ਕਾਂਗਰਸ-AAP ਗਠਜੋੜ ‘ਤੇ ਲੱਗ ਸਕਦੀ ਹੈ ਮੋਹਰ, ਭਲਕੇ ਹੋਵੇਗੀ ਅਹਿਮ ਮੀਟਿੰਗ

tv9-punjabi
Updated On: 

03 Jan 2024 12:32 PM

ਪੰਜਾਬ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ 'ਤੇ ਜਲਦ ਹੀ ਫੈਸਲਾ ਹੋ ਸਕਦਾ ਹੈ। ਹਾਈਕਮਾਂਡ ਨੇ 4 ਜਨਵਰੀ ਨੂੰ ਪੰਜਾਬ ਕਾਂਗਰਸ ਦੇ ਆਗੂਆਂ ਦੀ ਅਹਿਮ ਮੀਟਿੰਗ ਸੱਦੀ ਹੈ। ਦੱਸ ਦਈਏ ਕਿ ਸਭ ਤੋਂ ਪਹਿਲਾਂ ਸਥਾਨਕ ਆਗੂਆਂ ਦੀ ਰਾਏ ਲਈ ਜਾਵੇਗੀ। ਇਸ ਤੋਂ ਬਾਅਦ ਹਾਈਕਮਾਂਡ ਫੈਸਲਾ ਲਵੇਗੀ। ਹਾਲਾਂਕਿ ਪੰਜਾਬ ਕਾਂਗਰਸ ਦੇ ਕਈ ਆਗੂ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਦੇ ਖਿਲਾਫ ਹਨ।

ਕਾਂਗਰਸ-AAP ਗਠਜੋੜ ਤੇ ਲੱਗ ਸਕਦੀ ਹੈ ਮੋਹਰ, ਭਲਕੇ ਹੋਵੇਗੀ ਅਹਿਮ ਮੀਟਿੰਗ

ਪੰਜਾਬ ਕਾਂਗਰਸ (ਫਾਇਲ ਫੋਟੋ)

Follow Us On

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਨੂੰ ਲੈ ਕੇ ਬੀਤੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ ਅਤੇ ਹੁਣ ਇਹ ਖਿੱਚੋਤਾਣ ਜਲਦ ਹੀ ਖਤਮ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇਕੱਠੇ ਆਉਣ ਦੀ ਪੁਸ਼ਟੀ 4 ਜਨਵਰੀ ਨੂੰ ਦਿੱਲੀ ‘ਚ ਹੋ ਰਹੀ INDIA ਗਠਜੋੜ ਦੀ ਮੀਟਿੰਗ ‘ਚ ਹੋ ਸਕਦੀ ਹੈ ਪਰ ਇਸ ਤੋਂ ਪਹਿਲਾਂ 4 ਜਨਵਰੀ ਨੂੰ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਵੀ ਬੁਲਾਈ ਹੈ, ਜਿਸ ‘ਚ ਸਾਰੇ ਸੀਨੀਅਰ ਆਗੂ ਹਾਜ਼ਰ ਹੋਣਗੇ ਅਤੇ ਉਨ੍ਹਾਂ ਦੇ ਵਿਚਾਰ ਜਾਣੇ ਜਾਣਗੇ।

ਹਾਈਕਮਾਂਡ ਵੱਲੋਂ ਅੰਤਿਮ ਫੈਸਲਾ ਕੀਤਾ ਜਾਵੇਗਾ

ਪਾਰਟੀ ਸੂਤਰਾਂ ਅਨੁਸਾਰ ਪੰਜਾਬ ਦੇ ਬਹੁਤੇ ਕਾਂਗਰਸੀ ਆਗੂਆਂ ਦੇ ਵਿਰੋਧ ਦੇ ਬਾਵਜੂਦ ਸੂਬੇ ਦੇ ਆਗੂਆਂ ਨੇ ਵੀ ਹਾਈਕਮਾਂਡ ਨੂੰ ਅੰਦਰੋ-ਅੰਦਰੀ ਜਾਣਕਾਰੀ ਦੇ ਦਿੱਤੀ ਹੈ ਕਿ ਸੀਟ ਦੇ ਆਧਾਰ ‘ਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਨਾਲ ਸਾਂਝ ਕਰਨਾ ਲੋਕ ਸਭਾ ਚੋਣਾਂ ਲੜਨਾ ਲਾਹੇਵੰਦ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਵੀ ਕਰੀਬ ਮਹੀਨਾ ਪਹਿਲਾਂ ਚੰਡੀਗੜ੍ਹ ਵਿਖੇ ਇਸੇ ਮੁੱਦੇ ‘ਤੇ ਹੋਈ ਮੀਟਿੰਗ ਤੋਂ ਬਾਅਦ ਸਪੱਸ਼ਟ ਕੀਤਾ ਸੀ ਕਿ ਇਸ ਸਬੰਧੀ ਅੰਤਿਮ ਫੈਸਲਾ ਹਾਈਕਮਾਂਡ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਕਾਂਗਰਸੀ ਆਗੂਆਂ ਦੇ ਵਿਰੋਧ ਨੂੰ ਰੱਦ ਕਰ ਦਿੱਤਾ ਸੀ। ਇਹ ਵੀ ਕਿਹਾ ਗਿਆ ਕਿ ਹਾਈਕਮਾਂਡ ਆਮ ਆਦਮੀ ਪਾਰਟੀ ਨੂੰ ਸੂਬੇ ਵਿੱਚ ਸੀਟਾਂ ਦੀ ਵੰਡ ਦੇ ਆਧਾਰ ‘ਤੇ ਨਾਲ ਲੈ ਕੇ ਚੱਲੇਗੀ।

4 ਜਨਵਰੀ ਨੂੰ ਗਠਜੋੜ ‘ਚ ਕੌਮੀ ਪੱਧਰ ‘ਤੇ ਬੈਠਕ

ਪਿਛਲੇ ਹਫ਼ਤੇ ਵੀ ਪੰਜਾਬ ਕਾਂਗਰਸ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਦਾ ਵਿਰੋਧ ਕਰਨ ਲਈ ਹਾਈਕਮਾਂਡ ਕੋਲ ਪਹੁੰਚ ਕੀਤੀ ਸੀ ਪਰ ਹਾਈਕਮਾਂਡ ਨੇ ਉਨ੍ਹਾਂ ਨਾਲ ਇਸ ਮੁੱਦੇ ਤੇ ਗੱਲਬਾਤ ਨਹੀਂ ਕੀਤੀ। ਹੁਣ 4 ਜਨਵਰੀ ਨੂੰ ਗਠਜੋੜ ‘ਚ ਕੌਮੀ ਪੱਧਰ ‘ਤੇ ਇਕਜੁੱਟ ਹੋਣ ਵਾਲੀਆਂ ਪਾਰਟੀਆਂ ਦੀ ਭੂਮਿਕਾ ਤੈਅ ਹੋਵੇਗੀ, ਜਿਸ ਤਹਿਤ ਕਾਂਗਰਸ ਅਤੇ ‘ਆਪ’ ਦੇ ਇਕੱਠੇ ਚੋਣ ਲੜਨ ‘ਤੇ ਹਾਈਕਮਾਂਡ ਦੀ ਮਨਜ਼ੂਰੀ ਮਿਲ ਸਕਦੀ ਹੈ ਅਤੇ ਇਹ ਫੈਸਲਾ ਪੰਜਾਬ ਸਰਕਾਰ ‘ਤੇ ਵੀ ਲਾਗੂ ਹੋਵੇਗਾ।