ਬਰਨਾਲਾ ‘ਚ ‘ਸਾਡੇ ਬਜ਼ੁਰਗ, ਸਾਡਾ ਮਾਣ’ ਸਮਾਗਮ, ਸਿਹਤ ਜਾਂਚ ਨਾਲ ਸਾਈਬਰ ਠੱਗੀ ਤੇ ਕਾਨੂੰਨੀ ਹੱਕਾਂ ਬਾਰੇ ਕੀਤਾ ਜਾਗਰੂਕ
ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨਾਂ ਦੇ ਮਾਣ-ਸਤਿਕਾਰ ਨੂੰ ਬਹਾਲ ਰੱਖਣ ਅਤੇ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣ ਦੇ ਉਦੇਸ਼ ਨਾਲ ਬਰਨਾਲਾ ਦੇ ਦੇਸ਼ ਭਗਤ ਯਾਦਗਾਰੀ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਸਾਡੇ ਬਜ਼ੁਰਗ, ਸਾਡਾ ਮਾਣ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨਾਂ ਦੇ ਮਾਣ-ਸਤਿਕਾਰ ਨੂੰ ਬਹਾਲ ਰੱਖਣ ਅਤੇ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣ ਦੇ ਉਦੇਸ਼ ਨਾਲ ਬਰਨਾਲਾ ਦੇ ਦੇਸ਼ ਭਗਤ ਯਾਦਗਾਰੀ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਸਾਡੇ ਬਜ਼ੁਰਗ, ਸਾਡਾ ਮਾਣ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਦੌਰਾਨ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਨਗਰ ਕੌਂਸਲ ਦੇ ਪ੍ਰਧਾਨ ਹਸਨਪ੍ਰੀਤ ਭਾਰਦਵਾਜ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਜਾਗਰੂਕਤਾ ਕੈਂਪ ਵਿੱਚ ਇਲਾਕੇ ਦੇ ਬਜ਼ੁਰਗਾਂ ਨੇ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ, ਜਦਕਿ ਉਨ੍ਹਾਂ ਦੇ ਨਾਲ ਪਰਿਵਾਰਾਂ ਦੇ ਨੌਜਵਾਨ ਅਤੇ ਬੱਚੇ ਵੀ ਸ਼ਾਮਲ ਹੋਏ, ਜਿਸ ਨਾਲ ਪੀੜ੍ਹੀਆਂ ਵਿਚਕਾਰ ਸਾਂਝ ਦਾ ਸੁਨੇਹਾ ਦੇਖਣ ਨੂੰ ਮਿਲਿਆ।
ਸਿਹਤ ਜਾਂਚ, ਡਿਜੀਟਲ ਸੁਰੱਖਿਆ ਬਾਰੇ ਦਿੱਤੀ ਜਾਣਕਾਰੀ
ਸਮਾਗਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਜ਼ਰੂਰੀ ਸਲਾਹ-ਮਸ਼ਵਰੇ ਦਿੱਤੇ ਗਏ। ਇਸ ਤੋਂ ਇਲਾਵਾ, ਅੱਜ ਦੇ ਡਿਜੀਟਲ ਦੌਰ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਨਲਾਈਨ ਠੱਗਾਂ ਤੋਂ ਸੁਚੇਤ ਕਰਨ ਲਈ ਓ.ਟੀ.ਪੀ. ਫਰਾਡ, ਸਾਈਬਰ ਧੋਖਾਧੜੀ ਅਤੇ ਜਾਇਦਾਦ ਨਾਲ ਜੁੜੇ ਕਾਨੂੰਨੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸੂਬੇ ਦੇ ਬਜ਼ੁਰਗ ਨਾਗਰਿਕਾਂ ਨੂੰ ਇੱਕ ਸੁਰੱਖਿਅਤ, ਸਿਹਤਮੰਦ ਅਤੇ ਸਵੈ-ਮਾਣ ਵਾਲਾ ਜੀਵਨ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਸਮਾਜ ਵਿੱਚ ਕਿਸੇ ਵੀ ਪੱਧਰ ‘ਤੇ ਅਣਗੌਲਿਆ ਮਹਿਸੂਸ ਨਾ ਹੋਵੇ।
ਬਜ਼ੁਰਗ ਪਰਿਵਾਰ ਦੀ ਸ਼ਾਨ ਅਤੇ ਸਮਾਜ ਦੀ ਨੀਂਹ: ਸਾਂਸਦ ਮੀਤ ਹੇਅਰ
ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬਜ਼ੁਰਗ ਕਿਸੇ ਵੀ ਘਰ-ਪਰਿਵਾਰ ਦੀ ਅਸਲ ਸ਼ਾਨ ਅਤੇ ਪਛਾਣ ਹੁੰਦੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਨੌਜਵਾਨ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦਾ ਪੂਰਾ ਆਦਰ-ਸਤਿਕਾਰ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਪਰਿਵਾਰ ਵਿੱਚ ਬਜ਼ੁਰਗ ਖ਼ੁਸ਼ ਅਤੇ ਸੰਤੁਸ਼ਟ ਰਹਿੰਦੇ ਹਨ, ਉਸ ਘਰ ਵਿੱਚ ਹਮੇਸ਼ਾ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਜਾਗਰੂਕਤਾ ਕੈਂਪ ਹਰ ਜ਼ਿਲ੍ਹੇ ਵਿੱਚ ਪੜਾਅਵਾਰ ਢੰਗ ਨਾਲ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਕੇ ਬਜ਼ੁਰਗਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਸੀਨੀਅਰ ਸਿਟੀਜ਼ਨਾਂ ਨੇ ਕੀਤਾ ਸਰਕਾਰ ਦਾ ਧੰਨਵਾਦ
ਕੈਂਪ ਵਿੱਚ ਪਹੁੰਚੇ ਸੀਨੀਅਰ ਸਿਟੀਜ਼ਨਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਅਜਿਹੇ ਸਮਾਗਮਾਂ ਰਾਹੀਂ ਨਵੀਂ ਪੀੜ੍ਹੀ ਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇੱਕੋ ਮੰਚ ‘ਤੇ ਇਕੱਠੇ ਲਿਆਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਪਰਿਵਾਰਕ ਸਾਂਝ ਮਜ਼ਬੂਤ ਹੁੰਦੀ ਹੈ। ਸਮਾਗਮ ਦੇ ਅੰਤ ਵਿੱਚ ਸਮੁੱਚੇ ਸਮਾਜ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ, ਕਿਉਂਕਿ ਬਜ਼ੁਰਗ ਸਮਾਜ ਦੀ ਮਜ਼ਬੂਤ ਨੀਂਹ ਹੁੰਦੇ ਹਨ ਅਤੇ ਉਨ੍ਹਾਂ ਦਾ ਆਦਰ ਕਰਨਾ ਹੀ ਇੱਕ ਸੱਭਿਅਕ ਸਮਾਜ ਦੀ ਸੱਚੀ ਪਛਾਣ ਹੈ।


