Minister’s on Moose Wala: ਮੰਤਰੀਆਂ ਵੱਲੋਂ ਕੀਤੀਆਂ ਟਿੱਪਣੀਆਂ ‘ਤੇ ਭੜਕੇ ਚਮਕੌਰ ਸਿੰਘ
Minister's on Moose Wala: ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੀ ਟਿੱਪਣੀ 'ਤੇ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਭੜਕ ਗਏ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਦੇ ਰਾਕੇਟ ਸਾਇੰਸ ਵਾਲੇ ਬਿਆਨ ਤੋਂ ਸਿੱਧੂ ਦਾ ਪਰਿਵਾਰ ਦੁੱਖੀ ਹੈ। ਕਿਉਂਕਿ ਸਿੱਧੂ ਮੂਸੇਵਾਲਾ ਨੇ ਖੁਦਕੁਸ਼ੀ ਨਹੀਂ ਕੀਤੀ। ਉਹਨਾਂ ਸਰਕਾਰ ਦੇ ਮੰਤਰੀਆਂ ਨੂੰ ਬਚਕਾਨੀਆਂ ਹਰਕਤਾਂ ਤੋਂ ਬਾਜ ਆਉਣ ਦੀ ਅਪੀਲ ਵੀ ਕੀਤੀ।
ਮਾਨਸਾ ਨਿਊਜ਼: ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਅਮਨ ਅਰੋੜਾ ਦੇ ਰਾਕੇਟ ਸਾਇੰਸ ਵਾਲੇ ਬਿਆਨ ਤੋਂ ਸਿੱਧੂ ਦਾ ਪਰਿਵਾਰ ਦੁੱਖੀ ਹੈ। ਕਿਉਂਕਿ ਸਿੱਧੂ ਮੂਸੇਵਾਲਾ (Sidhu Moose Wala) ਨੇ ਖੁਦਕੁਸ਼ੀ ਨਹੀਂ ਕੀਤੀ। ਉਹਨਾਂ ਸਰਕਾਰ ਦੇ ਮੰਤਰੀਆਂ ਨੂੰ ਬਚਕਾਨੀਆਂ ਹਰਕਤਾਂ ਤੋਂ ਬਾਜ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਤੁਹਾਡਾ ਲੋਕਾਂ ਪ੍ਰਤੀ ਰੱਵਈਆ ਹੈ, ਉਸ ਤੋਂ ਇਹ ਨਹੀਂ ਲੱਗਦਾ ਕਿ ਤੁਹਾਡਾ ਰਾਜਭਾਗ ਲੰਬਾ ਚੱਲੇਗਾ।
ਸਰਕਾਰ ਜਾਣ ਦੀ ਹੈ ਕੀ ਅਸਲ ਸਾਜਿਸ਼ ਕਰਤਾ ਕੌਣ?
ਸਿੱਧੂ ਮੂਸੇ ਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਮੇਰੇ ਭਰਾ ਹੋਰੀਂ ਪਿਛਲੇ ਦਿਨੀਂ ਵਿਧਾਨ ਸਭਾ ਵਿੱਚ ਗਏ ਸਨ ਅਤੇ ਉੱਥੇ ਜਾਣ ਦਾ ਇੱਕ ਮਕਸਦ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਸਾਜਿਸ਼ ਕਰਤਾਵਾਂ ਬਾਰੇ ਚੁੱਪੀ ਧਾਰੀ ਹੋਈ ਸੀ। ਉਹਨਾਂ ਕਿਹਾ ਕਿ ਗੋਲੀਆਂ ਮਾਰਨ ਵਾਲੇ ਕਿਰਾਏ ਦੇ ਬੰਦਿਆਂ ਨੂੰ ਤਾਂ ਪੁਲਿਸ ਨੇ ਫੜ ਲਿਆ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਗੱਲ ਬਨਣ ਵਾਲੀ ਨਹੀਂ ਹੈ ਕਿਉਂਕਿ ਸਰਕਾਰ ਅਤੇ ਇਸ ਦੇ ਮੰਤਰੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸਲ ਸਾਜਿਸ਼ਕਰਤਾ ਕੌਣ ਹਨ। ਉਹਨਾਂ ਕਿਹਾ ਕਿ ਅਸੀਂ ਸਾਰੀ ਅਫਸਰਸ਼ਾਹੀ ਨੂੰ ਦੱਸ ਚੁੱਕੇ ਹਾਂ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਅਤੇ ਅਸੀਂ ਆਪਣੇ ਬਿਆਨ ਪੁਲਿਸ ਕੋਲ ਦਰਜ ਕਰਵਾ ਚੁੱਕੇ ਹਾਂ। ਅਤੇ ਇਹਨਾਂ ਬੰਦਿਆਂ ਤੋਂ ਤਰਿਕੇ ਨਾਲ ਪੁੱਛਗਿੱਛ ਕੀਤੀ ਜਾਵੇ।
ਅਮਨ ਅਰੋੜਾ ਵਿਧਾਨਸਭਾ ‘ਚ ਦਿੱਤੇ ਬਿਆਨ ‘ਤੇ ਮਾਫ਼ੀ ਮੰਗਣ
ਸਿੱਧੂ ਮੂਸੇ ਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਸ਼ਾਇਦ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਸੀ ਪਰ ਅਸੀਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਰਾਕੇਟ ਸਾਇੰਸ ਵਾਲੇ ਬਿਆਨ ਤੋਂ ਬਹੁਤ ਦੁਖੀ ਹਾਂ ਕਿਉਂਕਿ ਸਿੱਧੂ ਮੂਸੇਵਾਲਾ ਨੇ ਪਿਸਤੌਲ ਨਾਲ ਗੋਲੀ ਮਾਰਕੇ ਖੁਦਕੁਸ਼ੀ ਨਹੀਂ ਕੀਤੀ। ਉਹਨਾਂ ਕਿਹਾ ਕਿ 9 ਤਾਰੀਖ ਨੂੰ ਚੋਣਾਂ ਦਾ ਨਤੀਜਾ ਆਇਆ ਤਾਂ 10 ਤਾਰੀਖ ਨੂੰ ਪਤਾ ਨਹੀਂ ਤੁਹਾਡੇ ਕਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ। ਉਹਨਾਂ ਕਿਹਾ ਕਿ 20 ਤਾਰੀਖ ਤੱਕ ਸਿੱਧੂ ਮੂਸੇਵਾਲਾ ਕੋਲ ਇੱਕ ਵੀ ਸਿਪਾਹੀ ਸੁਰੱਖਿਆ ਲਈ ਨਹੀਂ ਸੀ ਅਤੇ 10 ਦਿਨਾਂ ਵਿੱਚ ਕੋਈ ਪੱਤਾ ਵੀ ਨਹੀਂ ਝੂਲਿਆ।ਕਿਉਂਕਿ ਉਸ ਸਮੇਂ ਸਿੱਧੂ ਕੋਲ ਸੁਰੱਖਿਆ ਨਾ ਹੋਣ ਦਾ ਕੋਈ ਪ੍ਰਚਾਰ ਨਹੀਂ ਹੋਇਆ ਸੀ, ਪਰਜਦੋਂ ਤੁਸੀਂ ਇਸ ਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਕਿ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਜਿਸ ਤੋਂ ਬਾਅਦ ਇੱਕ ਦਿਨ ਵੀ ਨਹੀਂ ਲੱਗਿਆ। ਉਹਨਾਂ ਕਿਹਾ ਕਿ ਇਹ ਰਾਕਟ ਸਾਇੰਸ ਨਹੀਂ ਹੈ ਕਿ ਜੇਕਰ ਤੁਸੀਂ ਪ੍ਰਚਾਰ ਨਾ ਕਰਦੇ ਤਾਂ ਇਹ ਘਟਨਾ ਨਹੀਂ ਹੋਣੀ ਸੀ। ਉਹਨਾਂ ਕਿਹਾ ਕਿ ਅਮਨ ਅਰੋੜਾ ਨੂੰ ਵਿਧਾਨਸਭਾ ਵਿੱਚ ਦਿੱਤੇ ਆਪਣੇ ਬਿਆਨ ਲਈ ਮਾਫ਼ੀ ਮੰਗਣੀ ਚਾਹੀਦੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ