ਪੰਜਾਬ ਦੇ ਪਾਣੀਆਂ ਲਈ ਕਿਸਾਨਾਂ ਦਾ ਸੰਘਰਸ਼… ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਤੋਂ ਸ਼ੁਰੂ ਮੁਹਿੰਮ
ਕਿਸਾਨ ਆਗੂਆਂ ਨੇ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਹੁਣ ਤੱਕ ਰਾਜਸਥਾਨ ਨੂੰ ਲਗਭਗ ਸਾਢੇ 16 ਲੱਖ ਕਰੋੜ ਰੁਪਏ ਦਾ ਪਾਣੀ ਮੁਫ਼ਤ 'ਚ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਜਸਥਾਨ ਪੰਜਾਬ ਦੇ ਪਾਣੀ ਨੂੰ ਰਿਫਾਇਨਰੀਆਂ ਤੇ ਇੰਡਸਟਰੀ ਨੂੰ ਵੇਚ ਕੇ ਕਰੋੜਾਂ ਰੁਪਏ ਕਮਾ ਰਿਹਾ ਹੈ, ਤਾਂ ਪੰਜਾਬ ਨੂੰ ਇਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ? ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹਰਿਆਣੇ ਨਾਲੋਂ ਵੱਧ ਖੇਤੀਯੋਗ ਜ਼ਮੀਨ ਹੈ, ਪਰ ਪਾਣੀ ਦਾ ਹਿੱਸਾ ਘੱਟ ਦਿੱਤਾ ਜਾ ਰਿਹਾ ਹੈ, ਜੋ ਕਿ ਬੇਇਨਸਾਫ਼ੀ ਹੈ।
ਪੰਜਾਬ ਦੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਹਰਜਿੰਦਰ ਸਿੰਘ ਲੱਖੋਵਾਲ ਸ਼ਾਮਲ ਸਨ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਰਦਾਸ ਕੀਤੀ। ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਪਾਣੀਆਂ ਦੇ ਇਤਿਹਾਸਕ ਪੱਖਾਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਗੈਰ-ਸੰਵਿਧਾਨਕ ਤਰੀਕੇ ਨਾਲ ਅਤੇ ਗਲਤ ਸਮਝੌਤਿਆਂ ਰਾਹੀਂ ਉਨ੍ਹਾਂ ਰਾਜਾਂ ਨੂੰ ਦਿੱਤਾ ਗਿਆ ਹੈ ਜੋ ‘ਰਿਪੇਰੀਅਨ’ ਸਟੇਟਸ ਵੀ ਨਹੀਂ ਹਨ।
ਉਨ੍ਹਾਂ ਦੋਸ਼ ਲਾਇਆ ਕਿ 1948 ਤੋਂ ਲੈ ਕੇ ਹੁਣ ਤੱਕ ਕੇਂਦਰ ਸਰਕਾਰਾਂ ਨੇ ਪੰਜਾਬ ਦੀ ਲੀਡਰਸ਼ਿਪ ‘ਤੇ ਦਬਾਅ ਪਾ ਕੇ ਅਜਿਹੇ ਸਮਝੌਤੇ ਕਰਵਾਏ, ਜਿਨ੍ਹਾਂ ਨੂੰ ਕਦੇ ਵੀ ਪੰਜਾਬ ਵਿਧਾਨ ਸਭਾ ਨੇ ਪਾਸ ਨਹੀਂ ਕੀਤਾ। ਉਨ੍ਹਾਂ 1955 ਦੇ ਸਮਝੌਤੇ ਅਤ ਦਰਬਾਰਾ ਸਿੰਘ ਵੱਲੋਂ ਸੁਪਰੀਮ ਕੋਰਟ ‘ਚੋਂ ਪਟੀਸ਼ਨ ਵਾਪਸ ਲੈਣ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਿਆਸੀ ਕੁਰਸੀਆਂ ਬਚਾਉਣ ਲਈ ਪੰਜਾਬ ਦੇ ਹਿੱਤਾਂ ਦਾ ਘਾਣ ਕੀਤਾ ਗਿਆ।
ਪੰਜਾਬ ਦੇ ਹੱਕ ਲਈ ਕਿਸਾਨਾਂ ਦਾ ਪ੍ਰਦਰਸ਼ਨ
ਕਿਸਾਨ ਆਗੂਆਂ ਨੇ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਹੁਣ ਤੱਕ ਰਾਜਸਥਾਨ ਨੂੰ ਲਗਭਗ ਸਾਢੇ 16 ਲੱਖ ਕਰੋੜ ਰੁਪਏ ਦਾ ਪਾਣੀ ਮੁਫ਼ਤ ‘ਚ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਜਸਥਾਨ ਪੰਜਾਬ ਦੇ ਪਾਣੀ ਨੂੰ ਰਿਫਾਇਨਰੀਆਂ ਤੇ ਇੰਡਸਟਰੀ ਨੂੰ ਵੇਚ ਕੇ ਕਰੋੜਾਂ ਰੁਪਏ ਕਮਾ ਰਿਹਾ ਹੈ, ਤਾਂ ਪੰਜਾਬ ਨੂੰ ਇਸ ਦੀ ਰਾਇਲਟੀ ਕਿਉਂ ਨਹੀਂ ਮਿਲ ਰਹੀ? ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹਰਿਆਣੇ ਨਾਲੋਂ ਵੱਧ ਖੇਤੀਯੋਗ ਜ਼ਮੀਨ ਹੈ, ਪਰ ਪਾਣੀ ਦਾ ਹਿੱਸਾ ਘੱਟ ਦਿੱਤਾ ਜਾ ਰਿਹਾ ਹੈ, ਜੋ ਕਿ ਬੇਇਨਸਾਫ਼ੀ ਹੈ।
ਕਿਸਾਨ ਆਗੂਆਂ ਨੇ ਪਾਣੀ ਦੇ ਪ੍ਰਦੂਸ਼ਣ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਵੱਡੀਆਂ ਉਦਯੋਗਿਕ ਇਕਾਈਆਂ ਜ਼ਮੀਨ ਹੇਠਲਾ ਪਾਣੀ ਗੰਦਾ ਕਰ ਰਹੀਆਂ ਹਨ। ਰਿਪੋਰਟਾਂ ਅਨੁਸਾਰ ਪੰਜਾਬ ‘ਚ ਕੈਂਸਰ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ ਤੇ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਅਗਲੇ ਚਾਰ ਸਾਲਾਂ ਵਿੱਚ ਪੰਜਾਬ ਦੇ ਹਰ ਘਰ ਵਿੱਚ ਕੈਂਸਰ ਦਾ ਮਰੀਜ਼ ਹੋਵੇਗਾ।
ਇਸ ਮੌਕੇ ‘ਜਾਗੋ ਪੰਜਾਬ’ ਮੁਹਿੰਮ ਤਹਿਤ ਕਿਸਾਨਾਂ ਨੇ ਕਸਮ ਖਾਧੀ ਕਿ ਉਹ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣਗੇ। ਉਨ੍ਹਾਂ ਐਲਾਨ ਕੀਤਾ ਕਿ ਹੁਣ ਉਹ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਛੋਟੀਆਂ ਕਾਨਫਰੰਸਾਂ ਕੀਤੀਆਂ ਜਾਣਗੀਆਂ। ਮਾਰਚ ਦੇ ਅਖੀਰ ‘ਚ ਇੱਕ ਵਿਸ਼ਾਲ ਰੈਲੀ ਕਰਕੇ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਕਿ ਪੰਜਾਬ ਦੇ ਪਾਣੀਆਂ ‘ਤੇ ਮਾਲਕੀ ਹੱਕ ਵਾਪਸ ਦਿੱਤੇ ਜਾਣ ਤੇ ਸਾਰੀਆਂ ਗਲਤ ਧਾਰਾਵਾਂ ਨੂੰ ਰੱਦ ਕੀਤਾ ਜਾਵੇ।
