ਗੁਰਦਾਸਪੁਰ: ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼, ਮਹਿਲਾ ਖਿਡਾਰੀਆਂ ਲਈ ਵੱਡਾ ਐਲਾਨ

Updated On: 

05 Oct 2026 17:53 PM IST

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਉਲੀਕੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੌਥੇ ਪੜਾਅ (ਸੀਜ਼ਨ) ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਸਮੀ ਸ਼ੁਰੂਆਤ ਹੋ ਗਈ ਹੈ। ਸਥਾਨਕ ਜੂਡੋ ਹਾਲ ਵਿਖੇ ਕਰਵਾਏ ਗਏ ਖੇਡ ਮੁਕਾਬਲਿਆਂ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ ਗਿਆ।

ਗੁਰਦਾਸਪੁਰ: ਖੇਡਾਂ ਵਤਨ ਪੰਜਾਬ ਦੀਆਂ ਦਾ ਆਗਾਜ਼, ਮਹਿਲਾ ਖਿਡਾਰੀਆਂ ਲਈ ਵੱਡਾ ਐਲਾਨ

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਉਲੀਕੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਪੜਾਅ (ਸੀਜ਼ਨ) ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਸਮੀ ਸ਼ੁਰੂਆਤ ਹੋ ਗਈ ਹੈ। ਸਥਾਨਕ ਜੂਡੋ ਹਾਲ ਵਿਖੇ ਕਰਵਾਏ ਗਏ ਖੇਡ ਮੁਕਾਬਲਿਆਂ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ ਗਿਆ। ਇਸ ਖੇਡ ਮਹਾਕੁੰਭ ਦੇ ਸ਼ੁਰੂਆਤੀ ਮੁਕਾਬਲਿਆਂ ਦੌਰਾਨ ਵੱਖ-ਵੱਖ ਖੇਤਰਾਂ ਤੋਂ ਪਹੁੰਚੇ ਖਿਡਾਰੀਆਂ ਅੰਦਰ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ।

ਇਸ ਮੌਕੇ ਖਿਡਾਰੀਆਂ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਨਾਲ ਜੋੜਨਾ ਹੈ। ਅਜਿਹੇ ਰਾਜ ਪੱਧਰੀ ਖੇਡ ਮੰਚ ਨੌਜਵਾਨਾਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਅਤੇ ਸੂਬਾਈ ਤੇ ਕੌਮੀ ਪੱਧਰ ਤੇ ਆਪਣੀ ਪਛਾਣ ਬਣਾਉਣ ਦਾ ਵਧੀਆ ਮੌਕਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਖ਼ੁਰਾਕ, ਰਿਹਾਇਸ਼ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਲੜਕੀਆਂ ਲਈ ਬਣਾਇਆ ਜਾਵੇਗਾ ਵੱਖਰਾ ਜੂਡੋ ਹਾਲ: ਚੇਅਰਮੈਨ ਸ਼ਰਮਾ

ਸਮਾਗਮ ਦੌਰਾਨ ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਲੜਕੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਲਈ ਇੱਕ ਵੱਖਰੇ ਜੂਡੋ ਹਾਲ ਦੇ ਨਿਰਮਾਣ ਦੀ ਮੰਗ ਉਠਾਈ। ਇਸ ਮੰਗ ਤੇ ਤੁਰੰਤ ਹਾਂ-ਪੱਖੀ ਹੁੰਗਾਰਾ ਭਰਦਿਆਂ ਚੇਅਰਮੈਨ ਰਾਜੀਵ ਸ਼ਰਮਾ ਨੇ ਸਕੀਮ ਨੰਬਰ-7 ਵਿਖੇ ਸਥਿਤ ਸਪੋਰਟਸ ਕਲੱਬ ਵਿੱਚ ਲੜਕੀਆਂ ਲਈ ਵਿਸ਼ੇਸ਼ ਜੂਡੋ ਹਾਲ ਬਣਾਉਣ ਦਾ ਰਸਮੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਹਾਲ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਮਹਿਲਾ ਖਿਡਾਰਨਾਂ ਬਿਨਾਂ ਕਿਸੇ ਝਿਜਕ ਅਤੇ ਰੁਕਾਵਟ ਦੇ ਆਪਣਾ ਨਿਯਮਤ ਅਭਿਆਸ ਜਾਰੀ ਰੱਖ ਸਕਣ ਅਤੇ ਬਿਹਤਰ ਬੁਨਿਆਦੀ ਢਾਂਚੇ ਦਾ ਲਾਭ ਉਠਾ ਸਕਣ।

ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਯਤਨਾਂ ਦੀ ਸ਼ਲਾਘਾ

ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਗੁਰਦਾਸਪੁਰ ਵਿੱਚ ਖੇਡ ਗਤੀਵਿਧੀਆਂ ਨੂੰ ਪ੍ਰਫੁੱਲਿਤ ਕਰਨ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਚੇਅਰਮੈਨ ਰਾਜੀਵ ਸ਼ਰਮਾ ਵੱਲੋਂ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਖੇਡ ਮੁਕਾਬਲਿਆਂ ਦੀ ਸਮਾਪਤੀ ਮੌਕੇ ਜੂਡੋ ਐਸੋਸੀਏਸ਼ਨ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਖੇਡਾਂ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨ ਰਾਜੀਵ ਸ਼ਰਮਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

Loading...
Unable to load recommendations.
Follow Us