ਅਕਾਲੀ ਦਲ ਨੇ ਬਣਾਈ ਮੈਨੀਫੈਸਟੋ ਕਮੇਟੀ, ਬਲਵਿੰਦਰ ਸਿੰਘ ਭੂਦੜ ਬਣੇ ਚੇਅਰਮੈਨ
ਮਾਨਸਾ ਦੇ ਪਿੰਡ ਭੂੰਦੜ ਵਿੱਚ 20 ਸਤੰਬਰ 1944 ਨੂੰ ਜਨਮੇ ਬਲਵਿੰਦਰ ਸਿੰਘ ਭੂੰਦੜ ਨੂੰ ਸਿਆਸਤ ਵਿੱਚ ਵੀ ਕਾਫੀ ਤਜਰਬਾ ਹੈ। 1998 ਵਿੱਚ ਪਹਿਲੀ ਵਾਰ ਰਾਜ ਸਭਾ ਦੇ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਉਹ ਪੰਜਾਬ ਵਿੱਚ ਕਈ ਮੰਤਰੀਆਂ ਦੇ ਅਹੁਦਿਆਂ ਤੇ ਰਹੇ। ਭੂੰਦੜ ਅਕਾਲੀ ਦਲ ਦੇ ਮੁੱਖ ਰਣਨੀਤੀਕਾਰਾਂ ਵਿੱਚੋਂ ਸਮਝੇ ਜਾਂਦੇ ਹਨ।

ਸੁਖਬੀਰ ਬਾਦਲ (File Photo)
Shiromani Akali Dal: ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵਿੱਚ 15 ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ। ਇਸ ਸਬੰਧੀ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਆ ਹੈ। ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਡਾ. ਦਲਜੀਤ ਸਿੰਘ ਚੀਮਾ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ। ਇਸ ਦੇ ਨਾਲ ਹੀ ਕਮੇਟੀ ਵਿੱਚ 6 ਵਿਸ਼ੇਸ਼ ਇਨਵਾਇਟੀ ਮੈਂਬਰ ਸ਼ਾਮਲ ਕੀਤੇ ਗਏ। ਇਹ ਜਾਣਕਾਰੀ ਡਾ. ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਿੱਤੀ ਹੈ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਮੀਦਵਾਰ ਤੈਅ ਕਰਨ ਅਤੇ ਚੋਣ ਲੜਨ ਦੀ ਰਣਨੀਤੀ ਬਣਾਉਣ ਲਈ ਚੰਡੀਗੜ੍ਹ ਵਿੱਚ 2 ਦਿਨ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸਮੂਹ ਪਾਰਟੀ ਆਗੂ, ਸ਼੍ਰੋਮਣੀ ਕਮੇਟੀ ਮੈਂਬਰ, ਹਲਕਾ ਇੰਚਾਰਜ ਤੇ ਪ੍ਰਧਾਨ ਹਾਜ਼ਰ ਸਨ। ਉਮੀਦ ਹੈ ਕਿ ਅਕਾਲੀ ਦਲ ਇਸ ਹਫਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦਾ ਹੈ।