ਪਟਿਆਲਾ: ਹਸਪਤਾਲ ‘ਚ ਕੁੱਤੇ ਦੇ ਮੁੰਹ ‘ਚੋਂ ਮਿਲਿਆ ਨਵਜੰਮੇ ਬੱਚੇ ਦਾ ਸਿਰ, ਸਿਹਤ ਮੰਤਰੀ ਨੇ ਜਾਂਚ ਦੇ ਦਿੱਤੇ ਹੁਕਮ

Updated On: 

27 Aug 2025 12:47 PM IST

ਰਜਿੰਦਰਾ ਹਸਪਤਾਲ ਦੇ ਮੈਡਿਕਲ ਸੁਪਰਡੈਂਟ ਦਾ ਡਾ. ਵਿਸ਼ਾਲ ਚੋਪੜਾ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਦੇ ਅਨੁਸਾਰ ਹਾਲ ਹੀ 'ਚ ਜਨਮੇ ਸਾਰੇ ਬੱਚੇ ਵਾਰਡਾਂ 'ਚ ਮੌਜੂਦ ਹਨ ਤੇ ਹਸਪਤਾਲ ਤੋਂ ਕੋਈ ਨਵਜੰਮੇ ਲਾਪਤਾ ਨਹੀਂ ਹੈ। ਹਸਪਤਾਲ 'ਚ ਹਾਲ ਹੀ 'ਚ ਤਿੰਨ ਬੱਚਿਆਂ ਦੀ ਮੌਤ ਦੀ ਰਿਪੋਰਟ ਕੀਤੀ ਗਈ ਸੀ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਸਤਾਵੇਜ਼ ਜਾਂਚ ਤੇ ਰਿਕਾਰਡ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ।

ਪਟਿਆਲਾ: ਹਸਪਤਾਲ ਚ ਕੁੱਤੇ ਦੇ ਮੁੰਹ ਚੋਂ ਮਿਲਿਆ ਨਵਜੰਮੇ ਬੱਚੇ ਦਾ ਸਿਰ, ਸਿਹਤ ਮੰਤਰੀ ਨੇ ਜਾਂਚ ਦੇ ਦਿੱਤੇ ਹੁਕਮ
Follow Us On

ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਇੱਕ ਕੁੱਤਾ ਨਵਜੰਮੇ ਬੱਚੇ ਦਾ ਸਿਰ ਆਪਣੇ ਮੁੰਹ ‘ਚ ਲੈ ਘੁੰਮਦਾ ਦਿਖਾਈ ਦਿੱਤਾ। ਇਹ ਘਟਨਾ ਹਸਪਤਾਲ ਦੇ ਵਾਰਡ ਨੰਬਰ-4 ਦੇ ਨੇੜੇ ਦੀ ਹੈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਹਸਪਤਾਲ ‘ਚ ਦਹਿਸ਼ਤ ਫੈਲ ਗਈ। ਇਸ ਮਾਮਲੇ ਮਾਮਲੇ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹਸਪਤਾਲ ਅਧਿਕਾਰੀਆਂ ਤੇ ਸਥਾਨਕ ਪੁਲਿਸ ਨੂੰ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਬਰਾਮਦ ਹੋਏ ਬੱਚੇ ਦੇ ਸਿਰ ਨੂੰ ਫੋਰੈਂਸਿਕ ਟੀਮ ਨੂੰ ਜਾਂਚ ਲਈ ਸੌਂਪ ਦਿੱਤਾ ਗਿਆ ਹੈ। ਮੰਤਰੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਵੇਗੀ ਤੇ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਰਜਿੰਦਰਾ ਹਸਪਤਾਲ ਦੇ ਮੈਡਿਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਦੇ ਅਨੁਸਾਰ ਹਾਲ ਹੀ ‘ਚ ਜਨਮੇ ਸਾਰੇ ਬੱਚੇ ਵਾਰਡਾਂ ‘ਚ ਮੌਜੂਦ ਹਨ ਤੇ ਹਸਪਤਾਲ ਤੋਂ ਕੋਈ ਨਵਜੰਮਾ ਬੱਚਾ ਲਾਪਤਾ ਨਹੀਂ ਹੈ। ਹਸਪਤਾਲ ‘ਚ ਹਾਲ ਹੀ ‘ਚ ਤਿੰਨ ਬੱਚਿਆਂ ਦੀ ਮੌਤ ਦੀ ਰਿਪੋਰਟ ਕੀਤੀ ਗਈ ਸੀ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਸਤਾਵੇਜ਼ ਪ੍ਰਕਿਰਿਆ ਤੇ ਹੋਰ ਰਿਕਾਰਡ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ। ਡਾ. ਚੋਪੜਾ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ‘ਚ ਇਹ ਘਟਨਾ ਹਸਪਤਾਲ ਅੰਦਰ ਵਾਪਰੀ ਪ੍ਰਤੀਤ ਨਹੀਂ ਹੁੰਦੀ ਹੈ ਤੇ ਪਹਿਲੀ ਨਜ਼ਰ ‘ਚ ਅਜਿਹਾ ਲੱਗਦਾ ਹੈ ਕਿ ਕਿਸੇ ਨੇ ਨਵਜੰਮੇ ਬੱਚੇ ਦਾ ਸਿਰ ਹਸਪਤਾਲ ਪਰਿਸਰ ‘ਚ ਸੁੱਟਿਆ ਹੈ।

ਪੁਲਿਸ ਕਰ ਰਹੀ ਜਾਂਚ

ਪਟਿਆਲਾ ਦੇ ਐਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਹੈ ਕਿ ਵਾਰਡ ਨੰਬਰ-4 ‘ਚ ਇੱਕ ਬੱਚੇ ਦਾ ਸਿਰ ਮਿਲਿਆ ਹੈ। ਲਾਸ਼ ਨੂੰ ਮੋਰਚਰੀ ‘ਚ ਰੱਖਵਾ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਡਾਕਟਰਾਂ ਨੇ ਅਨੁਮਾਨ ਲਗਾਇਆ ਹੈ ਕਿ ਬੱਚਾ ਨਵ ਜੰਮਿਆ ਹੈ। ਹਸਪਤਾਲ ‘ਚ ਜਿਨ੍ਹਾਂ ਬੱਚਿਆਂ ਦਾ ਜਨਮ ਹੋਇਆ ਹੈ, ਉਨ੍ਹਾਂ ਦੀ ਸੂਚੀ ਬਣਾਈ ਜਾ ਰਹੀ ਹੈ। ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ।