ਗੰਨ ਕਲਚਰ ਖਿਲਾਫ਼ ਪੰਜਾਬ ਸਰਕਾਰ ਦੀ ਸਖਤੀ ਦਾ ਦਿਖਿਆ ਅਸਰ
ਪੰਜਾਬ ਵਿੱਚ ਗੰਨ ਅਤੇ ਗੰਨ ਕਲਚਰ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਹੈ। ਪਿਛਲੀਆਂ ਸਰਕਾਰਾਂ ਵਲੋਂ ਬਗੈਰ ਕਿਸੇ ਘੋਖ ਪੜਤਾਲ ਦੇ ਅਸਲੇ ਦੇ ਲਾਈਸੈਂਸ ਦਿੱਤੇ ਹਨ। ਹੁਣ ਮੌਜੂਦਾ ਭਗਵੰਤ ਮਾਨ ਸਰਕਾਰ ਵਲੋਂ ਗੰਨ ਕਲਚਰ ਨੂੰ ਖਤਮ ਕਰਨ ਦੇ ਲਈ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਅੰਦਰ ਲੰਘੇ ਸਮਿਆਂ ਦੌਰਾਨ ਰਾਜਸੀ ਆਗੂਆਂ ਨਾਲ ਨਜ਼ਦੀਕੀਆਂ ਦੇ ਚਲਦਿਆਂ ਬਹੁਤ ਸਾਰੇ ਅਜਿਹੇ ਲੋਕਾਂ ਨੇ ਵੀ ਹਥਿਆਰਾਂ ਦੇ ਲਾਇਸੈਂਸ ਹਾਸਲ ਕੀਤੇ ਸਨ, ਜਿਨ੍ਹਾਂ ਨੂੰ ਇਨ੍ਹਾਂ ਦੀ ਕੋਈ ਲੋੜ ਵੀ ਨਹੀਂ ਸੀ ਅਤੇ ਉਹ ਲੋਕ ਸਿਰਫ ਫੌਕੀ ਸ਼ੌਹਰਤ ਅਤੇ ਦਿਖਾਵੇ ਲਈ ਇਹ ਹਥਿਆਰ ਰੱਖਦੇ ਸਨ ਪਰ ਜਿਵੇਂ ਹੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਤਾਂ ਸਰਕਾਰ ਨੇ ਗੰਨ ਕਲਚਰ ਨੂੰ ਰੋਕਣ ਲਈ ਸਖਤ ਨਿਰਦੇਸ਼ ਅੰਦਰ ਸੂਬੇ ਅੰਦਰ ਜਾਰੀ ਗੰਨ ਲਾਇਸੈਂਸਾਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਜਿਸਤੋਂ ਬਾਅਦ ਪੰਜਾਬ ਭਰ ਚ ਸੈਕੜੇ ਗੰਨ ਲਾਇਸੈਂਸ ਰੱਦ ਕੀਤੇ ਗਏ।
ਤੁਹਾਨੂੰ ਦੱਸ ਦਈਏ ਕਿ ਜਦੋਂ ਪੰਜਾਬ ਸਰਕਾਰ ਨੇ ਗੰਨ ਕਲਚਰ ਖਿਲਾਫ਼ ਇਹ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਸਿਰਫ 9 ਦਿਨਾਂ ਵਿਚ ਹੀ ਸਰਕਾਰ ਨੇ 900 ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ ਜਦਕਿ 300 ਤੋਂ ਜ਼ਿਆਦਾ ਲੋਕਾਂ ਦੇ ਹਥਿਆਰਾਂ ਦੇ ਲਾਇਸੈਂਸ ਸਸਪੈਡ ਕਰਕੇ ਉਨ੍ਹਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰਦਿਆਂ ਇਹ ਪੁੱਛਿਆ ਸੀ ਕਿ ਊਨ੍ਹਾਂ ਨੂੰ ਹਥਿਆਰਾਂ ਦੀ ਲੋੜ ਕਿਉਂ ਹੈ।


