ਪੰਜਾਬ ‘ਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ, 16 ਨਵੰਬਰ ਤੋਂ ਘਰ ਬੈਠੇ ਕਰ ਸਕੋਗੇ ਆਨਲਾਈਨ ਗਣਨਾ; ਜਾਣੋ ਪੂਰਾ ਸ਼ਡਿਊਲ

Updated On: 

11 Nov 2026 16:13 PM IST

ਪੰਜਾਬ ਅੰਦਰ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਅਰਥਾਤ ਆਬਾਦੀ ਦੀ ਗਣਨਾ (ਜਨਸੰਖਿਆ ਗਣਨਾ) ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨਿਕ ਪੱਧਰ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸੇ ਲੜੀ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਬੁੱਧਵਾਰ ਨੂੰ ਚੰਡੀਗੜ੍ਹ ਤੋਂ 9 ਵਿਸ਼ੇਸ਼ ਡਿਜੀਟਲ ਐੱਲ.ਈ.ਡੀ. (LED) ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਪੰਜਾਬ ਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ, 16 ਨਵੰਬਰ ਤੋਂ ਘਰ ਬੈਠੇ ਕਰ ਸਕੋਗੇ ਆਨਲਾਈਨ ਗਣਨਾ; ਜਾਣੋ ਪੂਰਾ ਸ਼ਡਿਊਲ

ਪੰਜਾਬ ਅੰਦਰ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਅਰਥਾਤ ਆਬਾਦੀ ਦੀ ਗਣਨਾ (ਜਨਸੰਖਿਆ ਗਣਨਾ) ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨਿਕ ਪੱਧਰ ‘ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸੇ ਲੜੀ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਬੁੱਧਵਾਰ ਨੂੰ ਚੰਡੀਗੜ੍ਹ ਤੋਂ 9 ਵਿਸ਼ੇਸ਼ ਡਿਜੀਟਲ ਐੱਲ.ਈ.ਡੀ. (LED) ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜਨਗਣਨਾ ਸੰਚਾਲਨ ਡਾਇਰੈਕਟੋਰੇਟ, ਪੰਜਾਬ ਦੀ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਇਨ੍ਹਾਂ ਪ੍ਰਚਾਰ ਵੈਨਾਂ ਨੂੰ ਰਵਾਨਾ ਕਰਨ ਦੀ ਰਸਮ ਅਦਾ ਕੀਤੀ। ਇਹ ਆਧੁਨਿਕ ਵੈਨਾਂ ਸੂਬੇ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ, ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ‘ਤੇ ਜਾ ਕੇ ਨਾਗਰਿਕਾਂ ਨੂੰ ਮਰਦਮਸ਼ੁਮਾਰੀ ਦੀ ਮਹੱਤਤਾ ਅਤੇ ਪ੍ਰਕਿਰਿਆ ਬਾਰੇ ਜਾਣੂ ਕਰਵਾਉਣਗੀਆਂ।

ਇਨ੍ਹਾਂ ਡਿਜੀਟਲ ਵੈਨਾਂ ‘ਤੇ ਮਰਦਮਸ਼ੁਮਾਰੀ ਨਾਲ ਸੰਬੰਧਿਤ ਜਾਗਰੂਕਤਾ ਸੁਨੇਹੇ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਵੈਨਾਂ ‘ਤੇ ਵਿਸ਼ੇਸ਼ ਕਿਊ.ਆਰ. ਕੋਡ (QR Code) ਵੀ ਲਗਾਏ ਗਏ ਹਨ, ਜਿਨ੍ਹਾਂ ਨੂੰ ਮੋਬਾਈਲ ਰਾਹੀਂ ਸਕੈਨ ਕਰਕੇ ਆਮ ਨਾਗਰਿਕ ਸਿੱਧੇ ਤੌਰ ‘ਤੇ ਕੌਮੀ ਜਨਗਣਨਾ ਪੋਰਟਲ ‘ਤੇ ਪਹੁੰਚ ਸਕਣਗੇ ਅਤੇ ਆਪਣੀ ਜਾਣਕਾਰੀ ਆਨਲਾਈਨ ਦਰਜ ਕਰ ਸਕਣਗੇ। ਲੋਕਾਂ ਤੱਕ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਆਡੀਓ-ਵੀਡੀਓ ਮਾਧਿਅਮਾਂ ਦੀ ਵਰਤੋਂ ਕੀਤੀ ਜਾਵੇਗੀ।

1 ਦਸੰਬਰ ਤੋਂ 4 ਜਨਵਰੀ ਤੱਕ ਹੋਵੇਗੀ ਗਣਨਾ

ਪੰਜਾਬ ਵਿੱਚ ਮਰਦਮਸ਼ੁਮਾਰੀ ਦੇ ਦੂਜੇ ਗੇੜ ਤਹਿਤ ਆਬਾਦੀ ਦੀ ਗਿਣਤੀ ਦਾ ਕੰਮ 1 ਦਸੰਬਰ 2026 ਤੋਂ ਲੈ ਕੇ 4 ਜਨਵਰੀ 2027 ਤੱਕ ਚੱਲੇਗਾ। ਜ਼ਮੀਨੀ ਪੱਧਰ ‘ਤੇ ਸ਼ੁਰੂ ਹੋਣ ਵਾਲੀ ਇਸ ਪ੍ਰਕਿਰਿਆ ਤੋਂ ਪਹਿਲਾਂ ਨਾਗਰਿਕਾਂ ਨੂੰ ਖ਼ੁਦ ਜਾਣਕਾਰੀ ਦਰਜ ਕਰਨ ਯਾਨੀ ਸਵੈ-ਗਣਨਾ (ਸੈਲਫ਼ ਐਨਿਊਮਰੇਸ਼ਨ) ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਹ ਵਿਸ਼ੇਸ਼ ਸਹੂਲਤ 16 ਨਵੰਬਰ ਤੋਂ 30 ਨਵੰਬਰ ਤੱਕ ਉਪਲਬਧ ਰਹੇਗੀ। ਇਸ ਦੌਰਾਨ ਲੋਕ ਅਧਿਕਾਰਤ ਪੋਰਟਲ [https://se.census.gov.in](https://se.census.gov.in) ‘ਤੇ ਜਾ ਕੇ ਮਰਦਮਸ਼ੁਮਾਰੀ ਨਾਲ ਜੁੜੇ 40 ਅਹਿਮ ਸਵਾਲਾਂ ਦੇ ਜਵਾਬ ਖ਼ੁਦ ਆਨਲਾਈਨ ਭਰ ਸਕਣਗੇ। ਇਹ ਪੋਰਟਲ 30 ਨਵੰਬਰ ਦੀ ਅੱਧੀ ਰਾਤ ਨੂੰ ਬੰਦ ਕਰ ਦਿੱਤਾ ਜਾਵੇਗਾ।

5 ਜਨਵਰੀ 2027 ਹੋਵੇਗੀ ਅਧਿਕਾਰਤ ਸੰਦਰਭ ਮਿਤੀ

ਮਰਦਮਸ਼ੁਮਾਰੀ ਦੇ ਦੂਜੇ ਪੜਾਅ ਦੀ ਅਧਿਕਾਰਤ ਸੰਦਰਭ ਮਿਤੀ (Reference Date) 5 ਜਨਵਰੀ 2027 ਦੀ ਰਾਤ 12 ਵਜੇ ਮਿਥੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ 5 ਜਨਵਰੀ 2027 ਨੂੰ ਰਾਤ 12 ਵਜੇ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੀ ਆਬਾਦੀ ਦਾ ਸਮੁੱਚਾ ਅਧਿਕਾਰਤ ਡਾਟਾ ਤਿਆਰ ਕੀਤਾ ਜਾਵੇਗਾ। ਆਬਾਦੀ ਦੀ ਗਣਨਾ ਮੁਕੰਮਲ ਹੋਣ ਤੋਂ 3 ਤੋਂ 5 ਦਿਨਾਂ ਬਾਅਦ, ਕਿਸੇ ਵੀ ਕਾਰਨ ਰਹਿ ਗਏ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ ਵਿਸ਼ੇਸ਼ ਦੁਹਰਾਈ ਗੇੜ (ਰੀਵਿਜ਼ਨ ਰਾਊਂਡ) ਵੀ ਚਲਾਇਆ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਦਰਜ ਹੋਣ ਤੋਂ ਵਾਂਝਾ ਨਾ ਰਹੇ।

ਜ਼ਿਲ੍ਹਾ ਪੱਧਰ ‘ਤੇ ਰੂਟ ਪਲਾਨ ਤਿਆਰ

ਇਹ ਡਿਜੀਟਲ ਵੈਨਾਂ ਹਰੇਕ ਜ਼ਿਲ੍ਹੇ ਦੇ ਮੁੱਖ ਸ਼ਹਿਰੀ ਇਲਾਕਿਆਂ, ਪੇਂਡੂ ਖੇਤਰਾਂ, ਪ੍ਰਮੁੱਖ ਬਾਜ਼ਾਰਾਂ ਅਤੇ ਵੱਡੇ ਇਕੱਠਾਂ ਵਾਲੀਆਂ ਥਾਵਾਂ ਤੱਕ ਪਹੁੰਚਣਗੀਆਂ। ਪ੍ਰਚਾਰ ਮੁਹਿੰਮ ਨੂੰ ਸੁਚਾਰੂ ਰੱਖਣ ਲਈ ਹਰੇਕ ਜ਼ਿਲ੍ਹੇ ਵਿੱਚੋਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਵੈਨ ਦੇ ਨਾਲ ਤਾਇਨਾਤ ਰਹੇਗਾ, ਜੋ ਇਸ ਦੇ ਸੰਚਾਲਨ ਅਤੇ ਸਥਾਨਕ ਪੱਧਰ ‘ਤੇ ਤਾਲਮੇਲ ਦੀ ਜ਼ਿੰਮੇਵਾਰੀ ਨਿਭਾਏਗਾ। ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਜਨਗਣਨਾ ਅਧਿਕਾਰੀਆਂ ਵੱਲੋਂ ਵੈਨਾਂ ਦੇ ਰੂਟ ਪਲਾਨ ਤਿਆਰ ਕਰ ਲਏ ਗਏ ਹਨ। ਇਸ ਤੋਂ ਇਲਾਵਾ ਪ੍ਰਚਾਰ ਲਈ ਜ਼ਿਲ੍ਹਿਆਂ ਵਿੱਚ ਮੁੱਖ ਥਾਵਾਂ ‘ਤੇ ਵੱਡੇ ਹੋਰਡਿੰਗਜ਼ ਲਗਾਉਣ ਦੀ ਯੋਜਨਾ ਵੀ ਉਲੀਕੀ ਗਈ ਹੈ।

ਸਹਾਇਤਾ ਲਈ ਟੋਲ ਫ਼ਰੀ ਨੰਬਰ 1855 ਜਾਰੀ

ਮਰਦਮਸ਼ੁਮਾਰੀ ਫ਼ਾਰਮ ਭਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਔਕੜ ਜਾਂ ਜਾਣਕਾਰੀ ਲੈਣ ਲਈ ਵਿਭਾਗ ਵੱਲੋਂ ਟੋਲ-ਫ਼ਰੀ ਹੈਲਪਲਾਈਨ ਨੰਬਰ 1855 ਜਾਰੀ ਕੀਤਾ ਗਿਆ ਹੈ। ਜਨਗਣਨਾ ਵਿਭਾਗ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਬੈਠੇ ਆਨਲਾਈਨ ਸਵੈ-ਗਣਨਾ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਜਦੋਂ ਗਣਨਾਕਾਰ (ਐਨਿਊਮਰੇਟਰਜ਼) ਉਨ੍ਹਾਂ ਦੇ ਘਰ-ਘਰ ਜਾਣ ਤਾਂ ਉਨ੍ਹਾਂ ਨੂੰ ਸਹੀ ਅੰਕੜੇ ਦੇ ਕੇ ਪੂਰਨ ਸਹਿਯੋਗ ਦੇਣ।

ਦੋ ਪੜਾਵਾਂ ‘ਚ ਮੁਕੰਮਲ ਹੋ ਰਹੀ ਹੈ ਮਰਦਮਸ਼ੁਮਾਰੀ 2027

ਦੱਸਣਯੋਗ ਹੈ ਕਿ ਦੇਸ਼ ਭਰ ਵਿੱਚ ਮਰਦਮਸ਼ੁਮਾਰੀ 2027 ਦਾ ਕਾਰਜ ਦੋ ਵੱਖ-ਵੱਖ ਪੜਾਵਾਂ ਵਿੱਚ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਪਹਿਲੇ ਪੜਾਅ ਤਹਿਤ ਮਕਾਨਾਂ ਦੀ ਸੂਚੀਕਰਨ (ਹਾਊਸ ਲਿਸਟਿੰਗ) ਅਤੇ ਰਿਹਾਇਸ਼ੀ ਗਣਨਾ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਹੁਣ ਦੂਜੇ ਪੜਾਅ ਵਿੱਚ ਆਬਾਦੀ ਦੀ ਅਸਲ ਗਿਣਤੀ ਸ਼ੁਰੂ ਹੋ ਰਹੀ ਹੈ, ਜਿਸ ਦਾ ਮੁੱਖ ਟੀਚਾ ਦੇਸ਼ ਦੀ ਜਨਸੰਖਿਆ ਨਾਲ ਸੰਬੰਧਿਤ ਬਿਲਕੁਲ ਸਹੀ, ਪੁਖ਼ਤਾ ਅਤੇ ਭਰੋਸੇਯੋਗ ਅੰਕੜੇ ਇਕੱਤਰ ਕਰਨਾ ਹੈ।

Loading...
Unable to load recommendations.
Follow Us
Related Stories
ਚੋਣਾਂ ਦਾ ਹਾਲੇ ਐਲਾਨ ਨਹੀਂ… ਫਿਰ ਪੰਜਾਬ ਵਿੱਚ ਕੱਲ੍ਹ ਤੋਂ ਕਿਉਂ ਸ਼ੁਰੂ ਹੋ ਰਹੀ EVM ਅਤੇ VVPAT ਦੀ ਜਾਂਚ?
2027 ਚੋਣਾਂ ਲਈ ਕਾਂਗਰਸ ਨੇ ਤੇਜ਼ ਕੀਤੀ ਤਿਆਰੀ, ਬਠਿੰਡਾ ਵਿੱਚ ਮਾਲਵਾ ਦੇ 6 ਜ਼ਿਲ੍ਹਿਆਂ ਦੇ ਲੋਕਾਂ ਨਾਲ ਚੋਣ ਮਨੋਰਥ ਪੱਤਰ ‘ਤੇ ਕਰੇਗੀ ਚਰਚਾ
ਮਾਨਸਾ ਦੇ ਦਲਜੀਤ ਸਿੰਘ ਦੀ ਮੌਤ ਮਾਮਲੇ ‘ਚ ਨਵਾਂ ਮੋੜ, AIIMS ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ਵਿੱਚ ਨਸ਼ੇ ਦੀ ਓਵਰਡੋਜ਼ ਨੂੰ ਦੱਸਿਆ ਮੌਤ ਦਾ ਕਾਰਨ
ਪੰਜਾਬ ‘ਚ 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 254 ਅਧਿਕਾਰੀਆਂ ਦੇ ਤਬਾਦਲੇ, 6 ਜ਼ਿਲ੍ਹਿਆਂ ਦੇ DC ਵੀ ਬਦਲੇ
ਅਮਰੀਕ ਸਿੰਘ ਲਾਪਤਾ ਮਾਮਲੇ ਵਿੱਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਕੱਲ੍ਹ
ਸੰਗਰੂਰ ‘ਚ ਸਵਾਰੀਆਂ ਨਾਲ ਭਰੀ PRTC ਬੱਸ ਹਾਦਸੇ ਦਾ ਸ਼ਿਕਾਰ, 2 ਔਰਤਾਂ ਸਮੇਤ 3 ਦੀ ਮੌਤ, 26 ਜ਼ਖ਼ਮੀ