ਜਲੰਧਰ ‘ਚ ਦਿਨਦਿਹਾੜੇ ਚੋਰੀ ਹੋਈ ਬਾਈਕ, ਮਾਸਟਰ ਤਾਰਾ ਸਿੰਘ ਨਗਰ ਦੀ ਘਟਨਾ ਸੀਸੀਟੀਵੀ ‘ਚ ਕੈਦ
ਪੀੜਤ ਰੋਹਿਤ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮਾਸਟਰ ਤਾਰਾ ਸਿੰਘ ਨਗਰ ਸਥਿਤ ਕੋਠੀ ਨੰਬਰ 169-A 'ਚ ਬਣੇ ਆਪਣੇ ਦਫ਼ਤਰ ਦੇ ਬਾਹਰ ਮੋਟਰਸਾਈਕਲ ਖੜ੍ਹੀ ਕਰਕੇ ਕੰਮ ਕਰਨ ਲਈ ਅੰਦਰ ਚਲਾ ਗਿਆ ਸੀ। ਦੁਪਹਿਰ ਕਰੀਬ ਸਵਾ 12 ਵਜੇ ਜਦੋਂ ਉਹ ਕਿਸੇ ਕੰਮ ਲਈ ਬਾਹਰ ਆਇਆ ਤਾਂ ਉਸ ਦੀ ਬਾਈਕ ਉੱਥੋਂ ਗਾਇਬ ਸੀ।
ਜਲੰਧਰ ਸ਼ਹਿਰ ‘ਚ ਵਾਹਨ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਚੋਰਾਂ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਹੁਣ ਭੀੜ-ਭੜੱਕੇ ਵਾਲੇ ਇਲਾਕਿਆਂ ‘ਚ ਵੀ ਵਾਹਨ ਸੁਰੱਖਿਅਤ ਨਹੀਂ ਰਹੇ। ਤਾਜ਼ਾ ਮਾਮਲਾ ਮਾਸਟਰ ਤਾਰਾ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸੋਮਵਾਰ ਦੁਪਹਿਰ ਕਰੀਬ 12:15 ਵਜੇ ਇੱਕ ਕੰਪਨੀ ਦੇ ਦਫ਼ਤਰ ਦੇ ਬਾਹਰ ਖੜ੍ਹੀ ਕਰਮਚਾਰੀ ਦੀ ਹੀਰੋ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਈ। ਚੋਰੀ ਹੋਈ ਬਾਈਕ ਦਾ ਨੰਬਰ PB08 FM 3083 ਹੈ, ਜੋ ਰੋਹਿਤ ਨਾਮਕ ਨੌਜਵਾਨ ਦੀ ਦੱਸੀ ਜਾ ਰਹੀ ਹੈ।
ਪੀੜਤ ਰੋਹਿਤ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮਾਸਟਰ ਤਾਰਾ ਸਿੰਘ ਨਗਰ ਸਥਿਤ ਕੋਠੀ ਨੰਬਰ 169-A ‘ਚ ਬਣੇ ਆਪਣੇ ਦਫ਼ਤਰ ਦੇ ਬਾਹਰ ਮੋਟਰਸਾਈਕਲ ਖੜ੍ਹੀ ਕਰਕੇ ਕੰਮ ਕਰਨ ਲਈ ਅੰਦਰ ਚਲਾ ਗਿਆ ਸੀ। ਦੁਪਹਿਰ ਕਰੀਬ ਸਵਾ 12 ਵਜੇ ਜਦੋਂ ਉਹ ਕਿਸੇ ਕੰਮ ਲਈ ਬਾਹਰ ਆਇਆ ਤਾਂ ਉਸ ਦੀ ਬਾਈਕ ਉੱਥੋਂ ਗਾਇਬ ਸੀ। ਉਸ ਨੇ ਆਸ-ਪਾਸ ਕਾਫ਼ੀ ਭਾਲ ਕੀਤੀ, ਪਰ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਥਾਣਾ ਛੋਟੀ ਬਾਰਾਂਦਰੀ ‘ਚ ਦਿੱਤੀ ਸ਼ਿਕਾਇਤ, ਫੁਟੇਜ ਦੇਣ ਦੇ ਬਾਵਜੂਦ ਕਾਰਵਾਈ ਨਾ ਹੋਣ ਦੇ ਇਲਜ਼ਾਮ
ਰੋਹਿਤ ਮੁਤਾਬਕ, ਉਸ ਵੱਲੋਂ ਇਸ ਸਬੰਧੀ ਥਾਣਾ ਛੋਟੀ ਬਾਰਾਂਦਰੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤ ਪੱਖ ਦਾ ਇਲਜ਼ਾਮ ਹੈ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਅਤੇ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਉਣ ਦੇ ਬਾਵਜੂਦ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਤੇ ਨਾ ਹੀ ਚੋਰਾਂ ਬਾਰੇ ਕੋਈ ਸੁਰਾਗ ਮਿਲ ਸਕਿਆ ਹੈ।
ਦਿਨਦਿਹਾੜੇ ਵਾਪਰੀ ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਤੇ ਦਫ਼ਤਰਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਪੀੜਤ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਾਮਲੇ ‘ਚ ਦਖ਼ਲ ਦੇਣ ਦੀ ਅਪੀਲ ਕਰਦਿਆਂ ਚੋਰੀ ਹੋਈ ਬਾਈਕ ਜਲਦ ਤੋਂ ਜਲਦ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ।
