ਫ਼ਰੀਦਕੋਟ ‘ਚ ਮਕਾਨ ਅੰਦਰ ਫਟੇ ਸਿਲੰਡਰ, ਧਮਾਕਿਆਂ ਨਾਲ ਦਹਿਲਿਆ ਇਲਾਕਾ; ਅੱਗ ਲੱਗਣ ਨਾਲ ਹੜਕੰਪ
ਫ਼ਰੀਦਕੋਟ ਸ਼ਹਿਰ ਦੀ ਲੱਬੂ ਰਾਮ ਸਟਰੀਟ (ਡੇਰਾ ਸਤਿ ਕਰਤਾਰ ਦੇ ਨੇੜੇ) ਵਿਖੇ ਸੋਮਵਾਰ ਸਵੇਰੇ ਲਗਭਗ 10:15 ਵਜੇ ਇੱਕ ਬੰਦ ਪਏ ਮਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਦਾ ਦਰਦਨਾਕ ਹਾਦਸਾ ਵਾਪਰਿਆ। ਅੱਗ ਦੀਆਂ ਲਪਟਾਂ ਤੇਜ਼ ਹੁੰਦਿਆਂ ਹੀ ਘਰ ਦੇ ਅੰਦਰ ਪਏ ਦੋ ਗੈਸ ਸਿਲੰਡਰ ਇੱਕ ਤੋਂ ਬਾਅਦ ਇੱਕ ਜ਼ੋਰਦਾਰ ਧਮਾਕਿਆਂ ਨਾਲ ਫਟ ਗਏ।
ਫ਼ਰੀਦਕੋਟ ਸ਼ਹਿਰ ਦੀ ਲੱਬੂ ਰਾਮ ਸਟਰੀਟ (ਡੇਰਾ ਸਤਿ ਕਰਤਾਰ ਦੇ ਨੇੜੇ) ਵਿਖੇ ਸੋਮਵਾਰ ਸਵੇਰੇ ਲਗਭਗ 10:15 ਵਜੇ ਇੱਕ ਬੰਦ ਪਏ ਮਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਦਾ ਦਰਦਨਾਕ ਹਾਦਸਾ ਵਾਪਰਿਆ। ਅੱਗ ਦੀਆਂ ਲਪਟਾਂ ਤੇਜ਼ ਹੁੰਦਿਆਂ ਹੀ ਘਰ ਦੇ ਅੰਦਰ ਪਏ ਦੋ ਗੈਸ ਸਿਲੰਡਰ ਇੱਕ ਤੋਂ ਬਾਅਦ ਇੱਕ ਜ਼ੋਰਦਾਰ ਧਮਾਕਿਆਂ ਨਾਲ ਫਟ ਗਏ। ਇਨ੍ਹਾਂ ਧਮਾਕਿਆਂ ਕਾਰਨ ਅੱਗ ਨੇ ਪਲਾਂ ਛਿਣਾਂ ਵਿੱਚ ਹੀ ਪੂਰੇ ਮਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗ਼ਨੀਮਤ ਇਹ ਰਹੀ ਕਿ ਘਟਨਾ ਸਮੇਂ ਘਰ ਦਾ ਕੋਈ ਵੀ ਜੀਅ ਮੌਜੂਦ ਨਹੀਂ ਸੀ, ਜਿਸ ਸਦਕਾ ਇੱਕ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ।
ਅੰਤਿਮ ਸਸਕਾਰ ਤੇ ਗਿਆ ਹੋਇਆ ਸੀ ਪਰਿਵਾਰ
ਹਾਸਲ ਜਾਣਕਾਰੀ ਮੁਤਾਬਕ ਮਕਾਨ ਮਾਲਕ ਸ਼ਾਮ ਲਾਲ ਧੀਂਗੜਾ ਸਵੇਰੇ ਆਪਣੇ ਪੂਰੇ ਪਰਿਵਾਰ ਸਮੇਤ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ਗਏ ਹੋਏ ਸਨ। ਇਸੇ ਦੌਰਾਨ ਆਂਢ-ਗੁਆਂਢ ਦੇ ਲੋਕਾਂ ਨੇ ਬੰਦ ਪਏ ਮਕਾਨ ਵਿੱਚੋਂ ਸੰਘਣਾ ਧੂੰਆਂ ਨਿਕਲਦਾ ਦੇਖਿਆ ਅਤੇ ਦੇਖਦੇ ਹੀ ਦੇਖਦੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਨਾਲ ਆਲਾ-ਦੁਆਲਾ ਗੂੰਜ ਉੱਠਿਆ। ਘਟਨਾ ਦੀ ਗੰਭੀਰਤਾ ਨੂੰ ਭਾਂਪਦਿਆਂ ਗੁਆਂਢੀਆਂ ਨੇ ਤੁਰੰਤ ਇਸ ਦੀ ਸੂਚਨਾ ਫ਼ਾਇਰ ਬ੍ਰਿਗੇਡ ਵਿਭਾਗ ਅਤੇ ਪੀੜਤ ਪਰਿਵਾਰ ਨੂੰ ਦਿੱਤੀ।
ਫ਼ਾਇਰ ਬ੍ਰਿਗੇਡ ਨੇ ਦੋ ਗੱਡੀਆਂ ਦੀ ਮਦਦ ਨਾਲ ਅੱਗ ਤੇ ਪਾਇਆ ਕਾਬੂ
ਸੂਚਨਾ ਮਿਲਦਿਆਂ ਹੀ ਫ਼ਾਇਰ ਅਫ਼ਸਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ। ਪਹਿਲਾਂ ਇੱਕ ਛੋਟੀ ਗੱਡੀ ਭੇਜੀ ਗਈ ਸੀ, ਪਰ ਅੱਗ ਦੇ ਭਿਆਨਕ ਰੂਪ ਨੂੰ ਦੇਖਦੇ ਹੋਏ ਤੁਰੰਤ ਵੱਡੀ ਗੱਡੀ ਵੀ ਮੌਕੇ ਤੇ ਸੱਦੀ ਗਈ। ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੁਲਾਜ਼ਮਾਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਪੂਰੀ ਤਰ੍ਹਾਂ ਕਾਬੂ ਪਾਇਆ। ਹਾਲਾਂਕਿ, ਜਦੋਂ ਤੱਕ ਅੱਗ ਬੁਝਾਈ ਗਈ, ਉਦੋਂ ਤੱਕ ਘਰ ਅੰਦਰ ਪਿਆ ਬਹੁਤਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।
ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ
ਪੀੜਤ ਪਰਿਵਾਰ ਅਤੇ ਗੁਆਂਢੀਆਂ ਦੇ ਦੱਸਣ ਮੁਤਾਬਕ ਇਸ ਹਾਦਸੇ ਵਿੱਚ ਲਗਭਗ 1.5 ਤੋਂ 2 ਲੱਖ ਰੁਪਏ ਦੇ ਘਰੇਲੂ ਸਾਮਾਨ ਦਾ ਭਾਰੀ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਉਂਦਿਆਂ ਆਰਥਿਕ ਸਹਾਇਤਾ ਅਤੇ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਫ਼ਾਇਰ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਦਾ ਮੁੱਖ ਕਾਰਨ ਗੈਸ ਲੀਕੇਜ ਹੋਣਾ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਬਾਅਦ ਵਿੱਚ ਅੰਦਰ ਪਏ ਦੋ ਸਿਲੰਡਰ ਧਮਾਕੇ ਨਾਲ ਫਟ ਗਏ। ਰਾਹਤ ਦੀ ਗੱਲ ਇਹ ਰਹੀ ਕਿ ਘਰ ਖ਼ਾਲੀ ਹੋਣ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
