ਵਿੱਚੋਂ ਹੀ 8 ਤੋਂ 10 ਸੀਟਾਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਦੇਣ ਦੀ ਹਾਮੀ ਭਰੀ ਹੈ। ਬਾਦਲ ਦਲ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਨਵੇਂ ਧੜੇ ਨੂੰ ਜੋ ਵੀ ਸੀਟਾਂ ਮਿਲਣਗੀਆਂ, ਉਹ ਭਾਜਪਾ ਦੇ ਹਿੱਸੇ ਵਿੱਚੋਂ ਹੀ ਦਿੱਤੀਆਂ ਜਾਣਗੀਆਂ। ਇਸ ਵਿਵਸਥਾ ਨੂੰ ਅੰਤਿਮ ਛੋਹਾਂ ਮਿਲਣ ਤੋਂ ਬਾਅਦ ਹੀ ਗਠਜੋੜ ਦਾ ਰਸਮੀ ਐਲਾਨ ਹੋਵੇਗਾ।
ਬਿਨਾਂ ਮੁੱਖ ਮੰਤਰੀ ਚਿਹਰੇ ਤੋਂ ਚੋਣ ਲੜਨ ਦੀ ਰਣਨੀਤੀ
ਸੂਤਰਾਂ ਅਨੁਸਾਰ ਦੋਵਾਂ ਪਾਰਟੀਆਂ ਵਿਚਾਲੇ ਇਹ ਰਣਨੀਤੀ ਵੀ ਬਣਾਈ ਗਈ ਹੈ ਕਿ ਚੋਣਾਂ ਤੋਂ ਪਹਿਲਾਂ ਕੋਈ ਸਾਂਝਾ ਮੁੱਖ ਮੰਤਰੀ ਚਿਹਰਾ ਐਲਾਨਿਆ ਨਹੀਂ ਜਾਵੇਗਾ। ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਅਤੇ ਵਿਕਾਸ ਕਾਰਜਾਂ ਤੇ ਵੋਟਾਂ ਮੰਗੇਗੀ, ਜਦਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕਰੇਗਾ। ਚੋਣ ਨਤੀਜਿਆਂ ਉਪਰੰਤ ਦੋਵਾਂ ਪਾਰਟੀਆਂ ਦੇ ਜਿੱਤੇ ਹੋਏ ਵਿਧਾਇਕਾਂ ਦੀ ਗਿਣਤੀ ਅਤੇ ਸਥਿਤੀ ਦੇ ਆਧਾਰ ਤੇ ਹੀ ਮੁੱਖ ਮੰਤਰੀ ਦੇ ਅਹੁਦੇ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਚੋਣਾਂ ਵਿੱਚ ਚਾਰ ਮਹੀਨੇ ਬਾਕੀ ਹੋਣ ਕਾਰਨ ਜ਼ਮੀਨੀ ਪੱਧਰ ਤੇ ਦੋਵੇਂ ਪਾਰਟੀਆਂ ਫ਼ਿਲਹਾਲ 117 ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਵਰਕਰਾਂ ਨੂੰ ਸਰਗਰਮ ਰੱਖਣ ਲਈ ਇਕੱਲਿਆਂ ਲੜਨ ਦਾ ਦਾਅਵਾ ਕਰ ਰਹੀਆਂ ਹਨ। ਸੁਖਬੀਰ ਬਾਦਲ ਪੇਂਡੂ ਖੇਤਰਾਂ ਵਿੱਚ ਲਗਾਤਾਰ ਰੈਲੀਆਂ ਕਰ ਰਹੇ ਹਨ, ਜਦਕਿ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਕੇਡਰ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ।
ਫ਼ੈਸਲੇ ਦਾ ਅਧਿਕਾਰ ਸੁਖਬੀਰ ਬਾਦਲ ਕੋਲ- ਚੀਮਾ
ਗਠਜੋੜ ਦੀ ਰਸਮੀ ਗੱਲਬਾਤ ਪ੍ਰਭਾਵਿਤ ਨਾ ਹੋਵੇ, ਇਸ ਲਈ ਦੋਵਾਂ ਧਿਰਾਂ ਦੇ ਆਗੂਆਂ ਨੂੰ ਜਨਤਕ ਤੌਰ ਤੇ ਕੋਈ ਵੀ ਗ਼ੈਰ-ਜ਼ਰੂਰੀ ਬਿਆਨਬਾਜ਼ੀ ਕਰਨ ਤੋਂ ਵਰਜਿਆ ਗਿਆ ਹੈ। ਇਸ ਮੁੱਦੇ ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗਠਜੋੜ ਬਾਰੇ ਅੰਤਿਮ ਫ਼ੈਸਲਾ ਲੈਣ ਦੇ ਸਾਰੇ ਅਧਿਕਾਰ ਪਾਰਟੀ ਦੀ ਕੋਰ ਕਮੇਟੀ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਗਏ ਹਨ।
ਸਰਵੇਖਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕੋਈ ਸਰਵੇ ਕਰਵਾਇਆ ਗਿਆ ਹੈ ਜਾਂ ਨਹੀਂ, ਇਹ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ। ਪਰ ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਸਰਵੇਖਣ ਦੀ ਲੋੜ ਵੀ ਨਹੀਂ, ਕਿਉਂਕਿ ਪੰਜਾਬ ਦੇ ਲੋਕ ਖ਼ੁਦ ਇਹ ਮੰਨ ਰਹੇ ਹਨ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੀ ਸੂਬੇ ਵਿੱਚ ਅਗਲੀ ਸਰਕਾਰ ਬਣਾਉਣ ਦੀ ਸਮਰੱਥਾ ਰੱਖਦਾ ਹੈ। ਚੀਮਾ ਨੇ ਸਪੱਸ਼ਟ ਕੀਤਾ ਕਿ ਸੀਨੀਅਰ ਆਗੂਆਂ ਨੇ ਪਾਰਟੀ ਪ੍ਰਧਾਨ ਨੂੰ ਜੋ ਵੀ ਰਾਇ ਦਿੱਤੀ ਹੈ, ਉਹ ਜਨਤਕ ਨਹੀਂ ਕੀਤੀ ਜਾ ਸਕਦੀ, ਪਰ ਫ਼ੈਸਲਾ ਪੰਜਾਬ ਅਤੇ ਪਾਰਟੀ ਦੇ ਹਿੱਤ ਨੂੰ ਮੁੱਖ ਰੱਖ ਕੇ ਹੀ ਲਿਆ ਜਾਵੇਗਾ।
