BJP ਨੇ ਸਤਕਾਰ ਕੌਰ ਨੂੰ ਪਾਰਟੀ ਚੋਂ ਕੱਢਿਆ, ਨਸ਼ੇ ਦੇ ਮਾਮਲੇ ਵਿੱਚ ਹੋਈ ਸੀ ਗ੍ਰਿਫ਼ਤਾਰੀ
BJP expels former Punjab MLA Satkar Kaur: ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਭਾਜਪਾ ਆਗੂ ਸਤਕਾਰ ਕੌਰ ਖਿਲਾਫ਼ ਪਾਰਟੀ ਨੇ ਸਖਤ ਕਾਰਵਾਈ ਕੀਤੀ ਹੈ। ਭਾਜਪਾ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਘਰ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ।

ਨਸ਼ਾ ਤਸਕਰੀ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਫ਼ਿਰੋਜ਼ਪੁਰ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਭਾਜਪਾ ਨੇ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਹੈ। ਭਾਜਪਾ ਨੇ ਇੱਕ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਜਾਣਕਾਰੀ ਦਿੱਤੀ ਹੈ। ਪੱਤਰ ਅਨੁਸਾਰ ਇਹ ਜਾਣਕਾਰੀ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਹੁਕਮਾਂ ਤੇ ਹੋਈ ਹੈ।
ਗ੍ਰਿਫਤਾਰੀ ਤੋਂ ਬਾਅਦ ਵੀਰਵਾਰ ਸਵੇਰੇ ਸਤਿਕਾਰ ਕੌਰ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਹਨਾਂ ਦਾ ਮੈਡੀਕਲ ਟੈਸਟ ਕਰਵਾਇਆ ਗਿਆ। ਇਸ ਮੌਕੇ ਸਤਿਕਾਰ ਕੌਰ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਨਸ਼ੇ ਦੇ ਮਾਮਲੇ ਵਿੱਚ ਫਸਾਇਆ ਗਿਆ ਹੈ। ਜਦੋਂ ਕਿ ਉਹਨਾਂ ਕੋਲੋਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ। ਸਤਿਕਾਰ ਕੌਰ ਨੇ ਸਾਰੇ ਮਾਮਲੇ ਨੂੰ ਸਿਆਸੀ ਰੰਜ਼ਿਸ ਕਰਾਰ ਦਿੱਤਾ।

ਸਤਕਾਰ ਕੌਰ ਤੇ ਭਾਜਪਾ ਦੀ ਕਾਰਵਾਈ
ਘਰ ਚੋਂ ਮਿਲੇ 4 ਵਾਹਨ, ਪੁਲਿਸ ਦਾ ਦਾਅਵਾ
IG ਸੁਖਚੈਨ ਸਿੰਘ ਨੇ ਦੱਸਿਆ ਕਿ ਘਰੋਂ 4 ਗੱਡੀਆਂ ਬਰਾਮਦ ਹੋਈਆਂ ਹਨ। ਇੱਕ ਫਾਰਚੂਨਰ ਕਾਰ, ਵਰਨਾ, BMW ਅਤੇ ਇੱਕ ਹੋਰ ਸਮੇਤ ਤਿੰਨ ਗੱਡੀਆਂ ਦੇ ਨੰਬਰ ਹਰਿਆਣਾ ਅਤੇ ਦਿੱਲੀ ਦੇ ਸਨ। ਪੰਜ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ, ਜੋ ਇਨ੍ਹਾਂ ਵਾਹਨਾਂ ਤੋਂ ਵੱਖਰੀਆਂ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਉਹ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ।
2022 ਚ ਫੜ੍ਹਿਆ ਸੀ ਭਾਜਪਾ ਦਾ ਪੱਲਾ
ਸਤਕਾਰ ਕੌਰ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ। ਕਰੀਬ ਦੋ ਸਾਲ ਪਹਿਲਾਂ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਹੇਠ ਸਤਕਾਰ ਕੌਰ ਦੇ ਘਰ ਛਾਪਾ ਮਾਰਿਆ ਸੀ। ਵਿਜੀਲੈਂਸ ਨੇ ਸਾਬਕਾ ਵਿਧਾਇਕ ਤੋਂ 5 ਘੰਟੇ ਤੱਕ ਪੁੱਛਗਿੱਛ ਵੀ ਕੀਤੀ ਸੀ।
ਬੀਤੇ ਕੱਲ੍ਹ ਪੁਲਿਸ ਨੇ ਹਨੀ ਟਰੈਪ ਬਣਾਕੇ ਕਾਰਵਾਈ ਕੀਤੀ ਅਤੇ ਰੰਗੇ ਹੱਥੀ ਸਤਕਾਰ ਕੌਰ ਨੂੰ ਕਾਬੂ ਕਰ ਲਿਆ। ਹਾਲਾਂਕਿ ਅਜੇ ਵੀ ਸਤਕਾਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਕੋਰਟ ਵਿੱਚ ਪੇਸ਼ ਕੀਤੇ ਜਾਣ ਤੇ ਪੁਲਿਸ ਕਿੰਨੇ ਦਿਨ ਦੇ ਰਿਮਾਂਡ ਦੀ ਮੰਗ ਕਰਦੀ ਹੈ।



