ਅੱਜ ਹੋਵੇਗਾ ਪਰਵਿੰਦਰ ਝੋਟੇ ਦਾ ਅੰਤਿਮ ਸਸਕਾਰ, PGI ਤੋਂ ਮਾਨਸਾ ਲਈ ਰਵਾਨਾ ਹੋਈ ਮ੍ਰਿਤਕ ਦੇਹ

Updated On: 

08 Nov 2026 09:15 AM IST

ਪਰਿਵਾਰ ਵੱਲੋਂ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਜੱਦੀ ਖੇਤ 'ਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇੱਥੇ ਦੁਪਹਿਰ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।

ਅੱਜ ਹੋਵੇਗਾ ਪਰਵਿੰਦਰ ਝੋਟੇ ਦਾ ਅੰਤਿਮ ਸਸਕਾਰ, PGI ਤੋਂ ਮਾਨਸਾ ਲਈ ਰਵਾਨਾ ਹੋਈ ਮ੍ਰਿਤਕ ਦੇਹ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਅੱਜ ਦੀਵਾਲੀ ਵਾਲੇ ਦਿਨ ਅੰਤਿਮ ਸਸਕਾਰ ਕੀਤਾ ਜਾਵੇਗਾ। ਚੰਡੀਗੜ੍ਹ ਦੇ ਪੀਜੀਆਈ ‘ਚ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਸਵੇਰ ਵਜੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਦੇਹ ਲੈ ਕੇ ਮਾਨਸਾ ਲਈ ਰਵਾਨਾ ਹੋ ਗਏ।

ਪਰਿਵਾਰ ਵੱਲੋਂ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਜੱਦੀ ਖੇਤ ‘ਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇੱਥੇ ਦੁਪਹਿਰ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ‘ਤੇ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਕਰੀਬ 26 ਦਿਨਾਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ।

ਪਹਿਲਾਂ ਘਰ ਲਿਆਂਦੀ ਜਾਵੇਗੀ ਮ੍ਰਿਤਕ ਦੇਹ, ਫਿਰ ਨਿਕਲੇਗੀ ਅੰਤਿਮ ਯਾਤਰਾ

ਐਕਸ਼ਨ ਕਮੇਟੀ ਮੁਤਾਬਕ, ਪੀਜੀਆਈ ਤੋਂ ਮਾਨਸਾ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਲਿਜਾਇਆ ਜਾਵੇਗਾ। ਇੱਥੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਲੋਕ ਅੰਤਿਮ ਦਰਸ਼ਨ ਕਰਨਗੇ। ਇਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਟਰੈਕਟਰ-ਟਰਾਲੀ ‘ਚ ਮ੍ਰਿਤਕ ਦੇਹ ਰੱਖ ਕੇ ਸ਼ਹਿਰ ‘ਚੋਂ ਅੰਤਿਮ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਚਕੇਰੀਆ ਰੋਡ ਸਥਿਤ ਜੱਦੀ ਖੇਤ ਤੱਕ ਪਹੁੰਚੇਗੀ, ਜਿੱਥੇ ਅੰਤਿਮ ਸਸਕਾਰ ਲਈ ਚਿਤਾ ਤਿਆਰ ਕੀਤੀ ਗਈ ਹੈ। ਦੁਪਹਿਰ ਕਰੀਬ 1 ਵਜੇ ਅੰਤਿਮ ਸੰਸਕਾਰ ਕੀਤੇ ਜਾਣ ਦੀ ਯੋਜਨਾ ਹੈ।

ਭੁੱਖ ਹੜਤਾਲ ‘ਤੇ ਪਿਤਾ ਭੀਮ ਸਿੰਘ

ਇੱਕ ਪਾਸੇ ਪਰਵਿੰਦਰ ਝੋਟਾ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਹੀ ਉਨ੍ਹਾਂ ਦੇ ਪਿਤਾ ਭੀਮ ਸਿੰਘ ਭੁੱਖ ਹੜਤਾਲ ‘ਤੇ ਬੈਠੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਦਾ ਤਬਾਦਲਾ ਕਰੇ। ਭੀਮ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਐਸਐਸਪੀ ਵੱਲੋਂ ਨਸ਼ਿਆਂ ਨੂੰ ਰੋਕਣ ‘ਚ ਨਾਕਾਮ ਰਹਿਣ ਕਾਰਨ ਹੀ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਐਸਐਸਪੀ ਦਾ ਤਬਾਦਲਾ ਨਹੀਂ ਹੁੰਦਾ, ਉਹ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਪਰਿਵਾਰ ਵੱਲੋਂ ਐਸਐਸਪੀ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।

PGI ‘ਚ ਸ਼ਨੀਵਾਰ ਨੂੰ ਹੋਇਆ ਪੋਸਟਮਾਰਟਮ

ਸ਼ਨੀਵਾਰ ਨੂੰ ਚੰਡੀਗੜ੍ਹ ਦੇ PGI ‘ਚ ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੋਸਟਮਾਰਟਮ ਨਹੀਂ ਹੋ ਸਕਿਆ ਸੀ। ਦੱਸਿਆ ਗਿਆ ਕਿ ਮ੍ਰਿਤਕ ਦੇਹ ਲੰਬੇ ਸਮੇਂ ਤੱਕ ਬਹੁਤ ਘੱਟ ਤਾਪਮਾਨ ‘ਤੇ ਫ੍ਰੀਜ਼ਰ ‘ਚ ਰੱਖੇ ਜਾਣ ਕਾਰਨ ਪੋਸਟਮਾਰਟਮ ਨਹੀਂ ਕੀਤਾ ਜਾ ਸਕਦਾ ਸੀ । ਇਸ ਲਈ ਡਾਕਟਰਾਂ ਤੇ ਫੋਰੈਂਸਿਕ ਮਾਹਿਰਾਂ ਨੂੰ ਪੋਸਟਮਾਰਟਮ ਤੋਂ ਪਹਿਲਾਂ ਸਰੀਰ ਦੀ ਸਥਿਤੀ ਦਾ ਮੁਲਾਂਕਣ ਕਰਨਾ ਪਿਆ। ਪੂਰੀ ਪ੍ਰਕਿਰਿਆ ਦੌਰਾਨ ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ, ਸੀਬੀਆਈ ਤੇ ਐਸਡੀਐਮ ਦੀਆਂ ਟੀਮਾਂ ਵੀ ਮੌਜੂਦ ਰਹੀਆਂ।

ਝੋਟੇ ਦੇ ਪਿਤਾ ਹੋਏ ਭਾਵੁਕ

ਪੋਸਟਮਾਰਟਮ ਤੋਂ ਬਾਅਦ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਪੂਰਾ ਸ਼ਹਿਰ ਦੀਵਿਆਂ ਨਾਲ ਰੌਸ਼ਨ ਹੋਵੇਗਾ, ਪਰ ਉਨ੍ਹਾਂ ਦੇ ਘਰ ਦਾ ਦੀਵਾ ਹਮੇਸ਼ਾ ਲਈ ਬੁੱਝ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਇਲਾਕੇ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਭਾਰੀ ਮਨ ਨਾਲ ਇਨਸਾਫ਼ ਦੀ ਉਮੀਦ ‘ਚ ਪੋਸਟਮਾਰਟਮ ਲਈ ਸਹਿਮਤੀ ਦਿੱਤੀ ਹੈ। ਭੀਮ ਸਿੰਘ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਤੇ ਉਨ੍ਹਾਂ ਦੇ ਪੁੱਤਰ ਨੂੰ ਪੂਰਾ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।

Loading...
Unable to load recommendations.
Follow Us