ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਧਰਨੇ ਦਾ 10ਵਾਂ ਦਿਨ, ਪੋਸਟਮਾਰਟਮ ‘ਤੇ ਹੋਵੇਗਾ ਫੈਸਲਾ?
ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੇ ਮੀਡੀਆ 'ਚ ਚੱਲ ਰਹੀਆਂ ਉਨ੍ਹਾਂ ਖ਼ਬਰਾਂ ਨੂੰ ਗਲਤ ਦੱਸਿਆ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਇਸ ਮਾਮਲੇ 'ਚ ਇਨਸਾਫ਼ ਕਮੇਟੀ, ਝੋਟੇ ਦੇ ਸਮਰਥਕਾਂ ਤੇ ਧਰਨੇ 'ਚ ਸ਼ਾਮਲ ਸੰਗਤ ਦੀ ਸਲਾਹ ਤੋਂ ਬਾਅਦ ਹੀ ਅਗਲਾ ਫੈਸਲਾ ਲਵੇਗਾ।
ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਧਰਨਾ 10ਵੇਂ ਦਿਨ, ਪੋਸਟਮਾਰਟਮ 'ਤੇ ਹੋਵੇਗਾ ਫੈਸਲਾ?
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਲਗਾਇਆ ਗਿਆ ਧਰਨਾ ਅੱਜ 10ਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ। ਇਸ ਮਾਮਲੇ ‘ਚ ਅਜੇ ਤੱਕ ਝੋਟੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਹੈ। ਪੰਜਾਬ ਸਰਕਾਰ ਵੱਲੋਂ ਮਾਮਲਾ ਸੀਬੀਆਈ ਦੇ ਹਵਾਲੇ ਕੀਤੇ ਜਾਣ ਤੋਂ ਬਾਅਦ ਜਾਂਚ ਏਜੰਸੀ ਨੇ ਨਵੀਂ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਸੀਬੀਆਈ ਨੇ ਪਰਿਵਾਰ ਦੇ ਬਿਆਨ ਦਰਜ ਕੀਤੇ ਤੇ ਮਾਮਲੇ ਨਾਲ ਸਬੰਧਤ ਹੋਰ ਪਹਿਲੂਆਂ ਦੀ ਜਾਂਚ ਕੀਤੀ।
ਇਸ ਦੌਰਾਨ ਸੀਬੀਆਈ ਨੇ ਝੋਟੇ ‘ਤੇ ਗੋਲੀਆਂ ਚਲਾਉਣ ਦੇ ਮੁਲਜ਼ਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਦੀ ਵੀ ਜਾਂਚ ਕੀਤੀ। ਹਾਲਾਂਕਿ, ਇਹ ਮੈਡੀਕਲ ਸਟੋਰ ਸ਼ਾਸਨ ਵੱਲੋਂ ਪਹਿਲਾਂ ਹੀ ਢਾਹਿਆ ਜਾ ਚੁੱਕਾ ਹੈ। ਹੁਣ ਜਾਂਚ ਏਜੰਸੀ ਵੱਲੋਂ ਮਾਮਲੇ ਨਾਲ ਸਬੰਧਤ ਤੱਥਾਂ ਤੇ ਸਬੂਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਬੀਤੇ ਦਿਨ ਮਾਨਸਾ ‘ਚ ਝੋਟੇ ਦੇ ਇਨਸਾਫ਼ ਲਈ ਬਣਾਈ ਗਈ ਐਕਸ਼ਨ ਕਮੇਟੀ ਨਾਲ ਸਰਕਾਰ ਵੱਲੋਂ ਰਾਬਤਾ ਕਾਇਮ ਕਰਨ ਲਈ ਤਿੰਨ ਮਹਿਲਾ ਆਈਏਐਸ ਅਧਿਕਾਰੀਆਂ ਦੀ ਟੀਮ ਨੇ ਮੀਟਿੰਗ ਕੀਤੀ। ਇਸ ਦੌਰਾਨ ਪ੍ਰਸ਼ਾਸਨਿਕ ਟੀਮ ਨੇ ਕਿਹਾ ਕਿ ਕਮੇਟੀ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਮਾਮਲੇ ਦੀ ਸੀਬੀਆਈ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀਆਂ ਕੁਝ ਹੋਰ ਮੰਗਾਂ ਵੀ ਹਨ, ਜਿਨ੍ਹਾਂ ਬਾਰੇ ਪਰਿਵਾਰ ਤੇ ਐਕਸ਼ਨ ਕਮੇਟੀ ਵਿਚਾਰ-ਵਟਾਂਦਰਾ ਕਰੇਗੀ ਤੇ ਬਾਅਦ ‘ਚ ਪ੍ਰਸ਼ਾਸਨ ਨਾਲ ਮੁੜ ਰਾਬਤਾ ਕਾਇਮ ਕੀਤਾ ਜਾਵੇਗਾ।
ਪੋਸਟਮਾਰਟਮ ਦੀ ਮਨਜ਼ੂਰੀ ਦੀਆਂ ਖ਼ਬਰਾਂ ਨੂੰ ਪਰਿਵਾਰ ਨੇ ਨਕਾਰਿਆ
ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੇ ਮੀਡੀਆ ‘ਚ ਚੱਲ ਰਹੀਆਂ ਉਨ੍ਹਾਂ ਖ਼ਬਰਾਂ ਨੂੰ ਗਲਤ ਦੱਸਿਆ ਹੈ, ਜਿਨ੍ਹਾਂ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਇਸ ਮਾਮਲੇ ‘ਚ ਇਨਸਾਫ਼ ਕਮੇਟੀ, ਝੋਟੇ ਦੇ ਸਮਰਥਕਾਂ ਤੇ ਧਰਨੇ ‘ਚ ਸ਼ਾਮਲ ਸੰਗਤ ਦੀ ਸਲਾਹ ਤੋਂ ਬਾਅਦ ਹੀ ਅਗਲਾ ਫੈਸਲਾ ਲਵੇਗਾ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਪੋਸਟਮਾਰਟਮ ਸਬੰਧੀ ਆਪਣੀ ਰਾਏ ਤੇ ਸਲਾਹ ਦੇਣ, ਤਾਂ ਜੋ ਸਾਂਝੀ ਸਹਿਮਤੀ ਨਾਲ ਅਗਲਾ ਕਦਮ ਚੁੱਕਿਆ ਜਾ ਸਕੇ।
ਸਬੂਤ ਨਸ਼ਟ ਹੋਣ ਦਾ ਖ਼ਦਸ਼ਾ, ਪੋਸਟਮਾਰਟਮ ‘ਚ ਦੇਰੀ ‘ਤੇ ਚਿੰਤਾ
ਪਰਿਵਾਰ ਦਾ ਕਹਿਣਾ ਹੈ ਕਿ ਮਾਹਿਰਾਂ ਨੇ ਚਿੰਤਾ ਜਤਾਈ ਹੈ ਕਿ ਮ੍ਰਿਤਕ ਦੇਹ ਦੇ ਪੋਸਟਮਾਰਟਮ ‘ਚ ਦੇਰੀ ਹੋਣ ਕਾਰਨ ਜਾਂਚ ਲਈ ਅਹਿਮ ਸਬੂਤ ਪ੍ਰਭਾਵਿਤ ਹੋ ਸਕਦੇ ਹਨ। ਪਰਿਵਾਰ ਮੁਤਾਬਕ, ਕੁਝ ਮਾਹਿਰਾਂ ਨੇ ਵੀ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਪੋਸਟਮਾਰਟਮ ‘ਚ ਜਿੰਨੀ ਦੇਰੀ ਹੋਵੇਗੀ, ਉੱਨਾ ਹੀ ਅਹਿਮ ਸਬੂਤ ਨਸ਼ਟ ਹੋਣ ਦਾ ਖ਼ਦਸ਼ਾ ਵਧ ਸਕਦਾ ਹੈ।
ਇਹ ਵੀ ਪੜ੍ਹੋ
ਪਰਿਵਾਰ ਨੇ ਇਹ ਵੀ ਕਿਹਾ ਕਿ ਮੁਲਜ਼ਮ ਅਸ਼ਵਨੀ ਦੇ ਮੈਡੀਕਲ ਸਟੋਰ ਨੂੰ ਪਹਿਲਾਂ ਹੀ ਢਾਹੇ ਜਾਣ ਕਾਰਨ ਸਬੂਤਾਂ ਨਸ਼ਟ ਹੋਣ ਦਾ ਖ਼ਦਸ਼ਾ ਹੈ। ਅਜਿਹੇ ‘ਚ ਪੋਸਟਮਾਰਟਮ ਤੇ ਜਾਂਚ ਦੀ ਅਗਲੀ ਕਾਰਵਾਈ ਨੂੰ ਲੈ ਕੇ ਪਰਿਵਾਰ ਵੱਲੋਂ ਸੰਗਤ ਅਤੇ ਐਕਸ਼ਨ ਕਮੇਟੀ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਸੀਬੀਆਈ ਜਾਂਚ ਸ਼ੁਰੂ ਹੁੰਦਿਆਂ ਹੀ ਸਰਕਾਰ ਦੀ ਕਾਰਵਾਈ
ਪਰਵਿੰਦਰ ਸਿੰਘ ਝੋਟਾ ਮਾਮਲੇ ਦੀ ਸੀਬੀਆਈ ਜਾਂਚ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਕਾਰਵਾਈ ਕੀਤੀ ਹੈ। ਮਾਨਸਾ ਦੇ ਥਾਣਾ ਸਿਟੀ-2 ਦੀ ਐਸਐਚਓ ਬੇਅੰਤ ਕੌਰ ਖ਼ਿਲਾਫ਼ ਪਹਿਲਾਂ ਕਾਰਵਾਈ ਕੀਤੇ ਜਾਣ ਤੋਂ ਬਾਅਦ ਹੁਣ ਡੀਐਸਪੀ ਹਰਜਿੰਦਰ ਸਿੰਘ ਗਿੱਲ ਤੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਹੁਣ ਸੰਗਤ ਦੀ ਸਲਾਹ ਤੋਂ ਬਾਅਦ ਲਿਆ ਜਾਵੇਗਾ ਫੈਸਲਾ
ਫਿਲਹਾਲ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਦੀ ਸਹਿਮਤੀ ਬਾਕੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇਨਸਾਫ਼ ਕਮੇਟੀ, ਸਮਰਥਕਾਂ ਤੇ ਸੰਗਤ ਦੀ ਸਲਾਹ ਨਾਲ ਹੀ ਅਗਲਾ ਕਦਮ ਚੁੱਕੇਗਾ। ਦੂਜੇ ਪਾਸੇ, ਸੀਬੀਆਈ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪਰਿਵਾਰ ਤੇ ਐਕਸ਼ਨ ਕਮੇਟੀ ਵਿਚਾਲੇ ਵਿਚਾਰ-ਵਟਾਂਦਰੇ ਤੋਂ ਬਾਅਦ ਪੋਸਟਮਾਰਟਮ ਸਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਪਰਿਵਾਰ ਦੀ ਮੰਗ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਤੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਮਿਲੇ।
