Moga Firing: ਮੋਗਾ ‘ਚ ਦਿਨ-ਦਿਹਾੜੇ ਸੁਨਿਆਰੇ ਦਾ ਗੋਲੀਆਂ ਮਾਰ ਕੇ ਕਤਲ, ਰੋਸ ਵੱਜੋਂ ਦੁਕਾਨਦਾਰਾਂ ਨੇ ਬੰਦ ਕੀਤੇ ਬਾਜ਼ਾਰ
ਜੂਲਰ ਪਰਵਿੰਦਰ ਸਿੰਘ ਦੇ ਕਤਲ ਤੋਂ ਦਹਿਸ਼ਤ 'ਚ ਆਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਸੁਧਾਰਿਆ ਜਾਵੇ, ਨਹੀਂ ਤਾਂ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਬੈਠ ਜਾਣਗੇ।
ਮੋਗਾ ਨਿਊਜ਼। ਸੋਮਵਾਰ ਨੂੰ ਮੋਗਾ ਦੀ ਰਾਮਗੰਜ ਮੰਡੀ ‘ਚ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁੱਟ-ਖੋਹ ਦੇ ਇਰਾਦੇ ਨਾਲ ਜੂਲਰ ਦੀ ਦੁਕਾਨ ਤੇ ਅੰਜਾਮ ਦਿੱਤੀ ਗਈ ਇਸ ਘਟਨਾ ‘ਚ ਗੋਲੀ ਲੱਗਣ ਨਾਲ ਦੁਕਾਨਦਾਰ ਪਰਵਿੰਦਰ ਸਿੰਘ ਵਿੱਕੀ ਦੀ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਵਾਰਦਾਤ ਤੋਂ ਨਰਾਜ ਮੋਗਾ ਦੀ ਸਰਾਫਾ ਮੰਡੀ ‘ਚ ਸਮੂਹ ਦੁਕਾਨਦਾਰਾਂ ਵੱਲੋਂ ਧਰਨਾ ਦੇ ਕੇ ਮੋਗਾ ਦਾ ਮੁੱਖ ਬਾਜ਼ਾਰ ਬੰਦ ਕਰ ਦਿੱਤਾ ਗਿਆ।
ਦੁਕਾਨਦਾਰਾਂ ਅਤੇ ਵਪਾਰੀਆਂ ਦੀ ਮੰਗ ਹੈ ਕਿ ਜਦੋਂ ਤੱਕ ਕਾਤਲ ਅਤੇ ਲੁਟੇਰੇ ਫੜੇ ਨਹੀਂ ਜਾਂਦੇ, ਉਦੋਂ ਤੱਕ ਮ੍ਰਿਤਕ ਦੁਕਾਨਦਾਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਉਹ ਰਾਤ ਨੂੰ ਤਾਂ ਅਸੁਰੱਖਿਅਤ ਮਹਿਸੂਸ ਕਰ ਹੀ ਰਹੇ ਸਨ, ਹੁਣ ਦਿਨ ਵੇਲੇ ਵੀ ਉਹ ਸੁਰੱਖਿਅਤ ਨਹੀਂ ਰਹੇ ਹਨ।


