ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੰਜਾਬ ਪੁਲਿਸ ਦੀ ਨਵੀਂ ਗਾਈਡਲਾਈਨ, ਕੇਸ ਡਾਇਰੀ ‘ਚ ਵਰਤੇ ਜਾਣਗੇ 52 ਸ਼ਰਧਾਪੂਰਵਕ ਸ਼ਬਦ
ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਨੂੰ ਲੈ ਕੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (PBI) ਨੇ ਇੱਕ ਬਹੁਤ ਵੱਡਾ ਅਤੇ ਸਖ਼ਤ ਕਦਮ ਚੁੱਕਿਆ ਹੈ। ਬਿਊਰੋ ਵੱਲੋਂ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ (CPs) ਅਤੇ ਸੀਨੀਅਰ ਪੁਲਿਸ ਕਪਤਾਨਾਂ (SSPs) ਨੂੰ ਨਵੇਂ ਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਨੂੰ ਲੈ ਕੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (PBI) ਨੇ ਇੱਕ ਬਹੁਤ ਵੱਡਾ ਅਤੇ ਸਖ਼ਤ ਕਦਮ ਚੁੱਕਿਆ ਹੈ। ਬਿਊਰੋ ਵੱਲੋਂ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ (CPs) ਅਤੇ ਸੀਨੀਅਰ ਪੁਲਿਸ ਕਪਤਾਨਾਂ (SSPs) ਨੂੰ ਨਵੇਂ ਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਬਿਊਰੋ ਦੇ ਡਾਇਰੈਕਟਰ ਐਲ.ਕੇ. ਯਾਦਵ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਦੇ ਅਨੁਸਾਰ, ਹੁਣ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਦੌਰਾਨ ਤਿਆਰ ਕੀਤੀਆਂ ਜਾਣ ਵਾਲੀਆਂ ਕੇਸ ਡਾਇਰੀਆਂ ਅਤੇ ਹੋਰ ਸਾਰੇ ਕਾਨੂੰਨੀ ਦਸਤਾਵੇਜ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਆਮ ਜਾਂ ਅਣਉਚਿਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਸ ਦੀ ਬਜਾਏ, ਪੁਲਿਸ ਵਿਭਾਗ ਵੱਲੋਂ ਭੇਜੇ ਗਏ 52 ਵਿਸ਼ੇਸ਼ ਸ਼ਬਦਾਂ ਦੀ ਹੂ-ਬ-ਹੂ (ਉਸੇ ਤਰ੍ਹਾਂ) ਵਰਤੋਂ ਕਰਨੀ ਲਾਜ਼ਮੀ ਹੋਵੇਗੀ।
ਇਹ ਨਵਾਂ ਕਦਮ ਹਾਲ ਹੀ ਵਿੱਚ 16 ਜੂਨ ਨੂੰ ਜਾਰੀ ਕੀਤੇ ਗਏ ਇੱਕ ਸਰਕੂਲਰ ਦੀ ਪਾਲਣਾ ਕਰਦੇ ਹੋਏ ਚੁੱਕਿਆ ਗਿਆ ਹੈ। ਇਨ੍ਹਾਂ ਨਿਰਦੇਸ਼ਾਂ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬੇਅਦਬੀ ਵਰਗੇ ਬੇਹੱਦ ਸੰਵੇਦਨਸ਼ੀਲ ਮਾਮਲਿਆਂ ਦੀ ਪੜਤਾਲ ਪੂਰੀ ਨਿਰਪੱਖਤਾ, ਸੰਵੇਦਨਸ਼ੀਲਤਾ ਅਤੇ ਵਸਤੂਪਰਕਤਾ ਨਾਲ ਕੀਤੀ ਜਾਵੇ।
ਜਾਂਚ ਦੌਰਾਨ ਧਾਰਮਿਕ ਮਰਿਆਦਾ ਨੂੰ ਠੇਸ ਨਾ ਪਹੁੰਚਣ ਦੇ ਸਖ਼ਤ ਹੁਕਮ
ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਜਨਰਲ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਤੌਰ ‘ਤੇ ਨਿਰਦੇਸ਼ ਦਿੱਤੇ ਹਨ ਕਿ ਜਾਂਚ ਦੇ ਕਿਸੇ ਵੀ ਪੜਾਅ ‘ਤੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਰੀਂਗ ਪੱਧਰ ‘ਤੇ ਵੀ ਠੇਸ ਨਹੀਂ ਪਹੁੰਚਣੀ ਚਾਹੀਦੀ। ਪੁਲਿਸ ਦੀ ਕਾਰਵਾਈ ਜਾਂ ਵਰਤੀ ਗਈ ਭਾਸ਼ਾ ਦਾ ਕੋਈ ਵੀ ਹਿੱਸਾ ਪਵਿੱਤਰ ਬਾਣੀ ਅਤੇ ਸਰੂਪ ਪ੍ਰਤੀ ਅਨਾਦਰ ਦਾ ਕਾਰਨ ਨਹੀਂ ਬਣਨਾ ਚਾਹੀਦਾ, ਕਿਉਂਕਿ ਅਜਿਹੀ ਕਿਸੇ ਵੀ ਲਾਪਰਵਾਹੀ ਕਾਰਨ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਅਤੇ ਜਨਤਾ ਦਾ ਗੁੱਸਾ ਭੜਕ ਸਕਦਾ ਹੈ।
ਸੋਧੀ ਹੋਈ ਸੂਚੀ ਵਿੱਚ ਸ਼ਾਮਲ ਕੀਤੇ ਗਏ 52 ਪਵਿੱਤਰ ਸ਼ਬਦ
ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਇਸ ਪੱਤਰ ਦੇ ਨਾਲ ‘ਸਿੱਖ ਰਹਿਤ ਮਰਿਆਦਾ’ ਦੇ ਤਹਿਤ ਲਾਜ਼ਮੀ ਧਾਰਮਿਕ ਪ੍ਰੋਟੋਕੋਲ ਨੂੰ ਯਕੀਨੀ ਬਣਾਉਣ ਲਈ 52 ਸ਼ਰਧਾਪੂਰਵਕ ਸ਼ਬਦਾਂ ਦੀ ਇੱਕ ਸੋਧੀ ਹੋਈ ਡਿਕਸ਼ਨਰੀ ਵੀ ਭੇਜੀ ਗਈ ਹੈ। ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਸੰਕਲਨ ਵਿੱਚ ਕੁਝ ਨਵੇਂ ਅਹਿਮ ਸ਼ਬਦ ਵੀ ਜੋੜੇ ਗਏ ਹਨ, ਤਾਂ ਜੋ ਜਾਂਚ ਅਧਿਕਾਰੀ ਲੋੜ ਪੈਣ ‘ਤੇ ਤੁਰੰਤ ਇਸ ਦੀ ਸਹੀ ਵਰਤੋਂ ਕਰ ਸਕਣ। ਇਸ ਨਵੀਂ ਗਾਈਡਲਾਈਨ ਦੇ ਲਾਗੂ ਹੋਣ ਤੋਂ ਬਾਅਦ, ਹੁਣ ਪੁਲਿਸ ਆਪਣੀਆਂ ਸਰਕਾਰੀ ਫ਼ਾਈਲਾਂ ਵਿੱਚ ਕਿਸੇ ਵੀ ਆਮ ਜਾਂ ਬੋਲਚਾਲ ਦੇ ਸ਼ਬਦ ਦੀ ਵਰਤੋਂ ਬਿਲਕੁਲ ਨਹੀਂ ਕਰ ਸਕੇਗੀ।
ਇਹ ਵੀ ਪੜ੍ਹੋ
ਪੁਲਿਸ ਨੇ ਨਵੀਂ ਗਾਈਡਲਾਈਨ ਵਿੱਚ ਦੱਸਿਆ ਸ਼ਬਦਾਂ ਦੇ ਇਸਤੇਮਾਲ ਦਾ ਸਹੀ ਤਰੀਕਾ
ਨਵੇਂ ਨਿਯਮਾਂ ਅਨੁਸਾਰ, ਪਵਿੱਤਰ ਗ੍ਰੰਥ ਸਾਹਿਬ ਨੂੰ ਕੇਵਲ ਕੋਈ ਕਿਤਾਬ ਜਾਂ ਕਾਪੀ ਲਿਖਣ ਦੀ ਬਜਾਏ ‘ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਜਾਂ ‘ਪਾਵਨ ਸਰੂਪ’ ਹੀ ਲਿਖਿਆ ਜਾਵੇਗਾ। ਇਸੇ ਤਰ੍ਹਾਂ ਪੇਜ ਜਾਂ ਪੰਨੇ ਦੀ ਜਗ੍ਹਾ ‘ਪਾਵਨ ਅੰਗ’ ਅਤੇ ਬਾਹਰੀ ਹਾਰਡ ਬਾਈਂਡਿੰਗ ਲਈ ‘ਜਿਲਦ’ ਸ਼ਬਦ ਦਾ ਇਸਤੇਮਾਲ ਕਰਨਾ ਹੋਵੇਗਾ। ਪਵਿੱਤਰ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਅਤੇ ਰਾਤ ਦੇ ਸਮੇਂ ਬਿਰਾਜਮਾਨ ਕਰਨ ਵਾਲੀਆਂ ਥਾਵਾਂ ਲਈ ਕ੍ਰਮਵਾਰ ‘ਪ੍ਰਕਾਸ਼ ਅਸਥਾਨ’ ਅਤੇ ‘ਸੁਖਆਸਨ ਅਸਥਾਨ’ ਸ਼ਬਦਾਂ ਦੀ ਹੀ ਵਰਤੋਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਗੁਟਕਾ ਸਾਹਿਬ, ਸੈਂਚੀ ਸਾਹਿਬ, ਨਿਤਨੇਮ, ਪੀੜ੍ਹਾ ਸਾਹਿਬ, ਰੁਮਾਲਾ ਸਾਹਿਬ, ਚੌਂਰ ਸਾਹਿਬ ਅਤੇ ਗ੍ਰੰਥੀ ਸਿੰਘ ਵਰਗੇ 52 ਖ਼ਾਸ ਧਾਰਮਿਕ ਸ਼ਬਦਾਂ ਦੀ ਪੂਰੀ ਲਿਸਟ ਜਾਰੀ ਕੀਤੀ ਗਈ ਹੈ। ਇੰਨਾ ਹੀ ਨਹੀਂ, ਪਾਵਨ ਸਰੂਪਾਂ ਦੀ ਦੇਖਭਾਲ ਕਰਨ ਵਾਲੇ ਪ੍ਰਬੰਧਕਾਂ, ਸੇਵਾਦਾਰਾਂ ਅਤੇ ਰੱਖਿਅਕਾਂ ਲਈ ਇੱਕ ‘ਸੇਵਾ ਯੂਨੀਕ ਪਛਾਣ ਨੰਬਰ’ ਵੀ ਅਲਾਟ ਕਰਨ ਦੀ ਗੱਲ ਕਹੀ ਗਈ ਹੈ।
ਧਾਰਮਿਕ ਮਰਿਆਦਾ ਦੇ ਮੁਤਾਬਕ ਹੀ ਅੱਗੇ ਵਧੇਗੀ ਬੇਅਦਬੀ ਮਾਮਲਿਆਂ ਦੀ ਪੜਤਾਲ
ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਣੇ ਪੱਤਰ ਵਿੱਚ ਉਮੀਦ ਜਤਾਈ ਹੈ ਕਿ ਇਸ ਸੋਧੀ ਹੋਈ ਸ਼ਰਧਾਪੂਰਵਕ ਸ਼ਬਦਾਵਲੀ ਦੇ ਲਾਗੂ ਹੋਣ ਨਾਲ ਪੂਰੇ ਸੂਬੇ ਦੀ ਪੁਲਿਸ ਦੀ ਜਾਂਚ ਪ੍ਰਕਿਰਿਆ ਵਿੱਚ ਇੱਕਸਾਰਤਾ ਆਵੇਗੀ। ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੇ ਸਾਰੇ ਜਾਂਚ ਅਧਿਕਾਰੀਆਂ (IOs) ਨੂੰ ਇਨ੍ਹਾਂ ਨਿਯਮਾਂ ਦੀ ਹੂ-ਬ-ਹੂ ਪਾਲਣਾ ਕਰਨ ਦੇ ਹੁਕਮ ਦੇਣ, ਤਾਂ ਜੋ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤੁਰੰਤ, ਨਿਰਪੱਖ ਅਤੇ ਸਤਿਕਾਰਯੋਗ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।
