ਮੁਹਾਲੀ ‘ਚ ਨਵੰਬਰ ਤੋਂ ਸ਼ੁਰੂ ਹੋਵੇਗਾ ਆਨਲਾਈਨ ਚਲਾਨ, 20 ਪੁਆਇੰਟਾਂ ‘ਤੇ ਲਗਾਏ 400 ਹਾਈ-ਡੈਫੀਨੇਸ਼ਨ ਕੈਮਰੇ
ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੀਫ ਇੰਜਨੀਅਰ ਰਣਜੋਤ ਸਿੰਘ ਮੁਤਾਬਕ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹਨ। ਜ਼ਿਆਦਾਤਰ ਕੈਮਰੇ ਮੁਹਾਲੀ ਦੀਆਂ ਮੁੱਖ ਸੜਕਾਂ 'ਤੇ ਲਗਾਏ ਗਏ ਹਨ। ਗਮਾਡਾ ਵੱਲੋਂ ਕੁਝ ਥਾਵਾਂ 'ਤੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ, ਜਿੱਥੇ ਕੈਮਰੇ ਲਾਉਣੇ ਪੈਂਡਿੰਗ ਹਨ।
ਮੁਹਾਲੀ ਸ਼ਹਿਰ ਦੀਆਂ ਸੜਕਾਂ ‘ਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਹੁਣ ਮਹਿੰਗੀ ਪੈ ਸਕਦੀ ਹੈ, ਕਿਉਂਕਿ ਨਵੰਬਰ ਤੋਂ ਟ੍ਰੈਫਿਕ ਨਿਯਮ ਤੋੜਨ ‘ਤੇ ਤੁਰੰਤ ਆਨਲਾਈਨ ਚਲਾਨ ਕੱਟੇ ਜਾਣਗੇ। ਟਰੈਫਿਕ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਮੁਹਾਲੀ ਦੇ ਚੋਣਵੇਂ 20 ਪੁਆਇੰਟਾਂ ‘ਤੇ 400 ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਾਏ ਗਏ ਹਨ, ਜਿਨ੍ਹਾਂ ਦਾ ਕੰਮ ਅੰਤਿਮ ਪੜਾਅ ‘ਤੇ ਹੈ। ਇਨ੍ਹਾਂ ਕੈਮਰਿਆਂ ਨਾਲ ਪੁਲਿਸ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟਣਾ ਆਸਾਨ ਹੋ ਜਾਵੇਗਾ।
ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੀਫ ਇੰਜਨੀਅਰ ਰਣਜੋਤ ਸਿੰਘ ਮੁਤਾਬਕ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹਨ। ਜ਼ਿਆਦਾਤਰ ਕੈਮਰੇ ਮੁਹਾਲੀ ਦੀਆਂ ਮੁੱਖ ਸੜਕਾਂ ‘ਤੇ ਲਗਾਏ ਗਏ ਹਨ। ਗਮਾਡਾ ਵੱਲੋਂ ਕੁਝ ਥਾਵਾਂ ‘ਤੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ, ਜਿੱਥੇ ਕੈਮਰੇ ਲਾਉਣੇ ਪੈਂਡਿੰਗ ਹਨ। ਇਸ ਦੌਰਾਨ ਰਣਜੋਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਥਾਵਾਂ ‘ਤੇ ਕੈਮਰੇ ਲਾਏ ਗਏ ਹਨ, ਉਨ੍ਹਾਂ ਦੇ ਚਲਾਨ ਕੱਟਣ ਦੀ ਪ੍ਰਕਿਰਿਆ ਨਵੰਬਰ ਤੋਂ ਸ਼ੁਰੂ ਹੋ ਜਾਵੇਗੀ।
ਸੋਹਾਣਾ ਥਾਣੇ ਵਿੱਚ ਕਮਾਂਡ ਸੈਂਟਰ ਤਿਆਰ
ਇਨ੍ਹਾਂ ਕੈਮਰਿਆਂ ਦਾ ਕਮਾਂਡ ਸੈਂਟਰ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਸਥਾਪਿਤ ਕੀਤਾ ਗਿਆ ਹੈ, ਜਿੱਥੋਂ ਸਾਰੇ ਕੈਮਰਿਆਂ ਦੀ ਨਿਗਰਾਨੀ ਕੀਤੀ ਜਾਵੇਗੀ। ਇੱਥੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਪੂਰੇ ਸ਼ਹਿਰ ਦੀ ਆਵਾਜਾਈ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾਵੇਗੀ। ਚਲਾਨ ਜਾਰੀ ਕਰਨ ਦੇ ਨਾਲ, ਕਿਸੇ ਵੀ ਅਪਰਾਧ ਜਾਂ ਦੁਰਘਟਨਾ ਦੀ ਸਥਿਤੀ ਵਿੱਚ ਕਮਾਂਡ ਸੈਂਟਰ ਦਾ ਸੰਚਾਲਕ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰੇਗਾ, ਜਿਸ ਨਾਲ ਪੁਲਿਸ ਜਲਦ ਤੋਂ ਜਲਦ ਮੌਕੇ ‘ਤੇ ਪਹੁੰਚ ਸਕੇਗੀ।
ਮੋਬਾਈਲ ‘ਤੇ ਮੈਸੇਜ ਰਾਹੀਂ ਭੇਜਿਆ ਜਾਵੇਗਾ ਚਲਾਨ
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਚਲਾਨ ਸਿੱਧੇ ਡਰਾਈਵਰ ਦੇ ਮੋਬਾਈਲ ‘ਤੇ ਮੈਸੇਜ ਰਾਹੀਂ ਭੇਜਿਆ ਜਾਵੇਗਾ, ਜਿਸ ਨਾਲ ਵਾਹਨ ਚਾਲਕਾਂ ਨੂੰ ਤੁਰੰਤ ਜਾਣਕਾਰੀ ਮਿਲ ਸਕੇਗੀ।