ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਰੌਣਕਾਂ, ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਰਹੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ
ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਵਿਸ਼ੇਸ਼ ਤੌਰ 'ਤੇ ਪੰਜਾਬ ਪਹੁੰਚੇ ਜਸਪਾਲ ਸਿੰਘ ਨੇ ਗੁਰੂ ਰਾਮਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੱਥਾ ਟੇਕ ਕੇ ਅੰਤਾਂ ਦੀ ਖੁਸ਼ੀ ਮਹਿਸੂਸ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਜਸਪਾਲ ਸਿੰਘ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਬੰਦੀ ਛੋੜ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪੰਜਾਬ ਆਏ ਹਨ।
ਅੰਮ੍ਰਿਤਸਰ: ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਇਸ ਪਵਿੱਤਰ ਮੌਕੇ ‘ਤੇ ਪੂਰੇ ਅਦਾਰੇ ਨੂੰ ਬਹੁਤ ਹੀ ਖੂਬਸੂਰਤ ਲਾਈਟਿੰਗ ਅਤੇ ਦੀਪਮਾਲਾ ਨਾਲ ਸਜਾਇਆ ਗਿਆ ਹੈ। ਜਿਸ ਦੇ ਦੀਦਾਰ ਕਰਨ ਲਈ ਸੰਗਤਾਂ ਦੂਰ-ਦੁਰਾਡੇ ਤੋਂ ਆ ਰਹੀਆਂ ਹਨ।
ਅਲੌਕਿਕ ਲਾਈਟਿੰਗ ਤੇ ਦੀਪਮਾਲਾ ਦਾ ਸ਼ਾਨਦਾਰ ਨਜ਼ਾਰਾ
ਇਸੇ ਦੌਰਾਨ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਵਿਸ਼ੇਸ਼ ਤੌਰ ‘ਤੇ ਪੰਜਾਬ ਪਹੁੰਚੇ ਜਸਪਾਲ ਸਿੰਘ ਨੇ ਗੁਰੂ ਰਾਮਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ‘ਤੇ ਮੱਥਾ ਟੇਕ ਕੇ ਅੰਤਾਂ ਦੀ ਖੁਸ਼ੀ ਮਹਿਸੂਸ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਜਸਪਾਲ ਸਿੰਘ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਬੰਦੀ ਛੋੜ ਦਿਵਸ ਦੇ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਆਏ ਹਨ। ਇੱਥੇ ਆ ਕੇ ਉਨ੍ਹਾਂ ਨੇ ਜਦੋਂ ਗੁਰੂ ਘਰ ਦੀ ਅਲੌਕਿਕ ਲਾਈਟਿੰਗ ਅਤੇ ਦੀਪਮਾਲਾ ਨੂੰ ਆਪਣੀ ਅੱਖਾਂ ਨਾਲ ਦੇਖਿਆ, ਤਾਂ ਉਨ੍ਹਾਂ ਦਾ ਦਿਲ ਬਾਗੋ-ਬਾਗ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੂੰ ਅਜਿਹਾ ਅਦਭੁਤ ਅਤੇ ਰੂਹਾਨੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ।
ਦੇਸ਼-ਵਿਦੇਸ਼ ਤੋਂ ਪਹੁੰਚ ਰਹੀ ਸੰਗਤ
ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਆ ਕੇ ਉਨ੍ਹਾਂ ਦੇ ਮਨ ਨੂੰ ਜਿਹੜਾ ਅਥਾਹ ਸਕੂਨ ਅਤੇ ਮਾਨਸਿਕ ਚੈਨ ਮਿਲਿਆ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਉਹ ਮਲੇਸ਼ੀਆ ਵਿੱਚ ਹੀ ਰਹਿੰਦੇ ਤਾਂ ਉਨ੍ਹਾਂ ਨੂੰ ਕਦੇ ਵੀ ਅਜਿਹਾ ਮਾਨਸਿਕ ਸਕੂਨ ਨਹੀਂ ਮਿਲ ਸਕਦਾ ਸੀ, ਜਿੰਨਾ ਉਨ੍ਹਾਂ ਨੂੰ ਗੁਰੂ ਘਰ ਦੀ ਹਜ਼ੂਰੀ ਵਿੱਚ ਆ ਕੇ ਪ੍ਰਾਪਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਪਹਿਲਾਂ ਵੀ ਪੰਜਾਬ ਆਉਂਦੇ ਰਹੇ ਹਨ, ਪਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਤਿਉਹਾਰ ਮੌਕੇ ਉਨ੍ਹਾਂ ਦਾ ਇਹ ਪਹਿਲਾ ਤਜ਼ਰਬਾ ਹੈ। ਗੁਰੂ ਰਾਮਦਾਸ ਜੀ ਦੀ ਧਰਤੀ ਦੀ ਸਿਫ਼ਤ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੋਂ ਦਾ ਹਰ ਇੱਕ ਪਲ ਅਤੇ ਹਰ ਇੱਕ ਨਜ਼ਾਰਾ ਬਹੁਤ ਹੀ ਖੂਬਸੂਰਤ ਯਾਨੀ “ਵੈਰੀ ਬਿਊਟੀਫੁਲ” ਹੈ। ਉਨ੍ਹਾਂ ਅੰਤ ਵਿੱਚ ਸਮੂਹ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਗੁਰੂ ਘਰ ਪ੍ਰਤੀ ਆਪਣੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕੀਤਾ।
