ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਨਾਂ ‘ਤੇ ਸਾਈਬਰ ਠੱਗਾਂ ਦਾ ਜਾਲ, ਜਾਅਲੀ ਵੈੱਬਸਾਈਟਾਂ ਰਾਹੀਂ ਸੰਗਤਾਂ ਨਾਲ ਹੋ ਰਹੀ ਠੱਗੀ
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਠੱਗ ਲਗਾਤਾਰ ਨਵੀਆਂ ਵੈੱਬਸਾਈਟਾਂ ਬਣਾ ਕੇ ਸੰਗਤਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ। ਉਨ੍ਹਾਂ ਮੁਤਾਬਕ ਸਰਾਏ ਗੜ੍ਹਵੀ ਨਿਵਾਸ 'ਚ ਕਮਰਿਆਂ ਦਾ ਅਸਲ ਕਿਰਾਇਆ 1000 ਤੇ 1600 ਰੁਪਏ ਹੈ, ਜਦਕਿ ਸਾਈਬਰ ਠੱਗ ਆਨਲਾਈਨ ਬੁਕਿੰਗ ਦੇ ਨਾਂ 'ਤੇ 2500 ਤੋਂ 3500 ਰੁਪਏ ਤੱਕ ਵਸੂਲ ਕਰ ਰਹੇ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਰਾਵਾਂ ‘ਚ ਕਮਰੇ ਆਨਲਾਈਨ ਬੁੱਕ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸੇ ਸਹੂਲਤ ਨੂੰ ਕੁਝ ਸਾਈਬਰ ਠੱਗਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਠੱਗਾਂ ਵੱਲੋਂ ਜਾਅਲੀ ਵੈੱਬਸਾਈਟਾਂ ਤਿਆਰ ਕਰਕੇ ਤੇ QR ਕੋਡ ਭੇਜ ਕੇ ਸ਼ਰਧਾਲੂਆਂ ਤੋਂ ਕਮਰਿਆਂ ਦੀ ਬੁਕਿੰਗ ਦੇ ਨਾਂ ‘ਤੇ ਪੈਸੇ ਵਸੂਲੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਸਾਈਬਰ ਠੱਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਿਨ੍ਹ (ਲੋਗੋ) ਵਰਤ ਕੇ ਬੁਕਿੰਗ ਦੀਆਂ ਫਰਜ਼ੀ ਰਸੀਦਾਂ ਵੀ ਤਿਆਰ ਕਰ ਰਹੇ ਹਨ, ਜਿਸ ਕਾਰਨ ਸੰਗਤਾਂ ਲਈ ਅਸਲੀ ਤੇ ਨਕਲੀ ਵੈੱਬਸਾਈਟ ਵਿਚ ਫ਼ਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਤਰੀਕੇ ਨਾਲ ਕਈ ਲੋਕਾਂ ਨਾਲ ਆਰਥਿਕ ਧੋਖਾਧੜੀ ਹੋਣ ਦੀ ਗੱਲ ਸਾਹਮਣੇ ਆਈ ਹੈ।
ਅਸਲ ਕਿਰਾਏ ਤੋਂ ਕਈ ਗੁਣਾ ਵੱਧ ਰਕਮ ਦੀ ਮੰਗ
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਠੱਗ ਲਗਾਤਾਰ ਨਵੀਆਂ ਵੈੱਬਸਾਈਟਾਂ ਬਣਾ ਕੇ ਸੰਗਤਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ। ਉਨ੍ਹਾਂ ਮੁਤਾਬਕ ਸਰਾਏ ਗੜ੍ਹਵੀ ਨਿਵਾਸ ‘ਚ ਕਮਰਿਆਂ ਦਾ ਅਸਲ ਕਿਰਾਇਆ 1000 ਤੇ 1600 ਰੁਪਏ ਹੈ, ਜਦਕਿ ਸਾਈਬਰ ਠੱਗ ਆਨਲਾਈਨ ਬੁਕਿੰਗ ਦੇ ਨਾਂ ‘ਤੇ 2500 ਤੋਂ 3500 ਰੁਪਏ ਤੱਕ ਵਸੂਲ ਰਹੇ ਹਨ।
ਠੱਗਾਂ ਵੱਲੋਂ ਐਸਜੀਪੀਸੀ ਦੇ ਚਿਨ੍ਹ ਵਾਲੀਆਂ ਜਾਅਲੀ ਰਸੀਦਾਂ ਦੇਣ ਦੇ ਨਾਲ-ਨਾਲ ਲੋਕਾਂ ਨੂੰ QR ਕੋਡ ਸਕੈਨ ਕਰਵਾ ਕੇ ਪੈਸੇ ਟਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ।
ਪਹਿਲਾਂ ਵੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਸ਼ਿਕਾਇਤ
ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪ੍ਰਬੰਧਕਾਂ ਵੱਲੋਂ 7 ਮਈ 2025 ਨੂੰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸਾਈਬਰ ਠੱਗਾਂ ਦੀਆਂ ਗਤੀਵਿਧੀਆਂ ਜਾਰੀ ਹਨ ਤੇ ਸੰਗਤਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ
ਸਿਰਫ਼ ਅਧਿਕਾਰਤ ਵੈੱਬਸਾਈਟ ਤੋਂ ਹੀ ਕਰਵਾਓ ਬੁਕਿੰਗ
ਸੰਗਤਾਂ ਨੂੰ ਸੁਚੇਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਐਸਜੀਪੀਸੀ ਦੀਆਂ ਸਰਾਵਾਂ ਚ ਕਮਰੇ ਬੁੱਕ ਕਰਨ ਲਈ ਅਧਿਕਾਰਤ ਵੈੱਬਸਾਈਟ ਸਿਰਫ਼ www.sgpcsarai.com ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਹੋਰ ਵੈੱਬਸਾਈਟ, ਲਿੰਕ ਜਾਂ QR ਕੋਡ ਰਾਹੀਂ ਬੁਕਿੰਗ ਲਈ ਪੈਸੇ ਨਾ ਭੇਜੇ ਜਾਣ। ਉਨ੍ਹਾਂ ਕਿਹਾ ਕਿ ਬੁਕਿੰਗ ਕਰਨ ਤੋਂ ਪਹਿਲਾਂ ਵੈੱਬਸਾਈਟ ਦੀ ਪੁਸ਼ਟੀ ਕਰਨੀ ਬੇਹੱਦ ਜ਼ਰੂਰੀ ਹੈ, ਤਾਂ ਜੋ ਸ਼ਰਧਾਲੂ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।


