ਪੰਜਾਬ ਕਾਂਗਰਸ ਦੀ ਅੱਜ ਮਿਸ਼ਨ 2027 ਲਈ ਅਹਿਮ ਮੀਟਿੰਗ, ਭੁਪੇਸ਼ ਬਘੇਲ ਲੈਣਗੇ ਫੀਡਬੈਕ
ਮੀਟਿੰਗ 'ਚ ਸਾਰੇ ਜ਼ਿਲ੍ਹਾ ਪ੍ਰਧਾਨ, 2022 ਵਿਧਾਨ ਸਭਾ ਚੋਣ ਲੜਨ ਵਾਲੇ ਉਮੀਦਵਾਰ ਤੇ ਵਿਧਾਇਕ ਮੌਜੂਦ ਰਹਿਣਗੇ। ਇਸ 'ਚ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸੂਬੇ ਦੇ ਹਾਲਾਤਾਂ ਦਾ ਫੀਡਬੈਕ ਲਿਆ ਜਾਵੇਗਾ। ਉੱਥੇ ਹੀ, ਅੱਗੇ ਦੀ ਰਣਨੀਤੀ ਦੀ ਤਿਆਰੀ ਕੀਤੀ ਜਾਵੇਗੀ।
ਪੰਜਾਬ ਕਾਂਗਰਸ ਦੀ ਅੱਜ ਮਿਸ਼ਨ 2027 ਲਈ ਅਹਿਮ ਮੀਟਿੰਗ (ਪੁਰਾਣੀ ਤਸਵੀਰ)
ਪੰਜਾਬ ਕਾਂਗਰਸ ਮਿਸ਼ਨ 2027 ਦੀਆਂ ਤਿਆਰੀਆਂ ‘ਚ ਲੱਗ ਗਈ ਹੈ। ਮਨਰੇਗਾ ਬਚਾਓ ਰੈਲੀਆਂ ਪੂਰੀਆਂ ਹੋਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਾਵਾਈ ‘ਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ‘ਚ ਸਾਰੇ ਜ਼ਿਲ੍ਹਾ ਪ੍ਰਧਾਨ, 2022 ਵਿਧਾਨ ਸਭਾ ਚੋਣ ਲੜਨ ਵਾਲੇ ਉਮੀਦਵਾਰ ਤੇ ਵਿਧਾਇਕ ਮੌਜੂਦ ਰਹਿਣਗੇ। ਇਸ ‘ਚ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸੂਬੇ ਦੇ ਹਾਲਾਤਾਂ ਦਾ ਫੀਡਬੈਕ ਲਿਆ ਜਾਵੇਗਾ। ਉੱਥੇ ਹੀ, ਅੱਗੇ ਦੀ ਰਣਨੀਤੀ ਦੀ ਤਿਆਰੀ ਕੀਤੀ ਜਾਵੇਗੀ।
ਇਹ ਮੀਟਿੰਗ ਅਜਿਹੇ ਸਮੇਂ ‘ਚ ਹੋ ਰਹੀ ਹੈ, ਜਦੋਂ ਪੰਜਾਬ ਕਾਂਗਰਸ ‘ਚ ਕਾਫੀ ਹਲਚਲ ਮਚੀ ਹੋਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ‘ਚ ਆਉਣ ਦਾ ਸੱਦਾ ਦਿੱਤਾ ਸੀ। ਇਹ ਸੱਦਾ ਉਸ ਸਮੇਂ ਦਿੱਤਾ ਗਿਆ, ਜਦੋਂ ਈਡੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ। ਹਾਲਾਂਕਿ, ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਜੋ ਕਿਹਾ, ਉਸ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ।
ਬਘੇਲ ਸਾਬ੍ਹ ਨੇ ਇੰਨਾ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ‘ਚ ਵਾਪਸ ਆਉਣਾ ਦੀ ਇੱਛਾ ਪ੍ਰਗਟ ਕਰਦੇ ਹਨ ਤਾਂ ਪਾਰਟੀ ਉਸ ‘ਤੇ ਵਿਚਾਰ ਕਰੇਗੀ। ਉਨ੍ਹਾਂ ਨੇ ਇਹ ਕਦੇ ਵੀ ਨਹੀਂ ਕਿਹਾ ਅਸੀਂ ਉਨ੍ਹਾਂ ਦਾ ਸਵਾਗਤ ਕਰ ਰਹੇ ਹਾਂ ਜਾਂ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰ ਲਿਆ ਗਿਆ ਹੈ। ਵਿਚਾਰ ਕਰਨ ਤੇ ਸਵਾਗਤ ਕਰਨ ‘ਚ ਜ਼ਮੀਨ-ਆਸਮਾਨ ਦਾ ਫ਼ਰਕ ਹੁੰਦਾ ਹੈ।
ਜਨਵਰੀ ‘ਚ ਰਾਹੁਲ ਗਾਂਧੀ ਤੇ ਹਾਈ ਕਮਾਨ ਨੇ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ। ਇਹ ਮੀਟਿੰਗ ਉਸ ਵੇਲੇ ਸੱਦੀ ਗਈ ਸੀ, ਜੋਂ ਪਾਰਟੀ ਆਗੂ ਆਪਣੀ ਹੀ ਪਾਰਟੀ ਦੇ ਖਿਲਾਫ਼ ਕੁੱਝ ਬਿਆਨ ਦੇ ਰਹੇ ਸਨ। ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਪਾਰਟੀ ‘ਚ ਅਨੁਸ਼ਾਸਨ ਬਣਾ ਕੇ ਰੱਕਿਆ ਜਾਵੇ ਤੇ ਇੱਕਜੁਟ ਹੋ ਕੇ ਚੋਣ ਲੜੀ ਜਾਵੇ।
