ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਹੀ ਕੀਤਾ ਸੀ ਆਪਣੀ ਮਾਂ ‘ਤੇ ਹਮਲਾ, ਪੁਲਿਸ ਨੇ ਜਾਂਚ ਤੋਂ ਬਾਅਦ ਕੀਤਾ ਗ੍ਰਿਫਤਾਰ
Kabaddi Player Attack on Mother: ਕਬੱਡੀ ਖਿਡਾਰੀ ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਮਾਂ ਤੇ ਹਮਲਾ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Instagram/kinda_badhni21
ਮੋਗਾ ਨਿਊਜ਼। ਬੀਤੇ ਦਿਨ ਖਬਰ ਆਈ ਸੀ ਕਿ ਕੌਮਾਂਤਰੀ ਖਿਡਾਰੀ ਕੁਲਵਿੰਦਰ ਸਿੰਘ ਕਿੰਦਾ (Kulwinder Singh Kinda) ਦੇ ਮੋਗਾ ਦੇ ਪਿੰਡ ਬੱਧਨੀ ਕਲਾਂ ਵਿਖੇ ਸਥਿਤ ਘਰ ਤੇ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਸੀ, ਜਿਸ ਵਿੱਚ ਖਿਡਾਰੀ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ, ਹਾਲਾਂਕਿ ਹੁਣ ਉਸਦੀ ਮਾਂ ਦੀ ਹਾਲਤ ਸਥਿਰ ਹੈ । ਕਿੰਦਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਰੋ-ਰੋ ਕੇ ਕੁਝ ਲੋਕਾਂ ਦਾ ਨਾਂ ਲੈਂਦਿਆਂ ਉਨ੍ਹਾਂ ਤੇ ਹਮਲਾ ਕਰਨ ਦੇ ਦੋਸ਼ ਲਗਾਏ ਸਨ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ।
ਖਿਡਾਰੀ ਦੀ ਮਾਂ ‘ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ।ਪੁਲਿਸ ਮੁਤਾਬਕ, ਕੁਲਵਿੰਦਰ ਕਿੰਦਾ ਨੇ ਹੀ ਆਪਣੀ ਮਾਂ ‘ਤੇ ਹਮਲਾ ਕੀਤਾ ਸੀ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ। ਮਨਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ, ਇੰਸਪੈਕਟਰ ਪ੍ਰਤਾਪ ਸਿੰਘ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਤੇ ਪ੍ਰੀਤਮ ਸਿੰਘ ਥਾਣਾ ਬੱਧਨੀ ਕਲਾਂ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਨੇ ਘਰ ਦੇ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਲਵਿੰਦਰ ਸਿੰਘ ਕਿੰਦਾ ਦੇ ਘਰ ਕੋਈ ਵੀ ਦਾਖਲ ਨਹੀਂ ਹੋਇਆ ਸੀ।