Punjab Flood: ਆਪਣੀ ਜਾਨ ‘ਤੇ ਖੇਡ ਕੇ ਬਚਾਈਆਂ ਕਈ ਜਾਨਾਂ, ਹੜ੍ਹ ਦੇ ਕਹਿਰ ਦੌਰਾਨ ਇਨਸਾਨੀਅਤ ਦੀਆਂ ਤਸਵੀਰਾਂ ਨੇ ਕੀਤਾ ਭਾਵੁਕ

Updated On: 

13 Jul 2023 15:25 PM

Humanity Pictures: ਪੰਜਾਬ ਵਿੱਚ ਹੜ੍ਹ ਨਾਲ ਖਰਾਬ ਹੋਏ ਹਾਲਾਤਾਂ ਦੌਰਾਨ ਕੁਝ ਰਾਹਤ ਦੇਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਨ੍ਹਾਂ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇਨਸਾਨੀਅਤ ਹਾਲੇ ਜ਼ਿੰਦਾ ਹੈ। ਜਲੰਧਰ ਤੋਂ ਦਵਿੰਦਰ ਕੁਮਾਰ, ਅੰਮ੍ਰਿਤਸਰ ਤੋਂ ਲਲਿਤ ਕੁਮਾਰ ਅਤੇ ਲੁਧਿਆਣਾ ਤੋਂ ਰਾਜਿੰਦਰ ਕੁਮਾਰ ਦੀ ਰਿਪੋਰਟ....

Punjab Flood: ਆਪਣੀ ਜਾਨ ਤੇ ਖੇਡ ਕੇ ਬਚਾਈਆਂ ਕਈ ਜਾਨਾਂ, ਹੜ੍ਹ ਦੇ ਕਹਿਰ ਦੌਰਾਨ ਇਨਸਾਨੀਅਤ ਦੀਆਂ ਤਸਵੀਰਾਂ ਨੇ ਕੀਤਾ ਭਾਵੁਕ
Follow Us On

ਪੰਜਾਬ ਵਿੱਚ ਹੜ੍ਹਾਂ ਦੀ ਮਾਰ (Flood) ਹੇਠ ਆਏ ਲੱਖਾਂ ਲੋਕ ਇਸ ਵੇਲੇ ਭਾਰੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਕਿਸੇ ਦੀ ਜਾਨ ਮੁਸ਼ਕਿਲ ਵਿੱਚ ਹੈ, ਕਿਸੇ ਦਾ ਕੀਮਤੀ ਸਮਾਨ ਵਹਿ ਗਿਆ ਹੈ ਤਾਂ ਕਿਸੇ ਦੇ ਮਵੇਸ਼ੀ ਪਾਣੀ ਦੀ ਭੇਟ ਚੜ੍ਹ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਤਾਇਨਾਤ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਰੈਸਕਿਊ ਵਿੱਚ ਲੱਗੀਆਂ ਹੋਈਆਂ ਹਨ ਨਾਲ ਹੀ ਕੈਬਿਨੇਟ ਮੰਤਰੀ, ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।

ਬਚਾਅ ਕਾਰਜਾਂ ਦੌਰਾਨ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਦੁਨੀਆ ਵਿੱਚ ਇਨਸਾਨੀਅਤ ਹਾਲੇ ਵੀ ਜ਼ਿੰਦਾ ਹੈ। ਕੁਝ ਮੰਤਰੀਆਂ ਅਤੇ ਅਧਿਕਾਰੀਆਂ ਨੇ ਫਰਿਸ਼ਤਾ ਬਣ ਕੇ ਇਸ ਮੁਸ਼ਕਿਲ ਘੜੀ ਵਿੱਚ ਨਾ ਸਿਰਫ ਕਈ ਲੋਕਾਂ ਦੀ ਜਾਨ ਬਚਾਈ ਹੈ, ਸਗੋਂ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਂ ਕੇ ਉਨ੍ਹਾਂ ਦੇ ਖਾਣ-ਪੀਣ ਦਾ ਵੀ ਇੰਤਜ਼ਾਮ ਕੀਤਾ ਹੈ।

ਫਤਿਹਗੜ੍ਹ ਸਾਹਿਬ ਦੇ ਐਸਡੀਐਮ ਨੇ ਬਚਾਈ ਨੌਜਵਾਨ ਦੀ ਜਾਨ

ਸ੍ਰੀ ਫਤਿਹਗੜ੍ਹ ਸਾਹਿਬ (Sri Fatehgarh Sahib) ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ‘ਚ ਹੜ੍ਹ ਦਾ ਪਾਣੀ ਪਹੁੰਚਿਆਂ ਤਾਂ ਉਸ ‘ਚ ਇਕ ਨੌਜਵਾਨ ਫਸ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਵਿਚ ਖੜ੍ਹਨਾ ਵੀ ਮੁਸ਼ਕਲ ਸੀ। ਨੌਜਵਾਨ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਪਰ ਉਹ ਵਾਰ-ਵਾਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਹਾਲਾਤ ਦਾ ਜਾਇਜ਼ਾ ਲੈਣ ਗ੍ਰਾਉਂਡ ਜ਼ੀਰੋ ਤੇ ਪਹੁੰਚੇ ਐਸਡੀਐਮ ਡਾਕਟਰ ਸੰਜੀਵ ਕੁਮਾਰ (SDM Dr. Sanjeev Kumar) ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਛਾਲ ਮਾਰ ਕੇ ਨੌਜਵਾਨ ਨੂੰ ਬਾਹਰ ਕੱਢ ਲਿਆ। ਐਸਡੀਐਮ ਦੇ ਇਸ ਬਹਾਦਰੀ ਭਰੇ ਕੰਮ ਵਿੱਚ ਏਐਸਆਈ ਕੁਲਦੀਪ ਸਿੰਘ, ਏਐਸਆਈ ਹਰਨਾਮ ਸਿੰਘ ਅਤੇ ਗੰਨਮੈਨ ਕਮਲਦੀਪ ਸਿੰਘ ਨੇ ਸਹਿਯੋਗ ਦਿੱਤਾ।

ਐੱਸਡੀਐੱਮ (SDM) ਵੱਲੋਂ ਕੀਤੇ ਗਏ ਇਸ ਮਹਾਨ ਕੰਮ ਦੀ ਲੋਕਾਂ ਨੇ ਖੂਬ ਪ੍ਰੰਸ਼ਸਾ ਕਰ ਰਹੇ ਹਨ। ਜਿਸ ਨੌਜਵਾਨ ਨੂੰ ਐੱਸਡੀਐੱਮ ਨੇ ਬਚਾਇਆ, ਉਸਦਾ ਪਰਿਵਾਰ ਤਾਂ ਉਨ੍ਹਾਂ ਨੂੰ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸਮਝ ਰਿਹਾ ਹੈ, ਜਦਿਕ ਐਸਡੀਐਮ ਕਹਿ ਰਹੇ ਹਨ ਉਨ੍ਹਾਂ ਨੇ ਕੋਈ ਮਹਾਨ ਕੰਮ ਨਹੀਂ ਕੀਤਾ ਹੈ, ਸਗੋਂ ਆਪਣੀ ਡਿਊਟੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਵੀ ਇਹੀ ਸਾਰ ਹੈ ਮੁਸ਼ਕਲ ਘੜੀ ਵਿੱਚ ਦੂਜਿਆਂ ਦੀ ਮਦਦ ਕਰੋ ਅਤੇ ਉਨ੍ਹਾਂ ਨੇ ਵੀ ਇਨਸਾਨੀਅਤ ਦੇ ਨਾਤੇ ਹੀ ਇਹ ਕੰਮ ਕੀਤਾ ਹੈ।

ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮਾਂ ਨੇ 200 ਲੋਕਾਂ ਨੂੰ ਕੱਢਿਆ

ਮੋਹਾਲੀ ‘ਚ ਤਾਇਨਾਤ ਇੱਕ ਔਰਤ ਸਮੇਤ ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮਾਂ ਨੇ 200 ਲੋਕਾਂ ਨੂੰ ਬਚਾਇਆ। ਐਸਆਈ ਅਭਿਸ਼ੇਕ ਸ਼ਰਮਾ, ਕਾਂਸਟੇਬਲ ਰਿੰਕੂ ਕੁਮਾਰ ਅਤੇ ਕਾਂਸਟੇਬਲ ਪਿੰਕੀ ਰਾਣੀ ਨੇ ਵਾਲਮੀਕੀ ਕਲੋਨੀ, ਮੋਹਾਲੀ ਤੋਂ 200 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਇਹ ਇਲਾਕਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਸੀ। ਇਨ੍ਹਾਂ ਲੋਕਾਂ ਵਿੱਚ 71 ਸਾਲਾ ਅਮਰੀਕ ਸਿੰਘ ਅਤੇ 8 ਸਾਲ ਦਾ ਬੱਚਾ ਨਿਤਿਨ ਵੀ ਸ਼ਾਮਲ ਸਨ।

ਦਰੱਖਤ ਨਾਲ ਲਟਕਦੇ ਲੋਕਾਂ ਨੂੰ NDRF ਨੇ ਬਚਾਇਆ

ਪੰਜਾਬ ਵਿੱਚ ਮਾੜੇ ਹਾਲਾਤ ਦੇ ਮੱਦੇਨਜ਼ਰ NDRF ਦੀਆਂ ਟੀਮਾਂ ਨੇ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰੱਖਿਆ ਹੋਇਆ ਹੈ। ਇਸ ਦੌਰਾਨ ਟੀਮ ਨੇ ਪਟਿਆਲਾ ਵਿੱਚ ਦੋ ਜਾਨਾਂ ਬਚਾਈਆਂ। ਰਾਤ ਦੀ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਬਚਾਇਆ ਗਿਆ। ਇਹ ਦੋਵੇਂ ਵਿਅਕਤੀ ਮਲਕਾਨ ਰੁੜਕੀ ਅਤੇ ਰੋਹੜ ਜਗੀਰ (ਦੁਧਨ ਸਾਧ) ਦੇ ਵਸਨੀਕ ਹਨ। ਦੋਵੇਂ ਡੂੰਘੇ ਪਾਣੀ ਵਿੱਚ ਫਸ ਗਏ ਸਨ।

ਉਨ੍ਹਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਇੱਕ ਦਰੱਖਤ ਨੂੰ ਸਹਾਰਾ ਬਣਾਇਆ ਅਤੇ ਇਸਨੂੰ ਫੜ ਕੇ ਤੇਜ਼ ਵਗਦੇ ਪਾਣੀ ਵਿੱਚ ਕਈ ਘੰਟਿਆਂ ਤੱਕ ਖੜ੍ਹੇ ਰਹੇ। ਰਾਤ ਨੂੰ ਗਸ਼ਤ ਕਰ ਰਹੀਆਂ ਐਨਡੀਆਰਐਫ ਦੀਆਂ ਟੀਮਾਂ ਨੂੰ ਦੇਖ ਕੇ ਉਨ੍ਹਾਂ ਨੇ ਆਪਣੇ ਮੋਬਾਈਲ ਦੀ ਲਾਈਟ ਨਾਲ ਇਸ਼ਾਰਾ ਕੀਤਾ ਜਿਸਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਬਚਾ ਕੇ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ।

ਸ਼ਮਸ਼ਾਨ ਘਾਟ ‘ਚ ਭਰਿਆ ਪਾਣੀ, ਸੜਕ ‘ਤੇ ਕੀਤਾ ਅੰਤਿਮ ਸਸਕਾਰ

ਜਲੰਧਰ (Jalandhar) ਵਿੱਚ ਪੈਂਦੇ ਕਸਬਾ ਲੋਹੀਆਂ ਦੇ ਪਿੰਡ ਗਿੱਦੜਪਿੰਡੀ ‘ਚ ਰਹਿਣ ਵਾਲੇ ਪਰਿਵਾਰ ‘ਤੇ ਹੜ੍ਹ ਕਹਿਰ ਬਣ ਕੇ ਟੁੱਟਿਆ ਹੈ। ਹੜ੍ਹ ਕਾਰਨ ਪਰਿਵਾਰ ਦੇ ਬਜ਼ੁਰਗ 85 ਸਾਲਾ ਸੋਹਣ ਸਿੰਘ ਬੀਮਾਰ ਹੋ ਗਏ। ਉਸਨੂੰ ਇਲਾਜ ਦੀ ਕੋਈ ਸੁਵਿਧਾ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਵੀ ਪਰਿਵਾਰ ਨੂੰ ਅੰਤਿਮ ਸਸਕਾਰ (Funeral) ਕਰਨ ਲਈ ਪਰੇਸ਼ਾਨ ਹੋਣਾ ਪਿਆ, ਕਿਉਂਕਿ ਸ਼ਮਸ਼ਾਨਘਾਟ ਵਿੱਚ ਗੋਡੇ-ਗੋਡੇ ਪਾਣੀ ਭਰਿਆ ਸੀ। ਜਿਸ ਕਾਰਨ ਮ੍ਰਿਤਕ ਸੋਹਣ ਸਿੰਘ ਦੇ ਪਰਿਵਾਰ ਨੂੰ ਮਜਬੂਰੀ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਸੜਕ ਕਿਨਾਰੇ ਹੀ ਕਰਨਾ ਪਿਆ।

ਸੋਹਨ ਸਿੰਘ ਦੇ ਦੋਤਰੇ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੀ ਹੜ੍ਹ ਦੇ ਪਾਣੀ ਕਾਰਨ ਬੀਮਾਰ ਹੋ ਗਏ ਸਨ। ਪੁਰੇ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਸੀ। ਬਾਹਰਲੇ ਇਲਾਕੇ ਨਾਲ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਹੜ੍ਹ ਆਉਣ ਕਾਰਨ ਨਾ ਤਾਂ ਉਨ੍ਹਾਂ ਨੂੰ ਕੋਈ ਐਂਬੂਲੈਂਸ ਮਿਲ ਸਕੀ ਅਤੇ ਨਾ ਹੀ ਉਹ ਉਨ੍ਹਾਂ ਨੂੰ ਕਿਸੇ ਡਾਕਟਰ ਕੋਲ ਜਾਂ ਹਸਪਤਾਲ ਪਹੁੰਚਾ ਸਕੇ। ਇਲਾਜ ਨਾ ਮਿਲਣ ਕਰਕੇ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਸ਼ਕਲ ਇੱਥੇ ਹੀ ਖਤਮ ਨਹੀਂ ਹੋਈ। ਜਦੋਂ ਪਰਿਵਾਰ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਲਈ ਸ਼ਮਸ਼ਾਨ ਘਾਟ ਪਹੁੰਚਿਆਂ ਤਾਂ ਉਥੇ ਵੀ ਪਾਣੀ ਭਰਿਆ ਹੋਇਆ ਸੀ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਪਿੰਡ ਦੇ ਬਾਹਰੋਂ ਲੰਘਦੀ ਸੜਕ ਦੇ ਕਿਨਾਰੇ ਤੇ ਹੀ ਸੋਹਣ ਸਿੰਘ ਦਾ ਅੰਤਿਮ ਸੰਸਕਾਰ ਕਰਨਾ ਪਿਆ।

ਮੰਤਰੀ ਨੇ 6 ਪਰਿਵਾਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ

ਪਿਛਲੇ ਤਿੰਨ ਦਿਨਾਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ (LalJitt Singh Bhullar) ਨੇ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਗਦਾਈਕੇ ਦੇ ਗੁਰਦੁਆਰਾ ਸਾਹਿਬ ‘ਚ ਪਾਣੀ ਦਾਖਲ ਹੋਣ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ‘ਤੇ ਚੁੱਕ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਇਸ ਤੋਂ ਇਲਾਵਾ ਪਾਣੀ ਵਿੱਚ ਫਸੇ ਛੇ ਪਰਿਵਾਰਾਂ ਨੂੰ ਬਚਾਉਣ ਲਈ ਭੁੱਲਰ ਕਿਸ਼ਤੀ ਵਿੱਚ ਪਹੁੰਚੇ ਅਤੇ ਪਿੰਡ ਘਦੂਮ ਅਤੇ ਬਸਤੀ ਲਾਲ ਸਿੰਘ ਤੋਂ ਇਨ੍ਹਾਂ ਪਰਿਵਾਰਾਂ ਨੂੰ ਬਚਾਇਆ। ਲਾਲਜੀਤ ਸਿੰਘ ਭੁੱਲਰ ਸਤਲੁਜ ਦਰਿਆ ਦੇ ਹੇਠਲੇ ਹਿੱਸੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਲਗਾਤਾਰ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

ਗਰਭਵਤੀ ਔਰਤ ਲਈ ਫਰਿਸ਼ਤਾ ਬਣੀ ਐਸਜੀਪੀਸੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ (ਐੱਸ.ਜੀ.ਪੀ.ਸੀ.) ਦੀਆਂ ਟੀਮਾਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਜੁਟੀਆਂ ਹੋਈਆਂ ਹਨ। ਮਾਛੀਵਾੜਾ ਇਲਾਕੇ ਵਿੱਚ ਕਮੇਟੀ ਦੀ ਟੀਮ ਨੂੰ ਇੱਕ ਪ੍ਰਵਾਸੀ ਗਰਭਵਤੀ ਔਰਤ ਨੂੰ ਲੇਬਰ ਪੇਨ ਹੋਣ ਦਾ ਪਤਾ ਲੱਗਿਆ ਤਾਂ ਉਹ ਨੇ ਤੁਰੰਤ ਕਿਸ਼ਤੀ ਰਾਹੀਂ ਡਾਕਟਰ ਨੂੰ ਲੈ ਕੇ ਮੌਕੇ ਤੇ ਪਹੁੰਚੇ ਅਤੇ ਪਾਣੀ ਵਿੱਚ ਇੱਕ ਛੋਟੀ ਜਿਹੀ ਸੁਰੱਖਿਅਤ ਜਗ੍ਹਾ ‘ਤੇ ਬੱਚੀ ਦੀ ਡਿਲੀਵਰੀ ਕਰਵਾਈ ਗਈ। ਬੱਚੀ ਅਤੇ ਮਾਂ ਦੋਵੇਂ ਹੁਣ ਸੁਰੱਖਿਅਤ ਹਨ।

ਐਸਜੀਪੀਸੀ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਵਿੱਚ ਲੱਗੀ ਹੋਈ ਹੈ। ਪਾਣੀ ਵਿੱਚ ਫਸੇ ਲੋਕਾਂ ਤੱਕ ਖਾਣਾ, ਪਾਣੀ ਅਤੇ ਹੋਰ ਜਰੂਰੀ ਵਸਤੂਆਂ ਲਗਾਤਾਰ ਪਹੁੰਚਾ ਰਹੀ ਹੈ। ਐਸਜੀਪੀਸੀ ਦੀਆਂ ਟੀਮਾਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਰਹੇ ਹਨ। ਜਿਸਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇਨਸਾਨੀਅਤ ਹਾਲੇ ਜਿੰਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories