ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ‘ਤੇ ਪੂਰੇ ਸਾਲ ਚੱਲਣਗੇ ਸਮਾਗਮ, ਖੁਰਾਲਗੜ੍ਹ ਸਾਹਿਬ ਵਿਖੇ CM ਮਾਨ ਨੇ ਕੈਬਨਿਟ ਸਮੇਤ ਟੇਕਿਆ ਮੱਥਾ

Updated On: 

06 Feb 2026 17:45 PM IST

ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਗੁਰਦੁਆਰਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇੱਕ ਵਿਸ਼ਾਲ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪੂਰੀ ਕੈਬਨਿਟ ਸਮੇਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਣ ਪਹੁੰਚੇ।

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਤੇ ਪੂਰੇ ਸਾਲ ਚੱਲਣਗੇ ਸਮਾਗਮ, ਖੁਰਾਲਗੜ੍ਹ ਸਾਹਿਬ ਵਿਖੇ CM ਮਾਨ ਨੇ ਕੈਬਨਿਟ ਸਮੇਤ ਟੇਕਿਆ ਮੱਥਾ

Image Credit: Social Media

Follow Us On

ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਗੁਰਦੁਆਰਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇੱਕ ਵਿਸ਼ਾਲ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪੂਰੀ ਕੈਬਨਿਟ ਸਮੇਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਣ ਪਹੁੰਚੇ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਗੁਰੂ ਸਾਹਿਬ ਵੱਲੋਂ ਦਰਸਾਏ ‘ਬੇਗਮਪੁਰਾ’ ਦੇ ਸੰਕਲਪ ਅਤੇ ਮਾਨਵਤਾ ਦੇ ਮਾਰਗ ‘ਤੇ ਚੱਲ ਰਹੀ ਹੈ।

ਪੂਰਾ ਸਾਲ ਚੱਲਣਗੇ ਸਮਾਗਮ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਦੇ 650ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਪੂਰਾ ਸਾਲ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਕੇਵਲ ਇੱਕ ਪ੍ਰਬੰਧਕ ਵਜੋਂ ਕੰਮ ਕਰੇਗੀ, ਜਦਕਿ ਇਹ ਸਮਾਗਮ ਕਦੋਂ ਅਤੇ ਕਿੱਥੇ ਹੋਣੇ ਹਨ, ਇਸ ਦਾ ਮੁਕੰਮਲ ਫੈਸਲਾ ਸੰਤ ਸਮਾਜ ਵੱਲੋਂ ਲਿਆ ਜਾਵੇਗਾ। ਮੁੱਖ ਮੰਤਰੀ ਅਨੁਸਾਰ, ਇਹ ਸ਼ਤਾਬਦੀ ਸਮਾਗਮ ਅਜਿਹੀ ਮਿਸਾਲ ਹੋਣਗੇ ਜਿਸ ਦੀ ਚਰਚਾ ਹਰ ਪਾਸੇ ਹੋਵੇਗੀ।

ਯੂਨੀਵਰਸਿਟੀਆਂ ‘ਚ ਸੈਮੀਨਾਰ ਅਤੇ ਧਾਰਮਿਕ ਪ੍ਰੋਗਰਾਮ

ਇਸ ਪਵਿੱਤਰ ਵਰ੍ਹੇ ਦੌਰਾਨ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ‘ਤੇ ਆਧਾਰਿਤ ਸੈਮੀਨਾਰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸੰਤ ਸੰਮੇਲਨ, ਕੀਰਤਨ ਦਰਬਾਰ ਅਤੇ ਕਥਾ ਵਿਚਾਰਾਂ ਦੇ ਪ੍ਰਵਾਹ ਚਲਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸਮਾਜ ਵਿੱਚ ਬਹੁਤ ਵਿਦਵਾਨ ਅਤੇ ਗੁਣੀ ਲੋਕ ਹਨ, ਉਨ੍ਹਾਂ ਦੀ ਅਗਵਾਈ ਹੇਠ ਹੀ ਸਾਰੇ ਪ੍ਰੋਗਰਾਮ ਉਲੀਕੇ ਜਾਣਗੇ।

ਸਿੱਖਿਆ ‘ਸ਼ੇਰਨੀ ਦਾ ਦੁੱਧ’ ਹੈ: ਡਾ. ਅੰਬੇਡਕਰ ਨੂੰ ਕੀਤਾ ਯਾਦ

ਮੁੱਖ ਮੰਤਰੀ ਨੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਜੀ ਦੇ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਕਦੇ ਜਮਾਤ ਵਿੱਚ ਬੈਠਣ ਨਹੀਂ ਦਿੱਤਾ ਗਿਆ ਸੀ, ਉਨ੍ਹਾਂ ਨੇ ਹੀ ਵਿਦੇਸ਼ਾਂ ਤੋਂ ਉੱਚ ਵਿੱਦਿਆ ਹਾਸਲ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ। ਉਨ੍ਹਾਂ ਕਿਹਾ, “ਵਿੱਦਿਆ ਸ਼ੇਰਨੀ ਦੇ ਦੁੱਧ ਵਾਂਗ ਹੁੰਦੀ ਹੈ, ਜੋ ਪੀਵੇਗਾ ਉਹ ਜ਼ਰੂਰ ਦਹਾੜੇਗਾ।” ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹੁਣ ਸਕੂਲਾਂ ਨੂੰ ਬਿਹਤਰੀਨ ਬਣਾ ਰਹੀ ਹੈ ਤਾਂ ਜੋ ਕੋਈ ਵੀ ਗਰੀਬ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਅਤੇ ਵੱਡੇ ਅਫਸਰ ਬਣ ਸਕਣ।

ਸਿਹਤ ਸਹੂਲਤਾਂ ਵਿੱਚ ਵੱਡਾ ਵਾਧਾ

ਸਿਹਤ ਸਹੂਲਤਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਗਰੀਬ ਪਰਿਵਾਰ ਇਲਾਜ ਕਰਵਾਉਣ ਤੋਂ ਡਰਦੇ ਸਨ ਕਿ ਜਮ੍ਹਾ ਪੂੰਜੀ ਖਤਮ ਹੋ ਜਾਵੇਗੀ। ਪਰ ਹੁਣ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲੇਗਾ, ਤਾਂ ਜੋ ਪੈਸੇ ਦੀ ਘਾਟ ਕਾਰਨ ਕੋਈ ਇਲਾਜ ਤੋਂ ਵਾਂਝਾ ਨਾ ਰਹੇ।

ਮਨੀਸ਼ ਸਿਸੋਦੀਆ ਅਤੇ ਕੈਬਨਿਟ ਦੀ ਹਾਜ਼ਰੀ

ਇਸ ਮੌਕੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਅਜਿਹੀ ਰਾਜਨੀਤੀ ਦੀ ਲੋੜ ਹੈ ਜੋ ਸਿਰਫ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਕਰੀਬੀਆਂ ਨੂੰ ਨਹੀਂ, ਸਗੋਂ ਸਮਾਜ ਦੇ ਹਰ ਵਰਗ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰਿਆਂ ਨੂੰ ਬਰਾਬਰੀ ਦੇ ਅਧਿਕਾਰ ਦੇ ਕੇ ਗੁਰੂ ਸਾਹਿਬ ਦੇ ਸੁਪਨਿਆਂ ਦਾ ਸਮਾਜ ਸਿਰਜ ਰਹੀ ਹੈ।

ਅਖੀਰ ਵਿੱਚ ਮੁੱਖ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਤੋਂ ਸਿਰਫ ਇਹੀ ਮੰਗਦੇ ਹਨ ਕਿ ਸਭ ਪਾਸੇ ਖੁਸ਼ਹਾਲੀ ਹੋਵੇ ਅਤੇ ਹਰ ਇੱਕ ਨੂੰ ਅੰਨ ਮਿਲੇ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸਿਕੰਦਰ ਵਰਗੇ ਕਈ ਆਏ ਪਰ ਸਭ ਨੂੰ ਖਾਲੀ ਹੱਥ ਹੀ ਜਾਣਾ ਪਿਆ, ਇਸ ਲਈ ਸਾਨੂੰ ਮਾਨਵਤਾ ਦੀ ਸੇਵਾ ਲਈ ਸਮਰਪਿਤ ਰਹਿਣਾ ਚਾਹੀਦਾ ਹੈ।