ਹਮਲੇ ਦੇ ਸਮੇਂ ਵੀਡੀਓ ਕਾਲ ‘ਤੇ ਆਇਆ ਸੀ ਰਿੰਦਾ… ਮੋਹਾਲੀ ਹਮਲੇ ਦਾ ਪਾਕਿ ਕੁਨੈਕਸ਼ਨ
ਮੋਹਾਲੀ 'ਚ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੀਪਕ ਰੰਗਾ ਨੇ ਵੱਡਾ ਰਾਜ ਖੋਲ੍ਹਿਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਦੀਪਕ ਨੂੰ ਪਾਕਿਸਤਾਨੀ ਅੱਤਵਾਦੀ ਰਿੰਦਾ ਨੇ ਵੀਡੀਓ ਕਾਲ 'ਤੇ ਰਾਕੇਟ ਚਲਾਉਣ ਦੀ ਟ੍ਰੇਨਿੰਗ ਦਿੱਤੀ ਸੀ।
ਮੋਹਾਲੀ ਵਿੱਚ ਆਰਪੀਜੀ ਹਮਲੇ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਆਪਣੀ ਜਾਂਚ ‘ਚ ਪਾਇਆ ਹੈ ਕਿ ਹਮਲੇ ਦੇ ਸਮੇਂ ਦੀਪਕ ਰੰਗਾ ਪਾਕਿਸਤਾਨੀ ਅੱਤਵਾਦੀ ਰਿੰਦਾ ਨਾਲ ਵੀਡੀਓ ਕਾਲ ‘ਤੇ ਸੀ। ਰਿੰਦਾ ਨੇ ਦੀਪਕ ਨੂੰ ਵੀਡੀਓ ਕਾਲ ‘ਤੇ ਹੀ ਆਰਪੀਜੀ ਆਧਾਰਿਤ ਗ੍ਰੇਨੇਡ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਦਿੱਤੀ ਸੀ। ਐਨਆਈਏ ਨੇ ਪਿਛਲੇ ਮਹੀਨੇ ਦੀਪਕ ਨੂੰ ਗ੍ਰਿਫਤਾਰ ਕੀਤਾ ਸੀ।
ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ, ਪਾਕਿਸਤਾਨ ਵਿਚ ਬੈਠਾ ਰਿੰਦਾ ਦੀਪਕ ਨੂੰ ਵੀਡੀਓ ਕਾਲ ਕਰਦਾ ਸੀ ਅਤੇ ਉਸ ਨੂੰ ਰਾਕੇਟ ਆਧਾਰਿਤ ਗ੍ਰੇਨੇਡ ਦੀ ਵਰਤੋਂ ਕਰਨਾ ਸਿਖਾਇਆ ਸੀ। ਸੂਤਰਾਂ ਨੇ ਦੱਸਿਆ ਕਿ ਐਨਆਈਏ ਨੇ ਆਪਣੀ ਜਾਂਚ ਵਿੱਚ ਇਹ ਵੀ ਪਾਇਆ ਹੈ ਕਿ ਰਿੰਦਾ ਨੇ ਦੀਪਕ ਨੂੰ ਕੱਟੜਪੰਥੀ ਬਣਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ। ਇਸ ਦੇ ਲਈ ਉਹ ਦੀਪਕ ਨੂੰ ਪੁਲਿਸ ਦੀ ਬੇਰਹਿਮੀ ਦੀ ਕਹਾਣੀ ਸੁਣਾਇਆ ਕਰਦਾ ਸੀ।
ਬਿਲਡਰ ਦੇ ਕਤਲ ‘ਚ ਵੀ ਸੀ ਸ਼ਾਮਲ
ਸੂਤਰਾਂ ਮੁਤਾਬਕ ਦੀਪਕ ਨੇ ਪਿਛਲੇ ਸਾਲ ਮਹਾਰਾਸ਼ਟਰ ਦੇ ਨਾਂਦੇੜ ‘ਚ ਬਿਲਡਰ ਸੰਜੇ ਬਿਆਨੀ ਦੀ ਹੱਤਿਆ ‘ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਲਈ ਵੀ ਦੀਪਕ ਨੂੰ ਰਿੰਦਾ ਤੋਂ ਹਦਾਇਤਾਂ ਮਿਲੀਆਂ ਸਨ। ਜਾਂਚ ਏਜੰਸੀ ਨੇ ਦੀਪਕ ਨੂੰ ਪਿਛਲੇ ਮਹੀਨੇ ਦੀ 25 ਤਰੀਕ ਨੂੰ ਯੂਪੀ ਦੇ ਗੋਰਖਪੁਰ ਤੋਂ ਗ੍ਰਿਫਤਾਰ ਕੀਤਾ ਸੀ। ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਿੰਦਾ ਨੂੰ ਯੂਏਪੀਏ ਤਹਿਤ ਅੱਤਵਾਦੀ ਐਲਾਨਇਆ ਹੈ। ਸਰਕਾਰ ਨੇ ਕਿਹਾ ਹੈ ਕਿ ਰਿੰਦਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜਿਆ ਹੋਇਆ ਹੈ ਅਤੇ ਇਸ ਸਮੇਂ ਪਾਕਿਸਤਾਨ ਦੇ ਲਾਹੌਰ ਵਿੱਚ ਰਹਿ ਰਿਹਾ ਹੈ।