ਜਲੰਧਰ ‘ਚ ਕਾਰੋਬਾਰੀ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਸ਼ਿਵ ਸੈਨਾ ਆਗੂ ਸਮੇਤ 2 ਮੁਲਜ਼ਮ ਗ੍ਰਿਫ਼ਤਾਰ

Updated On: 

25 Nov 2026 17:59 PM IST

ਜਲੰਧਰ ਵਿੱਚ ਪ੍ਰਾਪਰਟੀ ਕਾਰੋਬਾਰੀ ਲੱਕੀ ਠਾਕੁਰ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਬੁੱਧਵਾਰ ਨੂੰ ਵੱਡੀ ਸਫ਼ਲਤਾ ਹਾਸਲ ਕਰਦਿਆਂ ਇੱਕ ਸ਼ਿਵ ਸੈਨਾ ਆਗੂ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਕਰੀਬ 8:30 ਵਜੇ ਵਾਪਰੀ ਇਸ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦੌਰਾਨ ਹਮਲਾਵਰ ਪ੍ਰਾਪਰਟੀ ਡੀਲਰ ਦੇ ਹੱਥ ਦੀਆਂ ਉਂਗਲਾਂ ਵੀ ਵੱਢ ਕੇ ਆਪਣੇ ਨਾਲ ਲੈ ਗਏ ਸਨ।

ਜਲੰਧਰ ਚ ਕਾਰੋਬਾਰੀ ਦੇ ਕਤਲ ਮਾਮਲੇ ਚ ਵੱਡੀ ਕਾਰਵਾਈ, ਸ਼ਿਵ ਸੈਨਾ ਆਗੂ ਸਮੇਤ 2 ਮੁਲਜ਼ਮ ਗ੍ਰਿਫ਼ਤਾਰ

ਜਲੰਧਰ ਵਿੱਚ ਪ੍ਰਾਪਰਟੀ ਕਾਰੋਬਾਰੀ ਲੱਕੀ ਠਾਕੁਰ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਬੁੱਧਵਾਰ ਨੂੰ ਵੱਡੀ ਸਫ਼ਲਤਾ ਹਾਸਲ ਕਰਦਿਆਂ ਇੱਕ ਸ਼ਿਵ ਸੈਨਾ ਆਗੂ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਕਰੀਬ 8:30 ਵਜੇ ਵਾਪਰੀ ਇਸ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦੌਰਾਨ ਹਮਲਾਵਰ ਪ੍ਰਾਪਰਟੀ ਡੀਲਰ ਦੇ ਹੱਥ ਦੀਆਂ ਉਂਗਲਾਂ ਵੀ ਵੱਢ ਕੇ ਆਪਣੇ ਨਾਲ ਲੈ ਗਏ ਸਨ।

ਲੱਕੀ ਠਾਕੁਰ ‘ਤੇ ਇਹ ਜਾਨਲੇਵਾ ਹਮਲਾ ਉਸ ਸਮੇਂ ਹੋਇਆ ਸੀ ਜਦੋਂ ਉਹ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਰਿੰਦਰ ਥਾਪਰ ਅਤੇ ਦੀਪਕ ਰਾਣਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਨੇੜੇ ਇੱਕ ਢਾਬੇ ਤੋਂ ਕਾਬੂ ਕੀਤਾ ਗਿਆ ਹੈ। ਫਿਲਹਾਲ ਦੋਵਾਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਸ ਕਤਲ ਦਾ ਮੁੱਖ ਦੋਸ਼ ਸ਼ਿਵ ਸੈਨਾ ਆਗੂ ਦੇ ਪੁੱਤਰ ਰਾਮ ਕ੍ਰਿਸ਼ਨ ਅਤੇ ਉਸ ਦੇ ਗੈਂਗ ‘ਤੇ ਲੱਗਾ ਹੈ। ਮ੍ਰਿਤਕ ਦੇ ਭਰਾ ਮਨਮੋਹਨ ਨੇ ਦੱਸਿਆ ਕਿ ਲੱਕੀ ਨੇ ਰਾਮ ਕ੍ਰਿਸ਼ਨ ‘ਤੇ ਆਪਣੇ ਪੁੱਤਰ ਨੂੰ ਚਿੱਟਾ (ਨਸ਼ਾ) ਪਿਲਾਉਣ ਦਾ ਦੋਸ਼ ਲਗਾਇਆ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਸਬੰਧੀ ਲੱਕੀ ਵੱਲੋਂ ਪਹਿਲਾਂ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਪੁਲਿਸ ਵੱਲੋਂ ਅੱਜ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਮ੍ਰਿਤਕ ਲੱਕੀ ਠਾਕੁਰ ਖ਼ੁਦ ਵੀ ਇੱਕ ਪੁਰਾਣੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਕੱਟ ਚੁੱਕਾ ਸੀ।

ਸਾਥੀਆਂ ਸਣੇ ਕੀਤਾ ਹਮਲਾ

ਮ੍ਰਿਤਕ ਦੇ ਭਰਾ ਮਨਮੋਹਨ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਗਲੀ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਿਹਾ ਸੀ। ਇਸੇ ਦੌਰਾਨ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਦੇ ਪੁੱਤਰ ਰਾਮ ਕਿਸ਼ਨ ਨੇ ਆਪਣੇ 20-25 ਸਾਥੀਆਂ ਸਮੇਤ ਆ ਕੇ ਲੱਕੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਪੀੜਤ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ‘ਤੇ ਇਸ ਹਮਲੇ ਦੀ ਸੂਚਨਾ ਮਿਲੀ ਸੀ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਦੇ ਪੁੱਤਰ ਨੇ ਇਹ ਕਤਲ ਕੀਤਾ ਹੈ। ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਭਰਾ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਮਨਮੋਹਨ ਅਨੁਸਾਰ ਵਾਰਦਾਤ ਸਮੇਂ ਸ਼ਿਵ ਸੈਨਾ ਆਗੂ ਥਾਪਰ ਦੇ ਤਿੰਨ ਪੁੱਤਰ ਵੀ ਮੌਕੇ ‘ਤੇ ਮੌਜੂਦ ਸਨ।

ACP ਸੈਂਟਰਲ ਨੇ ਘਟਨਾ ਸਥਾਨ ਦਾ ਲਿਆ ਜਾਇਜ਼ਾ

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਦੇਰ ਰਾਤ ਤੱਕ ਏ.ਸੀ.ਪੀ. ਸੈਂਟਰਲ ਓਂਕਾਰ ਸਿੰਘ ਬਰਾੜ ਖ਼ੁਦ ਪੁਲਿਸ ਟੀਮ ਸਮੇਤ ਘਟਨਾ ਸਥਾਨ ‘ਤੇ ਮੌਜੂਦ ਰਹੇ। ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ (ਕ੍ਰਾਈਮ ਸੀਨ) ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਬਾਕੀ ਫ਼ਰਾਰ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

ਨਸ਼ੇ ਦੀ ਰੰਜਿਸ਼ ਕਾਰਨ ਮਿਲ ਰਹੀਆਂ ਸੀ ਜਾਨੋਂ ਮਾਰਨ ਦੀਆਂ ਧਮਕੀਆਂ

ਮ੍ਰਿਤਕ ਦੇ ਭਰਾ ਮਨਮੋਹਨ ਨੇ ਦੋਸ਼ ਲਗਾਇਆ ਕਿ ਮੁਲਜ਼ਮ ਲੱਕੀ ਦੇ ਛੋਟੇ ਪੁੱਤਰ ਨੂੰ ਨਸ਼ਿਆਂ ‘ਤੇ ਲਗਾ ਰਹੇ ਸਨ, ਜਿਸ ਨੂੰ ਲੈ ਕੇ ਲੱਕੀ ਅਤੇ ਨਰਿੰਦਰ ਥਾਪਰ ਵਿਚਕਾਰ ਪਿਛਲੇ 6-7 ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਲੱਕੀ ਨੇ ਥਾਪਰ ਅਤੇ ਉਸ ਦੇ ਪੁੱਤਰ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ-4 ਵਿੱਚ ਸ਼ਿਕਾਇਤ ਵੀ ਦਿੱਤੀ ਹੋਈ ਸੀ ਅਤੇ ਇਹ ਮਾਮਲਾ ਅਜੇ ਵੀ ਅਦਾਲਤ ਵਿੱਚ ਵਿਚਾਰਅਧੀਨ ਹੈ।

ਪੀੜਤ ਪਰਿਵਾਰ ਨੇ ਦੱਸਿਆ ਕਿ ਇਸੇ ਵਿਵਾਦ ਕਾਰਨ ਲੱਕੀ ਅਤੇ ਪਰਿਵਾਰਕ ਮੈਂਬਰਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਦਾ ਪਰਿਵਾਰ ਅਤੇ ਮ੍ਰਿਤਕ ਦਾ ਪਰਿਵਾਰ ਇੱਕੋ ਹੀ ਮੁਹੱਲੇ ਵਿੱਚ ਰਹਿੰਦੇ ਹਨ।

ਮ੍ਰਿਤਕ ਵੀ ਨਰਿੰਦਰ ਥਾਪਰ ਨਾਲ ਰਹਿ ਚੁੱਕਾ ਹੈ ਸ਼ਿਵ ਸੈਨਾ ਦਾ ਆਗੂ

ਜਾਣਕਾਰੀ ਮੁਤਾਬਕ ਮ੍ਰਿਤਕ ਲੱਕੀ ਠਾਕੁਰ ਦਾ ਵੀ ਸਿਆਸੀ ਪਿਛੋਕੜ ਸੀ। ਲੱਕੀ ਖ਼ੁਦ ਵੀ ਕਿਸੇ ਸਮੇਂ ਮੁਲਜ਼ਮ ਦੇ ਪਿਤਾ ਨਰਿੰਦਰ ਥਾਪਰ ਦੇ ਨਾਲ ਸ਼ਿਵ ਸੈਨਾ ਦਾ ਆਗੂ ਰਹਿ ਚੁੱਕਾ ਸੀ। ਇਸ ਤੋਂ ਇਲਾਵਾ ਲੱਕੀ ਦੇ ਮੌਜੂਦਾ ਵਿਧਾਇਕ ਅਤੇ ਹੋਰ ਕਈ ਦਿੱਗਜ ਸਿਆਸੀ ਆਗੂਆਂ ਨਾਲ ਵੀ ਚੰਗੇ ਸਬੰਧ ਸਨ। ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕ ਲੱਕੀ ਠਾਕੁਰ ਖ਼ਿਲਾਫ਼ ਵੀ ਪਹਿਲਾਂ ਕਈ ਅਪਰਾਧਿਕ ਮਾਮਲੇ ਦਰਜ ਸਨ।

Loading...
Unable to load recommendations.
Follow Us