Shocking : ਫਿਰੋਜ਼ਪੁਰ ‘ਚ ਵੱਡੇ ਭਰਾ ਦੀ ਮੌਤ ਦੇ 7 ਘੰਟਿਆਂ ਬਾਅਦ ਹੀ ਛੋਟੇ ਭਰਾ ਨੇ ਵੀ ਤਿਆਗੇ ਪ੍ਰਾਣ, ਉਸੇ ਬਿਸਤਰ ‘ਤੇ ਆਇਆ ਹਾਰਟ ਅਟੈਕ
Shocking News: ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਕੁਲਗੜ੍ਹੀ ਤੋਂ ਇਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸੋਗ ਦੀ ਲਹਿਰ ਵਿੱਚ ਡੋਬ ਦਿੱਤਾ ਹੈ। ਇੱਥੇ ਮਹਿਜ਼ ਸੱਤ ਘੰਟਿਆਂ ਦੇ ਵਕਫੇ ਦੌਰਾਨ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਕੁਲਗੜ੍ਹੀ ਤੋਂ ਇਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸੋਗ ਦੀ ਲਹਿਰ ਵਿੱਚ ਡੋਬ ਦਿੱਤਾ ਹੈ। ਇੱਥੇ ਮਹਿਜ਼ ਸੱਤ ਘੰਟਿਆਂ ਦੇ ਵਕਫੇ ਦੌਰਾਨ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁਖਾਂਤ ਨੇ ਨਾ ਸਿਰਫ਼ ਪਰਿਵਾਰ, ਸਗੋਂ ਪਿੰਡ ਦੇ ਹਰ ਵਸਨੀਕ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਵੱਡੇ ਭਰਾ ਦੀ ਮੌਤ ਤੋਂ ਬਾਅਦ ਛੋਟੇ ਨੇ ਵੀ ਤੋੜਿਆ ਦਮ
ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਦੇ ਵਸਨੀਕ 71 ਸਾਲਾ ਰਜਵੰਤ ਸਿੰਘ ਸੰਧੂ ਨੂੰ ਸਵੇਰੇ ਕਰੀਬ 8 ਵਜੇ ਅਚਾਨਕ ਦਿਲ ਦਾ ਦੌਰਾ ਪਿਆ। ਜਦੋਂ ਤੱਕ ਪਰਿਵਾਰਕ ਮੈਂਬਰ ਕੁਝ ਸਮਝ ਪਾਉਂਦੇ, ਰਜਵੰਤ ਸਿੰਘ ਨੇ ਆਖਰੀ ਸਾਹ ਲਏ। ਘਰ ਵਿੱਚ ਮਾਤਮ ਪਸਰ ਗਿਆ ਅਤੇ ਵੱਡੇ ਭਰਾ ਦੇ ਅਚਾਨਕ ਚਲੇ ਜਾਣ ਨਾਲ 69 ਸਾਲਾ ਛੋਟਾ ਭਰਾ ਭਗਵੰਤ ਸਿੰਘ ਸੰਧੂ ਡੂੰਘੇ ਸਦਮੇ ਵਿੱਚ ਚਲਾ ਗਿਆ।
ਉਸੇ ਬਿਸਤਰ ‘ਤੇ ਤੋੜਿਆ ਦਮ ਜਿੱਥੇ ਵੱਡੇ ਭਰਾ ਦੀ ਹੋਈ ਸੀ ਮੌਤ
ਦੁਪਹਿਰ ਵੇਲੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਰਜਵੰਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਅੰਤਿਮ ਸੰਸਕਾਰ ਤੋਂ ਬਾਅਦ ਜਦੋਂ ਪਰਿਵਾਰ ਘਰ ਵਾਪਸ ਪਰਤਿਆ ਤਾਂ ਭਗਵੰਤ ਸਿੰਘ ਆਪਣੇ ਵੱਡੇ ਭਰਾ ਦੇ ਕਮਰੇ ਵਿੱਚ ਗਏ ਅਤੇ ਉਸੇ ਬਿਸਤਰ ‘ਤੇ ਲੇਟ ਗਏ, ਜਿੱਥੇ ਸਵੇਰੇ ਰਜਵੰਤ ਸਿੰਘ ਦੀ ਮੌਤ ਹੋਈ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਵੱਡੇ ਭਰਾ ਦੇ ਵਿਛੋੜੇ ਦਾ ਗ਼ਮ ਬਰਦਾਸ਼ਤ ਨਹੀਂ ਕਰ ਸਕੇ। ਦੁਪਹਿਰ ਕਰੀਬ 3 ਵਜੇ ਅਚਾਨਕ ਭਗਵੰਤ ਸਿੰਘ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਵੀ ਦਿਲ ਦਾ ਦੌਰਾ ਪਿਆ। ਪਰਿਵਾਰ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਭਗਵੰਤ ਸਿੰਘ ਨੇ ਵੀ ਉਸੇ ਘਰ ਅਤੇ ਉਸੇ ਬਿਸਤਰ ‘ਤੇ ਪ੍ਰਾਣ ਤਿਆਗ ਦਿੱਤੇ।
ਸੱਤ ਘੰਟਿਆਂ ‘ਚ ਉੱਜੜਿਆ ਪਰਿਵਾਰ
ਸਵੇਰੇ 8 ਵਜੇ ਵੱਡੇ ਭਰਾ ਦੀ ਮੌਤ ਅਤੇ ਦੁਪਹਿਰ 3 ਵਜੇ ਛੋਟੇ ਭਰਾ ਦਾ ਚਲੇ ਜਾਣਾ ਸਿਰਫ਼ ਸੱਤ ਘੰਟਿਆਂ ਵਿੱਚ ਸੰਧੂ ਪਰਿਵਾਰ ਦੇ ਦੋ ਮਜ਼ਬੂਤ ਥੰਮ੍ਹ ਢਹਿ ਗਏ। ਪਿੰਡ ਕੁਲਗੜ੍ਹੀ ਵਿੱਚ ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਚਾਰੇ ਪਾਸੇ ਸਨਾਟਾ ਪਸਰ ਗਿਆ। ਪਿੰਡ ਵਾਸੀ ਇਸ ਨੂੰ ਦੋਵਾਂ ਭਰਾਵਾਂ ਦੇ ਅਟੁੱਟ ਪਿਆਰ ਦੀ ਮਿਸਾਲ ਦੱਸ ਰਹੇ ਹਨ। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਵਿੱਚ ਬਹੁਤ ਜ਼ਿਆਦਾ ਲਗਾਅ ਸੀ ਅਤੇ ਉਹ ਹਰ ਸੁੱਖ-ਦੁੱਖ ਵਿੱਚ ਇਕੱਠੇ ਰਹਿੰਦੇ ਸਨ। ਸ਼ਾਇਦ ਵੱਡੇ ਭਰਾ ਦੀ ਜੁਦਾਈ ਛੋਟੇ ਭਰਾ ਦਾ ਦਿਲ ਸਹਿਣ ਨਹੀਂ ਕਰ ਸਕਿਆ।