“ਮੈਂ ਵਿਰੋਧੀਆਂ ਦੀਆਂ ਜੜ੍ਹਾਂ ‘ਚ ਬੈਠ ਜਾਵਾਂਗਾ”, ਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੋਗਾ ਰੈਲੀ ‘ਚ ਗਰਜੇ CM ਮਾਨ

Updated On: 

16 Feb 2026 18:49 PM IST

CM Mann Moga Rally: ਮੋਗਾ ਵਿਖੇ ਆਮ ਆਦਮੀ ਪਾਰਟੀ (AAP) ਦੀ ਨਸ਼ਾ ਵਿਰੋਧੀ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਿਹਤ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਤੁਰੰਤ ਬਾਅਦ ਹੈਲੀਕਾਪਟਰ ਰਾਹੀਂ ਰੈਲੀ ਵਿੱਚ ਪਹੁੰਚੇ ਸੀਐਮ ਮਾਨ ਨੇ ਐਲਾਨ ਕੀਤਾ ਕਿ ਉਹ ਕਿਤੇ ਨਹੀਂ ਜਾਣ ਵਾਲੇ, ਸਗੋਂ ਉਹ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਜੜ੍ਹਾਂ ਵਿੱਚ ਬੈਠਣਗੇ।

ਮੈਂ ਵਿਰੋਧੀਆਂ ਦੀਆਂ ਜੜ੍ਹਾਂ ਚ ਬੈਠ ਜਾਵਾਂਗਾ, ਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੋਗਾ ਰੈਲੀ ਚ ਗਰਜੇ CM ਮਾਨ

Image Credit: @BhagwantMann

Follow Us On

ਮੋਗਾ ਵਿਖੇ ਆਮ ਆਦਮੀ ਪਾਰਟੀ (AAP) ਦੀ ਨਸ਼ਾ ਵਿਰੋਧੀ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਿਹਤ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਤੁਰੰਤ ਬਾਅਦ ਹੈਲੀਕਾਪਟਰ ਰਾਹੀਂ ਰੈਲੀ ਵਿੱਚ ਪਹੁੰਚੇ ਸੀਐਮ ਮਾਨ ਨੇ ਐਲਾਨ ਕੀਤਾ ਕਿ ਉਹ ਕਿਤੇ ਨਹੀਂ ਜਾਣ ਵਾਲੇ, ਸਗੋਂ ਉਹ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਜੜ੍ਹਾਂ ਵਿੱਚ ਬੈਠਣਗੇ।

ਵਿਰੋਧੀਆਂ ਨੂੰ ਜਵਾਬ ਅਤੇ ਨਸ਼ਾ ਤਸਕਰੀ ‘ਤੇ ਵਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਖਿਡਾਰੀ ਦੁਨੀਆ ਭਰ ਵਿੱਚ ਮਸ਼ਹੂਰ ਹੁੰਦੇ ਸਨ, ਪਰ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ‘ਟੀਕੇ ਵਾਲਾ ਪੰਜਾਬ’ ਬਣਾ ਦਿੱਤਾ। ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਿਨਾਂ ਉਨ੍ਹਾਂ ਨੂੰ ਲੋਕਾਂ ਦਾ ਕਾਤਲ ਦੱਸਦਿਆਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨਸਾਂ ਵਿੱਚ ਚਿੱਟਾ ਭੇਜ ਦਿੱਤਾ ਹੈ। ਮਾਨ ਨੇ ਕਿਹਾ ਕਿ ਅਦਾਲਤ ਤੋਂ ਜ਼ਮਾਨਤ ਮਿਲ ਸਕਦੀ ਹੈ, ਪਰ ਉੱਪਰ ਵਾਲੇ ਦੀ ਦਰਗਾਹ ਤੋਂ ਸਜ਼ਾ ਜ਼ਰੂਰ ਮਿਲੇਗੀ।

ਭਾਸ਼ਣ ਦੀਆਂ ਮੁੱਖ ਗੱਲਾਂ:

ਸਰਕਾਰੀ ਗੱਡੀਆਂ ਰਾਹੀਂ ਤਸਕਰੀ: ਸੀਐਮ ਨੇ ਇਲਜ਼ਾਮ ਲਗਾਇਆ ਕਿ 2022 ਤੋਂ ਪਹਿਲਾਂ ਸਰਕਾਰੀ ਗੱਡੀਆਂ ਵਿੱਚ ਨਸ਼ਾ ਤਸਕਰੀ ਹੁੰਦੀ ਸੀ ਅਤੇ ਪੁਲਿਸ ਨੂੰ ਫੋਨ ਆਉਂਦੇ ਸਨ ਕਿ ਇਨ੍ਹਾਂ ਗੱਡੀਆਂ ਨੂੰ ਨਾ ਰੋਕਿਆ ਜਾਵੇ।

ਨਸ਼ਾ ਮੁਕਤੀ ਲਈ ਰਿਸਰਚ: ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਨੇ ਰਿਸਰਚ ਕਰਕੇ ਪਲਾਨਿੰਗ ਬਣਾਈ। ਪਹਿਲਾਂ ਨਸ਼ਾ ਛੁਡਾਊ ਕੇਂਦਰ ਬਣਾਏ ਗਏ, ਫਿਰ ਤਸਕਰ ਫੜੇ ਗਏ ਅਤੇ ਹੁਣ ਉਨ੍ਹਾਂ ਦੇ ਬੰਗਲਿਆਂ ‘ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ।

ਹਿੱਸੇਦਾਰੀ ‘ਤੇ ਕਟਾਕਸ਼: ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਆਗੂ ਤਾਂ ਸਮੋਸਿਆਂ ਦੀ ਰੇਹੜੀ ਵਾਲਿਆਂ ਤੋਂ ਵੀ ਹਿੱਸਾ ਮੰਗਦੇ ਸਨ, ਜਦਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਸੇਵਾ ਕਰ ਰਹੀ ਹੈ।

ਅਰਵਿੰਦ ਕੇਜਰੀਵਾਲ ਦਾ ਸੰਬੋਧਨ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਤੋਂ ਡਰਦੇ ਸਨ, ਪਰ ਹੁਣ ਸਰਕਾਰ ਦੀ ਸਖ਼ਤ ਕਾਰਵਾਈ ਕਾਰਨ ਜਨਤਾ ਦਾ ਪੁਲਿਸ ਅਤੇ ਪ੍ਰਸ਼ਾਸਨ ‘ਤੇ ਵਿਸ਼ਵਾਸ ਵਧਿਆ ਹੈ।

ਵਾਰਡ ਤੇ ਪਿੰਡ ਕਮੇਟੀਆਂ: ਕੇਜਰੀਵਾਲ ਨੇ ਕਿਹਾ ਕਿ ਹਰ ਪਿੰਡ ਅਤੇ ਵਾਰਡ ਵਿੱਚ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਵੀਡੀਸੀ (VDC) ਮੈਂਬਰਾਂ ਦੇ ਮੋਬਾਈਲ ਵਿੱਚ ਐਪ ਹੋਵੇਗੀ ਜਿਸ ਰਾਹੀਂ ਉਹ ਗੁਪਤ ਜਾਣਕਾਰੀ ਦੇ ਸਕਣਗੇ।

60 ਹਜ਼ਾਰ ਨੌਕਰੀਆਂ: ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਹੁਣ ਤੱਕ 60 ਹਜ਼ਾਰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ ਅਤੇ ਹਰ ਪਿੰਡ ਵਿੱਚ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਐਲਾਨ

ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਕਾਰਡ ਦੇ ਰਹੀ ਹੈ। ਉਨ੍ਹਾਂ ਕਿਹਾ ਕਿ 2025 ਵਿੱਚ ਪੰਜਾਬ ਵਿੱਚ 2046 ਕਿਲੋ ਚਿੱਟਾ ਫੜਿਆ ਗਿਆ, ਜਦਕਿ ਗੁਜਰਾਤ ਵਿੱਚ ਸਿਰਫ਼ 146 ਕਿਲੋ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਗੁਜਰਾਤ ਵਿੱਚ ਸਰਹੱਦ ਪਾਰੋਂ ਨਸ਼ਾ ਰੁਕ ਸਕਦਾ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।