ਸ੍ਰੀ ਹਰਿਮੰਦਰ ਸਾਹਿਬ ਵਿਖੇ ਟ੍ਰੈਵਲ ਵਲੌਗਰ ਨਾਲ ਬਦਸਲੂਕੀ ਦੇ ਇਲਜ਼ਾਮ, SGPC ਨੇ ਦਿੱਤੀ ਪ੍ਰਤੀਕਿਰਿਆ
ਵਲੌਗਰ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਮੁਤਾਬਕ, ਉਸ ਦਾ ਨਾਮ ਨੋਮਡ ਕੁੰਜਨ (Nomad Kunjun) ਦੱਸਿਆ ਗਿਆ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਉਹ ਟ੍ਰੈਵਲ ਵਲੌਗਿੰਗ ਕਰਦਾ ਹੈ। ਉਸ ਨੇ 10 ਅਕਤੂਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਹਿੱਸਿਆਂ 'ਚ ਵੀਡੀਓ ਸਾਂਝੀ ਕਰਕੇ ਇਸ ਘਟਨਾ ਬਾਰੇ ਦੱਸਿਆ। ਉਸ ਦੇ ਮੁਤਾਬਕ, ਇਹ ਘਟਨਾ ਉਸੇ ਦਿਨ ਵਾਪਰੀ ਸੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਸਮੇਂ ਵਲੌਗ ਬਣਾਉਣ ਪਹੁੰਚੇ ਇੱਕ ਟ੍ਰੈਵਲ ਵਲੌਗਰ ਨੇ ਉੱਥੇ ਤਾਇਨਾਤ ਪਹਿਰੇਦਾਰਾਂ ‘ਤੇ ਬਦਸਲੂਕੀ ਕਰਨ, ਕੈਮਰਾ ਖੋਹਣ, ਹੱਥ ਮਰੋੜਨ ਤੇ ਉਸ ਦੀਆਂ ਵੀਡੀਓਜ਼ ਡਿਲੀਟ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਵਲੌਗਰ ਨੇ ਸੋਸ਼ਲ ਮੀਡੀਆ ‘ਤੇ ਰੋਂਦੇ ਹੋਏ ਆਪਣੀ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਉਸ ਨੂੰ ਇੱਕ ਕਮਰੇ ‘ਚ ਲਿਜਾ ਕੇ ਉੱਥੇ ਮੌਜੂਦ ਨਿਹੰਗ ਸਿੰਘਾਂ ਦੇ ਪੈਰ ਛੂਹਣ ਲਈ ਮਜਬੂਰ ਕੀਤਾ ਗਿਆ। ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਕਿਹਾ ਹੈ ਕਿ ਹਰਿਮੰਦਰ ਸਾਹਿਬ ਵਿਖੇ ਵੀਡੀਓਗ੍ਰਾਫੀ ਦੀ ਮਨਾਹੀ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਿਆ ਜਾਂਦਾ ਹੈ। ਹਾਲਾਂਕਿ, ਕਮੇਟੀ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਵੀ ਆਖੀ ਹੈ।
ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ
ਵਲੌਗਰ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਮੁਤਾਬਕ, ਉਸ ਦਾ ਨਾਮ ਨੋਮਡ ਕੁੰਜਨ (Nomad Kunjun) ਦੱਸਿਆ ਗਿਆ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਉਹ ਟ੍ਰੈਵਲ ਵਲੌਗਿੰਗ ਕਰਦਾ ਹੈ। ਉਸ ਨੇ 10 ਅਕਤੂਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਹਿੱਸਿਆਂ ‘ਚ ਵੀਡੀਓ ਸਾਂਝੀ ਕਰਕੇ ਇਸ ਘਟਨਾ ਬਾਰੇ ਦੱਸਿਆ। ਉਸ ਦੇ ਮੁਤਾਬਕ, ਇਹ ਘਟਨਾ ਉਸੇ ਦਿਨ ਵਾਪਰੀ ਸੀ।
ਵਲੌਗ ਬਣਾਉਣ ਸਮੇਂ ਵਾਪਰੀ ਘਟਨਾ
ਵਾਇਰਲ ਵੀਡੀਓ ‘ਚ ਵਲੌਗਰ ਨੇ ਰੋਂਦਿਆਂ ਦੱਸਿਆ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਨਾਲ ਅਜਿਹਾ ਕੁਝ ਵਾਪਰੇਗਾ। ਉਸ ਨੇ ਕਿਹਾ ਕਿ ਉਹ ਰਾਤ ਸਮੇਂ ਹਰਿਮੰਦਰ ਸਾਹਿਬ ਦੇ ਅੰਦਰ ਵਲੌਗ ਬਣਾ ਰਿਹਾ ਸੀ। ਵਲੌਗਰ ਦਾ ਇਲਜ਼ਾਮ ਹੈ ਕਿ ਇਸ ਤੋਂ ਬਾਅਦ ਉੱਥੇ ਮੌਜੂਦ ਨਿਹੰਗ ਪਹਿਰੇਦਾਰ ਆਏ ਤੇ ਉਸ ਦਾ ਕੈਮਰਾ ਖੋਹ ਲਿਆ। ਉਸ ਨੇ ਦਾਅਵਾ ਕੀਤਾ ਕਿ ਕੈਮਰੇ ‘ਚ ਮੌਜੂਦ ਵੀਡੀਓਜ਼ ਨੂੰ ਚੁਣ ਕੇ ਡਿਲੀਟ ਕੀਤਾ ਜਾਣ ਲੱਗਾ। ਇਨ੍ਹਾਂ ‘ਚ ਲੁਧਿਆਣਾ ਵਿਖੇ ਬਣਾਈਆਂ ਗਈਆਂ ਵੀਡੀਓਜ਼ ਵੀ ਸ਼ਾਮਲ ਸਨ। ਉਸ ਮੁਤਾਬਕ, ਕੈਮਰੇ ਨੂੰ ਜ਼ੋਰ-ਜ਼ੋਰ ਨਾਲ ਹਿਲਾ ਕੇ ਉਸ ਦੀਆਂ ਸੈਟਿੰਗਾਂ ਨਾਲ ਵੀ ਛੇੜਛਾੜ ਕੀਤੀ ਗਈ।
ਹੱਥ ਮਰੋੜਨ ਤੇ ਧੱਕਾਮੁੱਕੀ ਕਰਨ ਦੇ ਇਲਜ਼ਾਮ
ਵਲੌਗਰ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਆਪਣਾ ਕੈਮਰਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ ਮਰੋੜੇ ਗਏ ਤੇ ਉਸ ਨਾਲ ਧੱਕਾਮੁੱਕੀ ਕੀਤੀ ਗਈ। ਉਸ ਨੇ ਕਿਹਾ ਕਿ ਉਸ ਨੂੰ ਇੱਧਰ-ਉੱਧਰ ਖਿੱਚਿਆ ਗਿਆ ਤੇ ਇਸ ਦੌਰਾਨ ਉਹ ਰੋਣ ਲੱਗ ਪਿਆ। ਉਸ ਦੇ ਮੁਤਾਬਕ, ਬਾਅਦ’ਚ ਉਸ ਨੂੰ ਇੱਕ ਹੋਰ ਨਿਹੰਗ ਕੋਲ ਲਿਜਾਇਆ ਗਿਆ, ਜਿੱਥੇ ਕੈਮਰੇ ‘ਚ ਬਚੀਆਂ ਹੋਈਆਂ ਹੋਰ ਵੀਡੀਓਜ਼ ਵੀ ਡਿਲੀਟ ਕਰਵਾਈਆਂ ਗਈਆਂ।
ਇਹ ਵੀ ਪੜ੍ਹੋ
ਵਲੌਗਰ ਨੇ ਦਾਅਵਾ ਕੀਤਾ ਕਿ ਇਨ੍ਹਾਂ ‘ਚ ਘਟਨਾ ਨਾਲ ਸਬੰਧਤ ਵੀਡੀਓ ਵੀ ਸ਼ਾਮਲ ਸੀ। ਉਸ ਨੇ ਕਿਹਾ ਕਿ ਇਨ੍ਹਾਂ ਵੀਡੀਓਜ਼ ਨੂੰ ਬਣਾਉਣ ਲਈ ਉਸ ਨੇ ਕਾਫ਼ੀ ਮਿਹਨਤ ਤੇ ਪੈਸਾ ਖਰਚਿਆ ਸੀ ਤੇ ਹੁਣ ਉਹ ਉਨ੍ਹਾਂ ਨੂੰ ਵਾਪਸ ਹਾਸਲ ਨਹੀਂ ਕਰ ਸਕਦਾ।
ਕਮਰੇ ‘ਚ ਲਿਜਾ ਕੇ ਪੈਰੀਂ ਪਵਾਉਣ ਦਾ ਦਾਅਵਾ
ਵਲੌਗਰ ਨੇ ਆਪਣੀ ਵੀਡੀਓ ‘ਚ ਸਭ ਤੋਂ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸ ਨੂੰ ਜ਼ਬਰਦਸਤੀ ਕੈਮਰੇ ਤੋਂ ਵੱਖ ਕਰਕੇ ਹੱਥ ਫੜ ਕੇ ਇੱਕ ਕਮਰੇ ‘ਚ ਲਿਜਾਇਆ ਗਿਆ। ਉਸ ਦਾ ਦਾਅਵਾ ਹੈ ਕਿ ਉੱਥੇ ਮੌਜੂਦ ਨਿਹੰਗ ਸਿੰਘਾਂ ਨੇ ਉਸ ਨੂੰ ਆਪਣੇ ਪੈਰ ਛੂਹਣ ਲਈ ਕਿਹਾ ਤੇ ਹੇਠਾਂ ਡਿੱਗਣ ਲਈ ਮਜਬੂਰ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਸਿਰਫ਼ ਵੀਡੀਓਜ਼ ਡਿਲੀਟ ਹੋਣ ਕਾਰਨ ਦੁੱਖ ਨਹੀਂ ਹੋਇਆ, ਕਿਉਂਕਿ ਜੇਕਰ ਪਿਆਰ ਨਾਲ ਕਿਹਾ ਜਾਂਦਾ ਤਾਂ ਉਹ ਖ਼ੁਦ ਵੀਡੀਓਜ਼ ਡਿਲੀਟ ਕਰ ਦਿੰਦਾ। ਪਰ ਉਸ ਦੇ ਮੁਤਾਬਕ, ਉਸ ਨਾਲ ਕੀਤੀ ਗਈ ਬਦਸਲੂਕੀ ਕਾਰਨ ਉਹ ਭਾਵੁਕ ਹੋ ਗਿਆ ਅਤੇ ਰੋਣ ਲੱਗ ਪਿਆ।
ਵਲੌਗਰ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਸੀਸੀਟੀਵੀ ਕੈਮਰਿਆਂ ਵਾਲੇ ਕਮਰੇ ‘ਚ ਲਿਜਾ ਕੇ ਵੀਡੀਓਜ਼ ਡਿਲੀਟ ਕਰਵਾਈਆਂ ਗਈਆਂ। ਉਸ ਨੇ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸੈਲਾਨੀਆਂ ਨੂੰ ਵੀਡੀਓ ‘ਚ ਆਪਣੇ ਤਜਰਬੇ ਬਾਰੇ ਦੱਸਦਿਆਂ ਪਹਿਰੇਦਾਰਾਂ ਦੇ ਵਿਹਾਰ ‘ਤੇ ਸਵਾਲ ਚੁੱਕੇ।
SGPC ਨੇ ਕਿਹਾ- ਵੀਡੀਓਗ੍ਰਾਫੀ ਦੀ ਮਨਾਹੀ, ਮਾਮਲੇ ਦੀ ਕਰਾਂਗੇ ਜਾਂਚ
ਇਸ ਮਾਮਲੇ ‘ਤੇ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕਮੇਟੀ ਦੇ ਕਰਮਚਾਰੀ ਕਿਸੇ ਨਾਲ ਵੀ ਕੁੱਟਮਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਨੌਜਵਾਨ ਨੂੰ ਨਿਯਮਾਂ ਬਾਰੇ ਸਮਝਾਇਆ ਗਿਆ ਹੋਵੇ, ਪਰ ਇਸ ਦੇ ਬਾਵਜੂਦ SGPC ਵੱਲੋਂ ਮਾਮਲੇ ਸਬੰਧੀ ਪੁੱਛਗਿੱਛ ਜ਼ਰੂਰ ਕੀਤੀ ਜਾਵੇਗੀ। ਗਰੇਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਸਵੀਰਾਂ ਖਿੱਚਣ ਦੀ ਮਨਾਹੀ ਨਹੀਂ ਹੈ, ਪਰ ਵੀਡੀਓਗ੍ਰਾਫੀ ਦੀ ਇਜਾਜ਼ਤ ਨਹੀਂ ਹੈ। ਜੇਕਰ ਕੋਈ ਵਿਅਕਤੀ ਉੱਥੇ ਵਲੌਗਿੰਗ ਕਰਦਾ ਪਾਇਆ ਜਾਂਦਾ ਹੈ ਤਾਂ ਕਰਮਚਾਰੀ ਉਸ ਨੂੰ ਰੋਕਣਗੇ। ਵਲੌਗਰ ਵੱਲੋਂ ਲਗਾਏ ਗਏ ਇਲਜ਼ਾਮਾਂ ਅਤੇ SGPC ਦੇ ਪੱਖ ਨੂੰ ਧਿਆਨ ‘ਚ ਰੱਖਦਿਆਂ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਘਟਨਾ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।
