ਪੰਜਾਬ ਦੀਆਂ ਜੇਲ੍ਹਾਂ ‘ਚ ਚਲਾਇਆ ਗਿਆ ‘ਆਪ੍ਰੇਸ਼ਨ ਸਤਰਕ’, 25 ਜੇਲ੍ਹਾਂ ‘ਚੋਂ ਬਰਾਮਦ ਹੋਏ 21 ਫੋਨ
Operation Satrak in Punjab Jails: ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਬੁੱਧਵਾਰ ਨੂੰ ਵਿਸ਼ੇਸ ਚੈਕਿੰਗ ਮੁਹਿੰਮ ਆਪਰੇਸ਼ਨ ਸਤਰਕ ਨੂੰ ਅੰਜਾਮ ਦਿੱਤਾ ਗਿਆ। ਪੜ੍ਹੋ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ, ਲੁਧਿਆਣਾ ਤੋਂ ਰਾਜੇਂਦਰ ਅਰੋੜਾ ਅਤੇ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਇਹ ਖ਼ਾਸ ਰਿਪੋਰਟ....
ਅੰਮ੍ਰਿਤਸਰ ਨਿਊਜ਼। ਬੁੱਧਵਾਰ ਨੂੰ ਪੂਰੇ ਪੰਜਾਬ ਦੀਆ ਜੇਲ੍ਹਾਂ (Punjab Jails) ਵਿੱਚ ਆਪ੍ਰੇਸ਼ਨ ਸਤਰਕ (Operation Satrak) ਚਲਾਇਆ ਗਿਆ, ਇਸ ਦੇ ਤਹਿਤ ਪੂਰੇ ਸੂਬੇ ਦੀਆਂ ਜੇਲ੍ਹਾਂ ਦੀ ਡੁੰਘਾਈ ਨਾਲ ਜਾਂਚ ਕੀਤੀ ਗਈ। ਦਰਅਸਲ, ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਜੇਲ੍ਹ ਦੇ ਅੰਦਰ ਕੈਦੀ ਸ਼ਰੇਆਮ ਨਸ਼ਾ ਕਰਦੇ ਹਨ ਤੇ ਮੋਬਾਇਲ ਫੋਨ ਤੇ ਅੰਦਰ ਬੈਠੇ ਹੀ ਆਪਣਾ ਕਾਰੋਬਾਰ ਚਲਾ ਰਹੇ ਹਨ।
ਇਸਦੇ ਚੱਲਦਿਆਂ ਹੀ ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਪੰਜਾਬ ਭਰ ਦੀਆ ਜੇਲ੍ਹਾਂ ਵਿੱਚ ਸਰਚ ਆਪਰੇਸ਼ਨ ਚਲਾਇਆ। ਇਸ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੂੰ ਤਕਰੀਬਨ 21 ਮੋਬਾਇਲ ਫੋਨ ਬਰਾਮਦ ਹੋਏ ਹਨ।
ਅੰਮਿਤਸਰ ਕੇਂਦਰੀ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਵਿੱਚ ਤਕਰੀਬਨ ਢਾਈ ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਜੇਲ੍ਹ ਸੁਪਰੀਡੈਂਟ ਤੇ ਸਾਡੀ ਟੀਮ ਵੱਲੋਂ ਜੇਲ੍ਹ ਵਿੱਚ ਭਾਲ ਮੁਹਿੰਮ ਚਲਾਈ ਗਈ ਸੀ। ਪੁਲਿਸ ਦੇ 300 ਤੋਂ ਵੱਧ ਜਵਾਨਾਂ ਨੇ ਸਾਰੀਆਂ ਬੈਰਕਾਂ ਦੇ ਅੰਦਰ ਚੱਪੇ ਚੱਪੇ ਦੀ ਤਲਾਸੀ ਲਈ।
ਅੰਮ੍ਰਿਤਸਰ ਦੀ ਜੇਲ੍ਹ ‘ਚ ਤਲਾਸ਼ੀ ਮੁਹਿੰਮ
ਡੀਸੀਪੀ ਭੰਡਾਲ ਨੇ ਦੱਸਿਆ ਕਿ ਇਸ ਜੇਲ੍ਹ ਵਿੱਚ 3750 ਦੇ ਕਰੀਬ ਕੈਦੀ ਬੰਦ ਹਨ। ਜੇਲ੍ਹ ਚੋਂ ਲਗਾਤਾਰ ਮੋਬਾਇਲ, ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜਯੋਗ ਵਸਤਾਂ ਮਿਲਣ ਦੀਆਂ ਖਬਰਾਂ ਤੋਂ ਬਾਅਦ ਇਸ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆਂ ਕਿ 300 ਜਵਾਨਾਂ ਦੇ ਨਾਲ-ਨਾਲ ਸਨਿਫਰ ਡੌਗਜ਼ ਨੂੰ ਵੀ ਸ਼ਾਮਲ ਕੀਤਾ ਗਿਆ। ਪੂਰੇ ਆਲੇ ਦੁਆਲੇ ਦੇ ਇਲਾਕ਼ੇ ਨੂੰ ਸੀਲ ਕਰਕੇ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਜਿਹੜੇ ਕੈਦੀ ਨਸ਼ੇ ਕਰਦੇ ਰਹੇ ਹਨ, ਉਨ੍ਹਾਂ ਦੀ ਸਿਹਤ ਦੀ ਜਾਂਚ ਲਈ ਡਾਕਟਰੀ ਟੀਮ ਮੁੱਹਈਆ ਕਰਵਾਈ ਗਈ ਸੀ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਅੰਦਰ ਜੈਮਰ ਟਾਵਰ ਲਗਾਏ ਗਏ ਹਨ। ਉਨ੍ਹਾਂ ਦੇ ਨਾਲ ਅੰਦਰ ਮੋਬਾਇਲ ਫ਼ੋਨ ਦੀ ਰੇਂਜ ਬਿਲਕੁਲ ਬੰਦ ਹੋ ਜਾਂਦੀ ਹੈ। ਸਰਚ ਓਪਰੇਸ਼ਨ ਦੌਰਾਨ ਟਾਵਰਾਂ ਦੀ ਜਾਂਚ ਲਈ ਤਕਨੀਕੀ ਮਾਹਿਰ ਵੀ ਬੁਲਾਏ ਗਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਜੈਮਰ ਟਾਵਰ ਲੱਗਣ ਨਾਲ ਜੇਲ੍ਹ ਦੇ ਨੇੜਲੇ ਪਿੰਡਾਂ ਦੇ ਲੋਕ ਕਾਫੀ ਪਰੇਸ਼ਾਨ ਹਨ, ਕਿਉਂਕਿ ਇਨ੍ਹਾਂ ਟਾਵਰਾਂ ਕਰਕੇ ਉਨ੍ਹਾਂ ਦੇ ਮੋਬਾਇਲ ਫ਼ੋਨ ਵੀ ਨਹੀਂ ਚਲਦੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਚ ਆਪਰੇਸ਼ਨ ਦੇ ਨਾਲ ਹੀ ਕੈਦੀਆਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਦਾ ਵੀ ਹੱਲ ਕੀਤਾ ਗਿਆ।
ਲੁਧਿਆਣਾ ਜੇਲ੍ਹ ‘ਚ ਸਰਚ ਆਪਰੇਸ਼ਨ
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ (Mandeep Singh Sidhu) ਦੀ ਅਗੁਵਾਈ ਹੇਠ ਤਲਾਸ਼ੀ ਮੁਹਿੰਮ ਚਲਾਈ, ਇਸ ਦੌਰਾਨ ਜਿੱਥੇ ਉਹ ਵੱਖ-ਵੱਖ ਬੈਰਕਾਂ ‘ਤੇ ਜਾ ਕੇ ਪੁਲਿਸ ਦੇ ਜਵਾਨਾਂ ਨੇ ਚੈਕਿੰਗ ਕੀਤੀ, ਤਾਂ ਉੱਥੇ ਹੀ ਇਸ ਵਿੱਚ ਸੀਨੀਅਰ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਨ੍ਹਾਂ ਦੀ ਅਗੁਵਾਈ ਹੇਠ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕੀਤੀ ਗਈ।
ਇਸ ਤੋਂ ਇਲਾਵਾ ਜੇਲ੍ਹ ਦੀ ਚਾਰਦੀਵਾਰੀ ਦੇ ਘੇਰੇ ਦੇ ਉਪਰੋਂ ਮੋਬਾਈਲ ਸੁੱਟੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਪੁਲਿਸ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਜੋ ਵੀ ਜੇਲ੍ਹ ਅੰਦਰ ਕੋਈ ਵੀ ਚੀਜ਼ ਸੁਟਦੇ ਹੋਏ ਵੇਖਿਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਗੁਰਦਾਸਪੁਰ ਦੀ ਜੇਲ੍ਹ ‘ਚ ਵੀ ਵਿਸ਼ੇਸ਼ ਚੈਕਿੰਗ ਮੁਹਿੰਮ
ਉੱਧਰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵੀ ‘ਆਪ੍ਰੇਸ਼ਨ ਸਤਰਕ’ ਨੂੰ ਅੰਜਾਮ ਦਿੱਤਾ ਗਿਆ। ਜਿਲ੍ਹੇ ਦੀ ਐਸਐਸਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਵੱਲੋਂ ਇੱਕ ਟੀਮ ਦਾ ਗਠਨ ਕਰਕੇ ਜੇਲ੍ਹਾਂ ਅੰਦਰ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਮੌਕੇ ਐਸਐਸਪੀ ਨੇ ਦੱਸਿਆ ਕਿ ਜੇਲ੍ਹਾਂ ਅੰਦਰ ਬਹਿ ਕੇ ਗੈਂਗ ਚਲਾਉਣ ਵਾਲੇ ਮੁਲਜ਼ਮਾਂ ਤੇ ਨੱਥ ਪਾਉਣ ਲਈ ਇਹ ਆਪਰੇਸ਼ਨ ਚਲਾਇਆ ਗਿਆ।
ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨਵਇੰਦਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਚੈਕਿੰਗ ਅਭਿਆਨ ਦੌਰਾਨ ਗੁਰਦਾਸਪੁਰ ਪੁਲਿਸ ਦੇ 200 ਦੇ ਕਰੀਬ ਮੁਲਾਜ਼ਮਾਂ ਨੇ ਵੱਖ-ਵੱਖ ਟੀਮਾਂ ਬਣਾ ਕੇ ਕੇਂਦਰੀ ਜੇਲ੍ਹ ਦੀਆਂ ਸਾਰੀਆਂ ਬੈਰਿਕਾਂ ਦੀ ਚੈਕਿੰਗ ਕੀਤੀ।
ਇਸ ਤੋਂ ਇਲਾਵਾ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਵੀ ਆਪ੍ਰੇਸ਼ਨ ਸਤਰਕ ਚਲਾ ਕੇ ਡੁੰਘਾਈ ਨਾਲ ਸਾਰੀਆਂ ਬੈਰਕਾਂ ਦੀ ਤਲਾਸ਼ੀ ਲਈ ਗਈ। ਹਾਲਾਂਕਿ, ਖਬਰ ਲਿੱਖੇ ਜਾਣ ਤੱਕ ਕੁਝ ਵੀ ਇਤਰਾਜ਼ਯੋਗ ਚੀਜ਼ ਮਿਲਣ ਦੀ ਖ਼ਬਰ ਸਾਹਮਣੇ ਨਹੀਂ ਆਈ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ