ਪੰਜਾਬ ਦੀ ਜੇਲ੍ਹਾਂ ਚੋਂ ਲਗਾਤਾਰ ਮਿਲ ਰਹੇ ਹਨ ਮੋਬਾਈਲ ਫੋਨ
ਪੰਜਾਬ ਵਿੱਚ ਜੇਲ੍ਹਾਂ ਦੇ ਅੰਦਰੋਂ ਹੋਣ ਵਾਲੀ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਨਾਮੀ ਗੈਂਗਸਟਰ ਜੇਲ੍ਹਾਂ ਚ ਬੈਠ ਕੇ ਫਿਰੋਤੀਆਂ ਦੀ ਮੰਗ ਕਰ ਰਹੇ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵਿਭਾਗ ਆਪਣੇ ਅਧੀਨ ਕਰ ਲਿਆ ਹੈ।
ਪੰਜਾਬ ਦੀਆਂ ਜੇਲ੍ਹਾਂ ਚੋਂ ਲਗਾਤਾਰ ਮਿਲ ਰਹੇ ਮੋਬਾਇਨ ਫੋਨ ਜਿਥੇ ਪੁਲਿਸ ਪ੍ਰਸਾ਼ਸਨ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰਦੇ ਹਨ ਉਥੇ ਹੀ ਜੇਲ੍ਹਾਂ ਵਿਚ ਬੈਠੇ ਗੈਂਗਸਟਰ ਇਥੋਂ ਹੀ ਆਪਣੇ ਗੌਰਖ ਧੰਦੇ ਚਲਾਉਂਦਿਆਂ ਅਮੀਰ ਲੋਕਾਂ ਅਤੇ ਨਾਮਵਰ ਹਸਤੀਆਂ ਤੋਂ ਫਿਰੋਤੀਆਂ ਮੰਗ ਰਹੇ ਹਨ। ਜਿਸ ਕਾਰਨ ਪੰਜਾਬ ਚ ਇੱਕ ਵਿਸ਼ੇਸ਼ ਵਰਗ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਧਰ ਪੰਜਾਬ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਸਰਕਾਰ ਵਲੋਂ ਠੋਸ ਰਣਨੀਤੀ ਬਣਾ ਕੇ ਜੇਲ੍ਹਾਂ ਚੋਂ ਮੋਬਾਇਲ ਫੋਨਾਂ ਰਾਹੀਂ ਚੱਲਦਾ ਗੌਰਖ ਧੰਦਾ ਬੰਦ ਕਰਵਾਇਆ ਜਾਵੇ ਪਰ ਇਹ ਦਾਅਵੇ ਅਜੇ ਖੋਖਲੇ ਹੀ ਸਾਬਿਤ ਹੋ ਰਹੇ ਹਨ, ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਚੋਂ ਅਜੇ ਵੀ ਲਗਾਤਾਰ ਮੋਬਾਇਲ ਫੋਨ ਮਿਲ ਰਹੇ ਹਨ।
ਕਿਹੜੀਆਂ ਜੇਲ੍ਹਾਂ ਚੋਂ ਸਭ ਤੋਂ ਵੱਧ ਮਿਲ ਰਹੇ ਨੇ ਮੋਬਾਇਲ
ਜਿਕਰਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਸਮੇਤ ਫਰੀਦਕੋਟ ਮਾਡਰਨ ਜੇਲ੍ਹ, ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ, ਕਪੂਰਥਲਾ ਦੀ ਕੇਂਦਰੀ ਜੇਲ੍ਹ ਸਮੇਤ ਗੋਵਿੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਚੋਂ ਜਿਆਦਾ ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ਲੰਘੇ ਸਮੇਂ ਦੌਰਾਨ ਲਗਾਤਾਰ ਸਾਹਮਣੇ ਆ ਰਹੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਦੀਆਂ ਇਨ੍ਹਾਂ ਜੇਲ੍ਹਾਂ ਚ ਬੰਦ ਗੈਂਗਸਟਰਾਂ ਅਤੇ ਉਨ੍ਹਾਂ ਦੇ ਗੁਰਗੇ ਵੀ ਆਪਸ ਵਿਚ ਆਏ ਦਿਨ ਲੜਦੇ ਅਤੇ ਇਕ ਦੂਸਰੇ ਤੇ ਹਮਲਾ ਕਰਦੇ ਨਜ਼ਰ ਆਉਂਦੇ ਹਨ। ਲਿਹਾਜਾ ਪੰਜਾਬ ਦੀਆਂ ਇਹ ਪ੍ਰਮੁੱਖ ਜੇਲ੍ਹਾਂ ਲਗਾਤਾਰ ਸੁਰਖੀਆਂ ਵਿਚ ਚੱਲ ਰਹੀਆਂ ਹਨ।
6 ਮਹੀਨਿਆਂ ਚ ਪੰਜਾਬ ਦੀਆਂ ਜੇਲ੍ਹਾਂ ਚੋਂ ਬਰਾਮਦ ਹੋਏ 3600 ਦੇ ਕਰੀਬ ਮੋਬਾਇਲ
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਾਲ 2022 ਦੇ ਆਖਰੀ 6 ਮਹੀਨਿਆਂ ਵਿਚ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਚੋਂ 3600 ਤੋਂ ਜਿਆਦਾ ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ ਅਤੇ ਇਸ ਗੱਲ ਦੀ ਪੁਸ਼ਟੀ ਵੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਜੇਲ੍ਹਾਂ ਚੋਂ ਲਗਾਤਾਰ ਨਸ਼ੀਲੀਆਂ ਵਸਤੂਆਂ ਵੀ ਬਰਾਮਦ ਹੋ ਰਹੀਆਂ ਹਨ ਜੋ ਕਿ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ।
ਪੰਜਾਬ ਸਰਕਾਰ ਵਲੋਂ ਛੇਤੀ ਹੀ ਜੇਲਾਂ ਚ ਆਰ ਐਫ ਤਕਨਾਲੋਜੀ, ਜੋ ਕਿ ਮੋਬਾਈਲ ਨੈਟਵਰਕ ਜਾਮ ਕਰਨ ਵਾਲੀ ਦੁਨੀਆਂ ਦੀ ਅਤਿ ਆਧੁਨਿਕ ਤਕਨੀਕ ਹੈ, ਦੀ ਵਰਤੋਂ ਕਰਨ ਦੀ ਗੱਲ ਵੀ ਆਖੀ ਜਾ ਰਹੀ ਸੀ ਤਾਂ ਜੋ ਜੇਲ੍ਹ ਵਿੱਚੋਂ ਮੋਬਾਈਲ ਦੀ ਵਰਤੋਂ ਪੂਰਨ ਰੂਪ ਵਿੱਚ ਬੰਦ ਕੀਤੀ ਜਾ ਸਕੇ।
ਜੇਲ੍ਹਾਂ ਚ ਤਾਇਨਾਤ ਮੁਲਾਜ਼ਮ ਵੀ ਕਰਦੇ ਨੇ ਨਸ਼ਾ ਤਸਕਰੀ
ਇਕ ਪਾਸੇ ਜਿਥੇ ਪੰਜਾਬ ਸਰਕਾਰ ਲਈ ਜੇਲ੍ਹ ਚੋਂ ਮਿਲ ਰਹੇ ਮੋਬਾਇਲ ਫੋਨ ਵੱਡੀ ਚੁਣੌਤੀ ਬਣੇ ਹੋਏ ਹਨ ਉਥੇ ਹੀ ਲੰਘੇ ਸਮੇਂ ਦੌਰਾਨ ਅਜਿਹੇ ਬਹੁਤ ਮਾਮਲੇ ਸਾਹਮਣੇ ਆਏ ਹਨ ਜਿਥੇ ਜੇਲ੍ਹ ਚ ਤਾਇਨਾਤ ਪੁਲਿਸ ਮੁਲਾਜ਼ਮ ਜਾਂ ਹੋਰ ਅਮਲਾ ਹੀ ਖੁਦ ਕੈਦੀਆਂ ਜਾਂ ਗੈਂਗਸਟਰਾਂ ਲਈ ਮੋਬਾਇਲ ਫੋਨ ਜਾਂ ਨਸ਼ੇ ਸਪਲਾਈ ਕਰਦਿਆਂ ਫੜਿਆ ਗਿਆ ਹੈ। ਅਜਿਹੇ ਚ ਪੰਜਾਬ ਸਰਕਾਰ ਲਈ ਇਹ ਵੀ ਵੱਡੀ ਚੁਣੌਤੀ ਹੈ ਕਿ ਕਿਵੇਂ ਉਹ ਇਸ ਸਾਰੇ ਨੈਟਵਰਕ ਨੂੰ ਤੋੜਨ ਚ ਕਾਮਯਾਬ ਹੋਵੇ।