ਪੰਜਾਬ SIR: ਅੰਤਿਮ ਵੋਟਰ ਸੂਚੀ ‘ਚੋਂ 13.60 ਲੱਖ ਨਾਮ ਕੱਟੇ, ਕੁੱਲ ਵੋਟਰਾਂ ਦੀ ਗਿਣਤੀ 2.01 ਕਰੋੜ ਤੋਂ ਪਾਰ

Updated On: 

13 Oct 2026 09:19 AM IST

ਪੰਜਾਬ ਦੀ ਮੁੱਖ ਚੋਣ ਅਧਿਕਾਰੀ (CEO) ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ 9 ਜੂਨ 2026 ਤੱਕ ਸੂਬੇ 'ਚ ਕੁੱਲ 2,14,61,043 ਰਜਿਸਟਰਡ ਵੋਟਰ ਸਨ। ਇਨ੍ਹਾਂ 'ਚ 1,11,76,866 ਪੁਰਸ਼, 1,02,83,478 ਮਹਿਲਾ ਤੇ 699 ਤੀਜੇ ਲਿੰਗ ਦੇ ਵੋਟਰ ਸ਼ਾਮਲ ਸਨ। ਇਸ ਤੋਂ ਬਾਅਦ 25 ਜੂਨ ਨੂੰ SIR ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਿਸ ਦੇ ਮੁਕੰਮਲ ਹੋਣ ਮਗਰੋਂ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਗਈ ਹੈ।

ਪੰਜਾਬ SIR: ਅੰਤਿਮ ਵੋਟਰ ਸੂਚੀ ਚੋਂ 13.60 ਲੱਖ ਨਾਮ ਕੱਟੇ, ਕੁੱਲ ਵੋਟਰਾਂ ਦੀ ਗਿਣਤੀ 2.01 ਕਰੋੜ ਤੋਂ ਪਾਰ

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਵਿਸ਼ੇਸ਼ ਵਿਆਪਕ ਸੋਧ ਪ੍ਰਕਿਰਿਆ (SIR) ਪੂਰੀ ਹੋਣ ਤੋਂ ਬਾਅਦ ਸੋਮਵਾਰ, 12 ਅਕਤੂਬਰ ਨੂੰ ਅੰਤਿਮ ਵੋਟਰ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਪ੍ਰਕਿਰਿਆ ਦੌਰਾਨ ਸੂਬੇ ਦੀ ਵੋਟਰ ਸੂਚੀ ‘ਚੋਂ ਲਗਭਗ 13.60 ਲੱਖ ਲੋਕਾਂ ਦੇ ਨਾਮ ਦਰਜ ਨਹੀਂ ਹੋ ਸਕੇ। ਇਸ ਦੇ ਮੁੱਖ ਕਾਰਨਾਂ ‘ਚ ਵੋਟਰਾਂ ਦਾ ਸਥਾਈ ਤੌਰ ਤੇ ਹੋਰ ਥਾਵਾਂ ਤੇ ਚਲੇ ਜਾਣਾ, ਘਰ ਤੇ ਨਾ ਮਿਲਣਾ, ਮੌਤ ਹੋ ਜਾਣਾ ਜਾਂ ਇੱਕ ਤੋਂ ਵੱਧ ਥਾਵਾਂ ਤੇ ਨਾਮ ਦਰਜ ਹੋਣਾ ਸ਼ਾਮਲ ਹੈ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ (CEO) ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ 9 ਜੂਨ 2026 ਤੱਕ ਸੂਬੇ ‘ਚ ਕੁੱਲ 2,14,61,043 ਰਜਿਸਟਰਡ ਵੋਟਰ ਸਨ। ਇਨ੍ਹਾਂ ‘ਚ 1,11,76,866 ਪੁਰਸ਼, 1,02,83,478 ਮਹਿਲਾ ਤੇ 699 ਤੀਜੇ ਲਿੰਗ ਦੇ ਵੋਟਰ ਸ਼ਾਮਲ ਸਨ। ਇਸ ਤੋਂ ਬਾਅਦ 25 ਜੂਨ ਨੂੰ SIR ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਿਸ ਦੇ ਮੁਕੰਮਲ ਹੋਣ ਮਗਰੋਂ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਗਈ ਹੈ।

ਖਰੜਾ ਸੂਚੀ ਦੇ ਮੁਕਾਬਲੇ ਵਧੇ 7.05 ਲੱਖ ਤੋਂ ਵੱਧ ਵੋਟਰ

ਮੁੱਖ ਚੋਣ ਅਧਿਕਾਰੀ ਅਨੁਸਾਰ 13 ਅਗਸਤ 2026 ਨੂੰ ਜਾਰੀ ਕੀਤੀ ਗਈ ਖਰੜਾ ਵੋਟਰ ਸੂਚੀ ‘ਚ ਕੁੱਲ 1,93,94,435 ਵੋਟਰ ਦਰਜ ਸਨ, ਜਦਕਿ ਅੰਤਿਮ ਸੂਚੀ ‘ਚ ਇਹ ਗਿਣਤੀ ਵਧ ਕੇ 2,01,00,727 ਹੋ ਗਈ ਹੈ। ਇਸ ਤਰ੍ਹਾਂ ਖਰੜਾ ਸੂਚੀ ਦੇ ਮੁਕਾਬਲੇ ਵੋਟਰਾਂ ਦੀ ਗਿਣਤੀ ‘ਚ 7,97,263 ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ 3.64 ਫ਼ੀਸਦੀ ਬਣਦਾ ਹੈ।

ਅੰਤਿਮ ਵੋਟਰ ਸੂਚੀ ‘ਚ 1,03,76,026 ਪੁਰਸ਼, 97,24,195 ਮਹਿਲਾ ਤੇ 506 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਦੇ ਨਾਲ ਹੀ 1 ਅਕਤੂਬਰ 2026 ਨੂੰ ਯੋਗਤਾ ਮਿਤੀ ਮੰਨਦਿਆਂ ਸਰਵਿਸ ਵੋਟਰਾਂ ਦੀ ਅੰਤਿਮ ਸੂਚੀ ਵੀ ਜਾਰੀ ਕੀਤੀ ਗਈ ਹੈ।

35.49 ਲੱਖ ਵੋਟਰਾਂ ਨੂੰ ਜਾਰੀ ਕੀਤੇ ਗਏ ਨੋਟਿਸ

SIR ਤਹਿਤ 25 ਜੂਨ ਤੋਂ 3 ਅਗਸਤ ਤੱਕ ਘਰ-ਘਰ ਜਾ ਕੇ ਵੋਟਰਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਬੂਥ ਲੈਵਲ ਅਫ਼ਸਰਾਂ (BLOs) ਨੇ ਰਜਿਸਟਰਡ ਵੋਟਰਾਂ ਨੂੰ ਗਿਣਤੀ ਫਾਰਮ ਵੰਡੇ ਤੇ ਉਨ੍ਹਾਂ ਨੂੰ ਇਕੱਠਾ ਕੀਤਾ। ਇਸ ਤੋਂ ਬਾਅਦ 13 ਅਗਸਤ ਨੂੰ ਖਰੜਾ ਵੋਟਰ ਸੂਚੀ ਜਾਰੀ ਕੀਤੀ ਗਈ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਦੀਆਂ ਕਾਪੀਆਂ ਸੌਂਪੀਆਂ ਗਈਆਂ, ਤਾਂ ਜੋ ਦਾਅਵਿਆਂ ਤੇ ਇਤਰਾਜ਼ਾਂ ਦੀ ਪ੍ਰਕਿਰਿਆ ‘ਚ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।

ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ 13 ਅਗਸਤ ਤੋਂ 8 ਅਕਤੂਬਰ ਤੱਕ ਦਾਅਵਿਆਂ ਤੇ ਇਤਰਾਜ਼ਾਂ ਨਾਲ ਸਬੰਧਤ ਨੋਟਿਸਾਂ ਤੇ ਕਾਰਵਾਈ ਕੀਤੀ ਗਈ। ਇਸ ਦੌਰਾਨ ਕੁੱਲ 35,49,036 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ, ਜਿਨ੍ਹਾਂ ਦੇ ਰਿਕਾਰਡ ਦਾ ਮਿਲਾਨ ਨਹੀਂ ਹੋ ਸਕਿਆ ਜਾਂ ਵੇਰਵਿਆਂ ‘ਚ ਗੜਬੜੀਆਂ ਪਾਈਆਂ ਗਈਆਂ ਸਨ। ਵਿਆਪਕ ਜਾਂਚ, ਸੁਣਵਾਈ ਤੇ ਤਸਦੀਕ ਤੋਂ ਬਾਅਦ ਇਨ੍ਹਾਂ ‘ਚੋਂ 86,038 ਵੋਟਰਾਂ ਨੂੰ ਕਾਰਨ ਦਰਜ ਕਰਦੇ ਹੋਏ ਜਾਰੀ ਕੀਤੇ ਗਏ ਹੁਕਮਾਂ ਰਾਹੀਂ ਅਯੋਗ ਕਰਾਰ ਦਿੱਤਾ ਗਿਆ।

ਵੋਟਰਾਂ ਦੀ ਸਹੂਲਤ ਲਈ ਵਧਾਏ ਗਏ ਪੋਲਿੰਗ ਸਟੇਸ਼ਨ

ਵੋਟਰਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਪੋਲਿੰਗ ਸਟੇਸ਼ਨਾਂ ਦਾ ਤਰਕਸੰਗਤੀਕਰਨ ਵੀ ਕੀਤਾ ਗਿਆ ਹੈ। ਇਸ ਤਹਿਤ ਸੂਬੇ ‘ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਗਈ ਹੈ। ਚੋਣ ਵਿਭਾਗ ਵੱਲੋਂ ਨੌਜਵਾਨਾਂ ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਜਾਗਰੂਕ ਕਰਨ ਲਈ ਵੀ ਕਈ ਮੁਹਿੰਮਾਂ ਚਲਾਈਆਂ ਗਈਆਂ। ਇਨ੍ਹਾਂ ‘ਚ ਸਕੂਲਾਂ ਤੇ ਕਾਲਜਾਂ ‘ਚ ਰਜਿਸਟ੍ਰੇਸ਼ਨ ਕੈਂਪ, ਵੱਖ-ਵੱਖ ਮਾਧਿਅਮਾਂ ਰਾਹੀਂ ਜਾਗਰੂਕਤਾ ਮੁਹਿੰਮ ਅਤੇ ਬੂਥ ਪੱਧਰ ਤੇ ਵਿਸ਼ੇਸ਼ ਕੈਂਪ ਸ਼ਾਮਲ ਸਨ। ਇਹ ਵੀ ਪੜ੍ਹੋ: ਪੰਜਾਬ ਦੀ ਫ਼ਾਈਨਲ ਵੋਟਰ ਲਿਸਟ ਜਾਰੀ, ਇੰਝ ਕਰੋ ਆਪਣੇ ਹਲਕੇ ਦੀ ਸੂਚੀ ਆਨਲਾਈਨ ਡਾਊਨਲੋਡ

ਅੰਤਿਮ ਸੂਚੀ ‘ਚ ਨਾਮ ਨਾ ਹੋਣ ਤੇ ਫਾਰਮ-6 ਭਰਨ ਦੀ ਅਪੀਲ

ਮੁੱਖ ਚੋਣ ਅਧਿਕਾਰੀ ਨੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਿਮ ਵੋਟਰ ਸੂਚੀ ‘ਚ ਆਪਣਾ ਨਾਮ ਜ਼ਰੂਰ ਚੈੱਕ ਕਰਨ। ਜੇਕਰ ਕਿਸੇ ਯੋਗ ਨਾਗਰਿਕ ਦਾ ਨਾਮ ਸੂਚੀ ‘ਚ ਸ਼ਾਮਲ ਨਹੀਂ ਹੈ, ਤਾਂ ਉਹ ਨਾਮ ਦਰਜ ਕਰਵਾਉਣ ਲਈ ਫਾਰਮ-6 ਭਰ ਸਕਦਾ ਹੈ। ਇਹ ਫਾਰਮ ECINET ਮੋਬਾਈਲ ਐਪ ਰਾਹੀਂ ਆਨਲਾਈਨ ਜਾਂ ਆਪਣੇ ਇਲਾਕੇ ਦੇ ਬੂਥ ਲੈਵਲ ਅਫ਼ਸਰ (BLO) ਕੋਲ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

Loading...
Unable to load recommendations.
Follow Us