PM ਮੋਦੀ ਦਾ ਜਲੰਧਰ ਦੌਰਾ: ਡੇਰਾ ਸੱਚਖੰਡ ਬੱਲਾਂ ‘ਚ ਟੇਕਣਗੇ ਮੱਥਾ, ਕਰ ਸਕਦੇ ਹਨ ਕਈ ਵੱਡੇ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਪੰਜਾਬ ਦੇ ਜਲੰਧਰ ਵਿੱਚ ਸਥਿਤ ਡੇਰਾ ਸਚਖੰਡ ਬੱਲਾਂ ਦੇ ਦੌਰੇ ਤੇ ਆ ਰਹੇ ਹਨ। ਇਸ ਦੌਰਾਨ ਉਹ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਲੈਣਗੇ। ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਜਯੰਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਕਾਸ਼ੀ ਤੋਂ ਬਾਹਰ ਕਿਸੇ ਹੋਰ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਪਹੁੰਚਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਪੰਜਾਬ ਦੇ ਜਲੰਧਰ ਵਿੱਚ ਸਥਿਤ ਡੇਰਾ ਸਚਖੰਡ ਬੱਲਾਂ ਦੇ ਦੌਰੇ ਤੇ ਆ ਰਹੇ ਹਨ। ਇਸ ਦੌਰਾਨ ਉਹ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਲੈਣਗੇ। ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਜਯੰਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਕਾਸ਼ੀ ਤੋਂ ਬਾਹਰ ਕਿਸੇ ਹੋਰ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਪਹੁੰਚਣਗੇ।
ਪ੍ਰਧਾਨ ਮੰਤਰੀ ਦਾ ਇਹ ਦੌਰਾ ਅਜਿਹੇ ਸਮੇਂ ਚ ਹੋ ਰਿਹਾ ਹੈ, ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲਗਭਗ ਇੱਕ ਸਾਲ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ। ਇਸ ਕਾਰਨ ਇਹ ਦੌਰਾ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਸਿਆਸੀ ਪੱਖੋਂ ਵੀ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਦੌਰਾ ਭਾਜਪਾ ਦੀ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੋ ਸਕਦਾ ਹੈ।
ਸਿਆਸੀ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਪੱਛਮੀ ਬੰਗਾਲ ਤੋਂ ਬਾਅਦ ਪੰਜਾਬ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਵਾਲਾ ਰਾਜ ਮੰਨਿਆ ਜਾਂਦਾ ਹੈ। ਇੱਥੇ ਨਾ ਤਾਂ ਪਾਰਟੀ ਦਾ ਕੋਈ ਵੱਡਾ ਰਵਾਇਤੀ ਵੋਟ ਬੈਂਕ ਹੈ ਅਤੇ ਨਾ ਹੀ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਯਤਾ ਹੁਣ ਤੱਕ ਨਿਰਣਾਇਕ ਵੋਟਾਂ ਵਿੱਚ ਤਬਦੀਲ ਹੋਂਦੀ ਨਜ਼ਰ ਆਈ ਹੈ। ਅਜਿਹੇ ਵਿੱਚ ਡੇਰਾ ਸਚਖੰਡ ਬੱਲਾਂ ਦਾ ਦੌਰਾ ਸਿਆਸੀ ਤੌਰ ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਆਦਮਪੁਰ ਏਅਰਪੋਰਟ ਦੇ ਨਾਮ ਬਦਲਣ ਦੀ ਘੋਸ਼ਣਾ ਵੀ ਕਰ ਸਕਦੇ ਹਨ। ਇਸ ਸੰਭਾਵੀ ਐਲਾਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਪੂਰੀ ਤਰ੍ਹਾਂ ਚੌਕਸ ਹਨ ਅਤੇ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ।
ਸਵਾਲ: ਪ੍ਰਧਾਨ ਮੰਤਰੀ ਦਾ ਦੌਰਾ ਕਦੋਂ ਹੈ ਅਤੇ ਕਿਹੜੇ-ਕਿਹੜੇ ਪ੍ਰੋਗਰਾਮ ਹਨ?
ਇਹ ਵੀ ਪੜ੍ਹੋ
ਜਵਾਬ: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਦੁਪਹਿਰ ਬਾਅਦ ਲਗਭਗ 4 ਵਜੇ ਡੇਰਾ ਸਚਖੰਡ ਬੱਲਾਂ ਪਹੁੰਚਣਗੇ। ਉਹ ਸਭ ਤੋਂ ਪਹਿਲਾਂ ਆਦਮਪੁਰ ਏਅਰਪੋਰਟ ਤੇ ਉਤਰਣਗੇ ਅਤੇ ਉਸ ਤੋਂ ਬਾਅਦ ਸਿੱਧੇ ਡੇਰੇ ਵੱਲ ਰਵਾਨਾ ਹੋਣਗੇ।
ਸਵਾਲ: ਡੇਰੇ ਵਿੱਚ ਕਿਹੜਾ ਪ੍ਰੋਗਰਾਮ ਹੋਵੇਗਾ ਅਤੇ ਪ੍ਰਧਾਨ ਮੰਤਰੀ ਕੀ ਕਰਨਗੇ?
ਜਵਾਬ: 1 ਫਰਵਰੀ ਨੂੰ ਡੇਰਾ ਸਚਖੰਡ ਬੱਲਾਂ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ 649ਵੀਂ ਜਯੰਤੀ ਮਨਾਈ ਜਾ ਰਹੀ ਹੈ। ਇਸੇ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਮੋਦੀ ਡੇਰੇ ਵਿੱਚ ਮੱਥਾ ਟੇਕਣਗੇ ਅਤੇ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।
ਸਵਾਲ: ਡੇਰਾ ਸਚਖੰਡ ਬੱਲਾਂ ਨਾਲ ਕਿੰਨੇ ਲੋਕ ਜੁੜੇ ਹੋਏ ਹਨ?
ਜਵਾਬ: ਡੇਰਾ ਸਚਖੰਡ ਬੱਲਾਂ ਜਲੰਧਰ ਵਿੱਚ ਸਥਿਤ ਰਵਿਦਾਸੀਆ ਸਮਾਜ ਦਾ ਸਭ ਤੋਂ ਵੱਡਾ ਡੇਰਾ ਮੰਨਿਆ ਜਾਂਦਾ ਹੈ। ਇਸ ਨਾਲ ਲਗਭਗ 20 ਲੱਖ ਦੇ ਕਰੀਬ ਸੰਗਤ ਜੁੜੀ ਹੋਈ ਹੈ। ਇਹ ਸੰਗਤ ਸਿਰਫ਼ ਪੰਜਾਬ ਤੱਕ ਸੀਮਤ ਨਹੀਂ, ਸਗੋਂ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਸ਼ਰਧਾਲੂ ਵੀ ਇਸ ਡੇਰੇ ਨਾਲ ਜੁੜੇ ਹੋਏ ਹਨ।
ਸਵਾਲ: ਪ੍ਰਧਾਨ ਮੰਤਰੀ ਦੇ ਦੌਰੇ ਨੂੰ ਸਿਆਸੀ ਨਜ਼ਰੀਏ ਨਾਲ ਕਿਉਂ ਦੇਖਿਆ ਜਾ ਰਿਹਾ ਹੈ?
ਜਵਾਬ: ਇਸ ਦਾ ਮੁੱਖ ਕਾਰਨ ਦੋਆਬਾ ਖੇਤਰ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 23 ਸੀਟਾਂ ਦੋਆਬਾ ਬੇਲਟ ਵਿੱਚ ਆਉਂਦੀਆਂ ਹਨ। ਪੰਜਾਬ ਵਿੱਚ ਲਗਭਗ 32 ਫ਼ੀਸਦੀ ਵੋਟਰ ਦਲਿਤ ਵਰਗ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਦੋਆਬਾ ਖੇਤਰ ਵਿੱਚ ਵਸਦੀ ਹੈ।
ਸਵਾਲ: ਭਾਜਪਾ ਨੇ ਦੋਆਬਾ ਖੇਤਰ ਨੂੰ ਕਿਉਂ ਨਿਸ਼ਾਨਾ ਬਣਾਇਆ ਹੈ?
ਜਵਾਬ: ਇਸ ਦੀ ਵਜ੍ਹਾ 2022 ਦੀਆਂ ਵਿਧਾਨ ਸਭਾ ਚੋਣਾਂ ਹਨ। ਉਸ ਸਮੇਂ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਸੀ, ਪਰ ਦੋਆਬਾ ਖੇਤਰ ਵਿੱਚ ਉਹ ਇੱਕਤਰਫ਼ਾ ਜਿੱਤ ਹਾਸਲ ਨਹੀਂ ਕਰ ਸਕੀ। ਦੋਆਬਾ ਦੀਆਂ 23 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਸਿਰਫ਼ 10 ਸੀਟਾਂ ਹੀ ਜਿੱਤ ਸਕੀ ਸੀ, ਜਦਕਿ 9 ਸੀਟਾਂ ਕਾਂਗਰਸ ਦੇ ਖਾਤੇ ਵਿੱਚ ਗਈਆਂ ਸਨ।
ਸਵਾਲ: ਦੋਆਬਾ ਵਿੱਚ ਭਾਜਪਾ ਨੂੰ ਕਿਹੜੀਆਂ ਉਮੀਦਾਂ ਨਜ਼ਰ ਆ ਰਹੀਆਂ ਹਨ?
ਜਵਾਬ: ਇਸ ਦੀ ਇੱਕ ਵਜ੍ਹਾ ਕਾਂਗਰਸ ਨਾਲ ਜੁੜੀ ਮੌਜੂਦਾ ਸਿਆਸੀ ਸਥਿਤੀ ਵੀ ਹੈ। 2022 ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੇ ਬਾਵਜੂਦ ਦੋਆਬਾ, ਜੋ ਦਲਿਤਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੇ ਕਾਂਗਰਸ ਨੇ ਕਾਫ਼ੀ ਮਜ਼ਬੂਤ ਟੱਕਰ ਦਿੱਤੀ ਸੀ। ਹਾਲ ਹੀ ਵਿੱਚ ਤਰਨਤਾਰਨ ਵਿੱਚ ਹੋਈ ਵਿਧਾਨ ਸਭਾ ਉਪਚੋਣ ਦੌਰਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਿਹ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨਾਲ ਦਲਿਤ ਭਾਈਚਾਰੇ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ। ਭਾਜਪਾ ਇਸ ਨਾਰਾਜ਼ਗੀ ਨੂੰ ਆਪਣੇ ਹੱਕ ਵਿੱਚ ਭੁਨਾਉਣਾ ਚਾਹੁੰਦੀ ਹੈ।
ਸਵਾਲ: ਡੇਰੇ ਦਾ ਸਿਆਸੀ ਪ੍ਰਭਾਵ ਕੀ ਹੈ, ਕੀ ਇਹ ਸਿੱਧੇ ਤੌਰ ਤੇ ਵੋਟਿੰਗ ਨੂੰ ਪ੍ਰਭਾਵਿਤ ਕਰਦਾ ਹੈ?
ਜਵਾਬ: ਡੇਰਾ ਸਚਖੰਡ ਬੱਲਾਂ ਸਿੱਧੇ ਤੌਰ ਤੇ ਰਾਜਨੀਤੀ ਵਿੱਚ ਦਖ਼ਲ ਨਹੀਂ ਦਿੰਦਾ ਅਤੇ ਨਾ ਹੀ ਆਪਣੀ ਸੰਗਤ ਨੂੰ ਕਿਸੇ ਖ਼ਾਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਕਹਿੰਦਾ ਹੈ। ਹਾਲਾਂਕਿ, ਵੱਡੇ ਸਿਆਸੀ ਨੇਤਾਵਾਂ ਦੇ ਦੌਰਿਆਂ ਨਾਲ ਸੰਗਤ ਤੱਕ ਇੱਕ ਸਪੱਸ਼ਟ ਸੰਦੇਸ਼ ਜ਼ਰੂਰ ਜਾਂਦਾ ਹੈ। ਦੋਆਬਾ ਖੇਤਰ ਵਿੱਚ ਡੇਰੇ ਨਾਲ ਜੁੜੀ ਵੱਡੀ ਗਿਣਤੀ ਵਿੱਚ ਸੰਗਤ ਹੈ। ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿੱਤ ਦੇ ਪਿੱਛੇ ਵੀ ਇਸ ਸਮਾਜ ਦੇ ਵੋਟਰਾਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।
ਸਵਾਲ: ਪ੍ਰਧਾਨ ਮੰਤਰੀ ਦੇ ਦੌਰੇ ਨਾਲ ਭਾਜਪਾ ਨੂੰ ਪੰਜਾਬ ਵਿੱਚ ਕੀ ਲਾਭ ਦਿਖਾਈ ਦੇ ਰਿਹਾ ਹੈ?
ਜਵਾਬ: ਭਾਜਪਾ ਨੂੰ ਇਸ ਦੌਰੇ ਤੋਂ ਦੋ ਵੱਡੇ ਲਾਭਾਂ ਦੀ ਉਮੀਦ ਹੈ। ਪਹਿਲਾ, ਡੇਰੇ ਦੇ ਜ਼ਰੀਏ ਭਾਜਪਾ ਪੰਜਾਬ ਦੇ ਲਗਭਗ 32 ਫ਼ੀਸਦੀ ਦਲਿਤ ਵੋਟਰਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਡੇਰੇ ਅਤੇ ਉਸ ਨਾਲ ਜੁੜੀ ਸੰਗਤ ਦਾ ਪੂਰਾ ਸਨਮਾਨ ਕਰਦੇ ਹਨ। ਇਸ ਨਾਲ ਭਾਜਪਾ ਦੋਆਬਾ ਦੀਆਂ 23 ਸੀਟਾਂ ਤੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਦੂਜਾ, ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਦੀ ਪਹੁੰਚ ਮੁੱਖ ਤੌਰ ਤੇ ਸ਼ਹਿਰੀ ਵਰਗ ਤੱਕ ਹੀ ਸੀਮਤ ਰਹੀ ਹੈ। ਦਲਿਤ ਵਰਗ ਦੇ ਸਮਰਥਨ ਨਾਲ ਪਾਰਟੀ ਪੂਰੇ ਪੰਜਾਬ ਵਿੱਚ ਆਪਣਾ ਆਧਾਰ ਬਣਾਉਣਾ ਚਾਹੁੰਦੀ ਹੈ।
ਆਖਰੀ ਸਵਾਲ: ਪ੍ਰਧਾਨ ਮੰਤਰੀ ਇਸ ਦੌਰੇ ਦੌਰਾਨ ਕਿਹੜੀਆਂ ਅਹਿਮ ਘੋਸ਼ਣਾਵਾਂ ਕਰ ਸਕਦੇ ਹਨ?
ਜਵਾਬ: ਭਾਜਪਾ ਨਾਲ ਜੁੜੇ ਸੂਤਰਾਂ ਦੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰੇ ਦੌਰਾਨ ਦੋ ਵੱਡੀਆਂ ਘੋਸ਼ਣਾਵਾਂ ਕਰ ਸਕਦੇ ਹਨ। ਪਹਿਲੀ, ਜਲੰਧਰ ਦੇ ਆਦਮਪੁਰ ਏਅਰਪੋਰਟ ਦਾ ਨਾਮ ਬਦਲ ਕੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਜਾ ਸਕਦਾ ਹੈ। ਦੂਜੀ, 2027 ਵਿੱਚ ਆਉਣ ਵਾਲੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ 650ਵੀਂ ਜਯੰਤੀ ਦੇ ਮੌਕੇ ਤੇ ਸਾਲ ਭਰ ਚੱਲਣ ਵਾਲੇ ਰਾਸ਼ਟਰਪੱਧਰੀ ਸਮਾਰੋਹਾਂ ਦੀ ਸ਼ੁਰੂਆਤ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।


