ਸੂਬਾ ਸਰਕਾਰ ਦੀ ਸ਼ਲਾਘਾਯੋਗ ਪਹਿਲ, ਗਊਸ਼ਾਲਾਵਾਂ ਦਾ ਕੀਤਾ ਜਾਵੇਗਾ ਨਵੀਨੀਕਰਨ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਾਵਾਰਿਸ ਪਸ਼ੂਧੰਨ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ
ਸੰਗਰੂਰ। ਸੜਕਾਂ ਤੇ ਰੁਲ ਰਹੇ ਗਊਵੰਸ਼ ਦੀ ਸਹੀ ਸੰਭਾਲ ਲਈ ਸਰਕਾਰੀ ਗਊਸ਼ਾਲਾਵਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਫੈਸਲਾ ਲਿਆ ਗਿਆ ਹੈ।
ਚੇਅਰਮੈਨ ਨੇ ਕੀਤਾ ਗਊਸ਼ਾਲਾ ਦਾ ਕੀਤਾ ਦੌਰਾ
ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਪਿੰਡ ਝਨੇੜੀ ਸਥਿਤ ਸਰਕਾਰੀ ਗਊਸ਼ਾਲਾ ਦਾ ਦੌਰਾ ਕਰਨ ਇੱਥੇ ਪਹੁੰਚੇ ਹੋਏ ਸਨ। ਇਸ ਤੋਂ ਬਾਅਦ ਸਿੰਗਲਾ ਨੇ ਕਮੇਟੀ ਗੇਟ ਧੂਰੀ ਨੇੜੇ ਸਥਿਤ ਗਊਸ਼ਾਲਾ ਦਾ ਵੀ ਦੌਰਾ ਕੀਤਾ ਅਤੇ ਗਊ ਭਲਾਈ ਕੈਂਪ ਚ ਗਊਵੰਸ਼ ਦੀ ਭਲਾਈ ਲਈ 25 ਹਜ਼ਾਰ ਰੁਪਏ ਕੀਮਤ ਦੀਆਂ ਦਵਾਈਆਂ ਪ੍ਰਬੰਧਕਾਂ ਨੂੰ ਦਿੱਤੀਆਂ। ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਊਵੰਸ਼ ਦੀ ਸਾਂਭ-ਸੰਭਾਲ ਦੀ ਇੱਕ ਅਹਿਮ ਜ਼ਿੰਮੇਵਾਰੀ ਉਨਾਂ ਨੂੰ ਦਿੱਤੀ ਗਈ ਹੈ ਜਿਸ ਤਹਿਤ ਉਹ ਲਗਾਤਾਰ ਗਊਸ਼ਾਲਾਵਾਂ ਦਾ ਦੌਰਾ ਕਰ ਰਹੇ ਹਨ।
ਗਊਸ਼ਾਲਾ ਦਾ ਕਰਵਾਇਆ ਜਾ ਰਿਹਾ ਨਵੀਨੀਕਰਨ
ਸਿੰਗਲਾ ਨੇ ਦੱਸਿਆ ਕਿ ਜਲਦ ਹੀ ਝਨੇੜੀ ਸਥਿਤ ਸਰਕਾਰੀ ਗਊਸ਼ਾਲਾ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਇਸਦੀ ਸਮਰੱਥਾ ਵਧਾਉਣ ਲਈ ਨਵੇਂ ਸ਼ੈੱਡ ਦੀ ਉਸਾਰੀ ਦੇ ਨਾਲ-ਨਾਲ ਸੁੰਦਰੀਕਰਨ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਜਲਦ ਹੀ ਮੁਕੰਮਲ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਇਸਦੀ ਸਫਲਤਾ ਲਈ ਸਮੂਹ ਪਸ਼ੂਪਾਲਕ ਆਪਣੇ ਪਸ਼ੂਆਂ ਨੂੰ ਟੀਕੇ ਲਗਵਾਉਣ ਚ ਸਹਿਯੋਗ ਪਾਉਣ। ਉਨਾਂ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਗਊਸ਼ਾਲਾਵਾਂ ਚ ਲੋੜ ਪੈਣ ਤੇ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣ।
ਪਸ਼ੂਧੰਨ ਦੀ ਸੰਭਾਲ ਨੂੰ ਲੈ ਕੇ ਵਚਨਬੱਧ ਹੈ ਜ਼ਿਲ੍ਹਾ ਪ੍ਰਸ਼ਾਸਨ
ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਲਾਵਾਰਸ ਪਸ਼ੂਧੰਨ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਝਨੇੜੀ ਸਥਿਤ ਗਊਸ਼ਾਲਾ ਚ ਲੋੜੀਂਦੇ ਵਿਕਾਸ ਕੰਮਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਵਾਉਣਗੇ ਤਾਂ ਜੋ ਵੱਧ ਤੋਂ ਵੱਧ ਲਾਵਾਰਸ ਪਸ਼ੂਧੰਨ ਨੂੰ ਇੱਥੇ ਯੋਗ ਸੰਭਾਲ਼ ਪ੍ਰਬੰਧਾਂ ਹੇਠ ਰੱਖਿਆ ਜਾ ਸਕੇ।
ਕਾਬਿਲੇਗੌਰ ਹੈ ਕਿ ਸੜਕਾਂ ਤੇ ਘੁੰਮਦੇ ਇਹਨਾਂ ਅਵਾਰਾ ਪਸੂਆਂ ਕਾਰਨ ਕਈ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਜੇਕਰ ਸਰਕਾਰ ਦੇ ਉਪਰਾਲੇ ਸਫਲ ਹੁੰਦੇ ਹਨ ਤਾਂ ਜਿੱਥੇ ਗੌਵੰਸ ਸੰਭਾਲਿਆ ਜਾਵੇਗਾ ਉੱਥੇ ਸੜਕਾਂ ਤੇ ਹੋਣ ਵਾਲੀਆਂ ਦੁਰਘਟਨਾਵਾਂ ਵਿੱਚ ਭੀ ਕਮੀ ਆਵੇਗੀ।
ਇਹ ਵੀ ਪੜ੍ਹੋ
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਐਸ.ਡੀ.ਐਮ. ਭਵਾਨੀਗੜ੍ਹ ਵਿਨੀਤ ਕੁਮਾਰ, ਡਿਪਟੀ ਡਾਇਰੈਕਟਰ ਸੁਖਵਿੰਦਰ ਸਿੰਘ, ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ, ਡਾ. ਸੁਰਿੰਦਰ ਕੁਮਾਰ ਅਹੂਜਾ, ਡਾ. ਅਰਵਿੰਦ ਧੂਰੀ, ਡਾ. ਟੀ.ਪੀ. ਸਿੰਘ, ਡਾ. ਨਵਰੀਤ, ਵੈਟਰਨਰੀ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।