ਰਾਘਵ ਚੱਢਾ ਨੇ ਤਿੰਨ ਟੋਲ ਪਲਾਜੇ ਬੰਦ ਕਰਨ ਦੇ ਫੈਸਲੇ ਦੀ ਸ਼ਾਇਰਾਨਾ ਅੰਦਾਜ ‘ਚ ਕੀਤੀ ਤਾਰੀਫ
ਰਾਘਵ ਚੱਢਾ ਨੇ ਸ਼ਾਇਰਾਨਾ ਅੰਦਾਜ 'ਚ ਪੰਜਾਬ ਸਰਕਾਰ ਦੇ ਟੋਲ ਪਲਾਜਾ ਬੰਦ ਕਰਵਾਉਣ ਦੇ ਫੈਸਲੇ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ - ਵੇਖੋ ਸਾਡੇ ਸੀਐੱਮ ਅੱਗੇ ਮਾਫੀਆ ਹੈ ਹਾਰਦਾ, ਸੜਕਾਂ ਤੋਂ ਟੋਲ ਵੇਖੋ ਚੱਕ-ਚੱਕ ਮਾਰਦਾ।
ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੇ ਤਿੰਨ ਟੋਲ ਪਲਾਜੇ ਬੰਦ ਕਰਵਾਉਣ ਦੇ ਫੈਸਲੇ ਦੀ ਰਾਜਸਭਾ ਮੈਂਬਰ ਰਾਘਵ ਚੱਢਾ ਨੇ ਟਵੀਵ ਕਰ ਸ਼ਾਇਰਾਨਾ ਅੰਦਾਜ ਵਿੱਚ ਤਾਰੀਫ ਕੀਤੀ ਹੈ। ਰਾਘਵ ਚੱਢਾ ਨੇ ਪੰਜਾਬ ਸਰਕਾਰ ਦੇ ਟਵੀਟ ਨੂੰ ਰਿਟੀਵੀਟ ਕਰਦਿਆਂ ਸੂਬਾ ਸਰਕਾਰ ਦੇ ਕੰਮ ਕਰਨ ਦੀ ਪ੍ਰਸ਼ੰਸਾ ਕੀਤੀ ਹੈ।
ਸ਼ਾਇਰਾਨਾ ਅੰਦਾਜ ‘ਚ ਸਰਕਾਰ ਦੀ ਤਾਰੀਫ
ਰਾਘਵ ਚੱਢਾ ਨੇ ਸ਼ੁਕੱਰਵਾਰ ਨੂੰ ਸੂਬਾ ਸਰਕਾਰ ਦੇ ਉਸ ਟਵੀਟ ਨੂੰ ਰਿਟਵੀਟ ਕੀਤਾ, ਜਿਸ ਵਿੱਚ ਤਿੰਨ ਟੋਲ ਪਲਾਜਿਆਂ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕਰਦਿਆਂ ਚੱਢਾ ਨੇ ਸ਼ਾਇਰਾਨਾ ਅੰਦਾਜ ‘ਚ ਲਿੱਖਿਆ, ਵੇਖੋ ਸਾਡੇ ਸੀਐੱਮ ਅੱਗੇ ਮਾਫੀਆ ਹੈ ਹਾਰਦਾ, ਸੜਕਾਂ ਤੋਂ ਟੋਲ ਵੇਖੋ ਚੱਕ-ਚੱਕ ਮਾਰਦਾ।
ਸਰਕਾਰ ਨੇ ਬੰਦ ਕੀਤੇ ਹਨ ਤਿੰਨ ਟੋਲ ਪਲਾਜੇ
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਚੌਰ-ਦਸੂਹਾ ਰਾਜ ਮਾਰਗ ‘ਤੇ ਸਥਿਤ ਤਿੰਨ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਟੋਲ ਕੰਪਨੀ ਨੇ ਸ਼ਹੀਦ ਭਗਤ ਸਿੰਘ ਨਗਰ, ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਦੇ ਮਜਾਰੀ ਵਿਖੇ ਟੋਲ ਪਲਾਜ਼ਾ ਚਲਾਉਣ ਲਈ ਵਿਸਥਾਰ ਦੀ ਬੇਨਤੀ ਕੀਤੀ ਸੀ ਪਰ ਸਰਕਾਰ ਨੇ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਜਾਜਤ ਦੇਣ ਤੋਂ ਇਨਕਾਰ ਕਰ ਦਿੱਤਾ।
ਟੋਲ ਕੰਪਨੀਆਂ ਅਤੇ ਪਿਛਲੀ ਸਰਕਾਰਾਂ ਵਿਚਾਲੇ ਗਠਜੋੜ ਦਾ ਦੋਸ਼
ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ‘ਤੇ ਟੋਲ ਕੰਪਨੀਆਂ ਨੂੰ ਸਾਲਾਂ ਬੱਧੀ ਜਨਤਾ ਦੀ ਲੁੱਟ ਕਰਨ ਦੀ ਇਜਾਜਤ ਦੇਣ ਦਾ ਦੋਸ਼ ਲਗਾਇਆ ਸੀ। ਮਾਨ ਨੇ ਕਿਹਾ ਸ਼ੀ ਕਿ ਕੰਪਨੀਆਂ ਨੇ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ, ਫਿਰ ਵੀ ਉਨ੍ਹਾਂ ਦੇ ਸਮਝੌਤਿਆਂ ਨੂੰ ਨਿਯਮਤ ਤੌਰ ‘ਤੇ ਨਵਿਆਇਆ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਸਵਾਰਥ ਲਈ ਲੋਕ ਹਿੱਤਾਂ ਨੂੰ ਟੋਲ ਕੰਪਨੀਆਂ ਦੇ ਹੱਥਾਂ ਵਿੱਚ ਗਿਰਵੀ ਰੱਖ ਦਿੱਤਾ, ਹੁਣ ਇਹ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ।