SGPC ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ‘ਚੋਂ ਮਿੱਠੂ ਕਾਹਨੇਕੇ ਨੂੰ ਕੀਤਾ ਬਾਹਰ, SIT ਜਾਂਚ ਦੀ ਮੰਗ ਨੂੰ ਲੈ ਕੇ CM ਨੂੰ ਮਿਲੇ ਸੀ ਕਾਹਨੇਕੇ
ਕਾਹਨੇਕੇ ਨੇ ਦੱਸਿਆ ਕਿ ਮੀਟਿੰਗ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਇੱਕ ਪੱਤਰ ਸੌਂਪਿਆ ਗਿਆ ਤੇ ਉਨ੍ਹਾਂ ਨੂੰ ਬੈਠਕ 'ਚ ਬੈਠਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਨਿਯਮਾਂ ਮੁਤਾਬਕ ਉਨ੍ਹਾਂ ਪਾਸੋਂ ਲਿਖਤੀ ਜਾਂ ਜ਼ੁਬਾਨੀ ਸਪੱਸ਼ਟੀਕਰਨ ਤੱਕ ਨਹੀਂ ਮੰਗਿਆ ਗਿਆ। ਇਹ ਪੂਰੀ ਤਰ੍ਹਾਂ ਇੱਕਤਰਫ਼ਾ ਤੇ ਪੱਖਪਾਤੀ ਕਾਰਵਾਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਅੰਤਰਿੰਗ ਕਮੇਟੀ ਦੀ ਬੈਠਕ ਦੌਰਾਨ ਉਸ ਸਮੇਂ ਵੱਡਾ ਵਿਵਾਦ ਖੜ੍ਹਾ ਹੋ ਗਿਆ, ਜਦੋਂ ਅੰਤਰਿੰਗ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੂੰ ਮੀਟਿੰਗ ‘ਚੋਂ ਬਾਹਰ ਕਰ ਦਿੱਤਾ ਗਿਆ। ਬੈਠਕ ‘ਚੋਂ ਬਾਹਰ ਆਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ‘ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਗੁਰਦੁਆਰਾ ਸਾਹਿਬ ਦੀਆਂ ਸਰਾਂਵਾਂ ਅੰਦਰ ਜੋ ਘਟਨਾਕ੍ਰਮ ਵਾਪਰਿਆ ਤੇ ਬੇਪਤੀਆਂ ਹੋਈਆਂ ਹਨ, ਉਸ ਦੀ ਨਿਰਪੱਖ ਜਾਂਚ ਹੋਣੀ ਬੇਹੱਦ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਸਮੁੱਚੇ ਸਿੱਖ ਜਗਤ ‘ਚ ਭਾਰੀ ਰੋਸ ਤੇ ਨਮੋਸ਼ੀ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਤੇ ਪ੍ਰਬੰਧਕ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਕਾਰਨ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਇੱਕ ਨਿਰਪੱਖ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਉਣ ਦੀ ਮੰਗ ਕੀਤੀ ਸੀ ਤਾਂ ਜੋ ਸੱਚਾਈ ਸਿੱਖ ਕੌਮ ਦੇ ਸਾਹਮਣੇ ਆ ਸਕੇ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਇੱਕ ਪੱਤਰ ਸੌਂਪਿਆ ਗਿਆ: ਕਾਹਨੇਕੇ
ਕਾਹਨੇਕੇ ਨੇ ਦੱਸਿਆ ਕਿ ਮੀਟਿੰਗ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਇੱਕ ਪੱਤਰ ਸੌਂਪਿਆ ਗਿਆ ਤੇ ਉਨ੍ਹਾਂ ਨੂੰ ਬੈਠਕ ‘ਚ ਬੈਠਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਨਿਯਮਾਂ ਮੁਤਾਬਕ ਉਨ੍ਹਾਂ ਪਾਸੋਂ ਲਿਖਤੀ ਜਾਂ ਜ਼ੁਬਾਨੀ ਸਪੱਸ਼ਟੀਕਰਨ ਤੱਕ ਨਹੀਂ ਮੰਗਿਆ ਗਿਆ। ਇਹ ਪੂਰੀ ਤਰ੍ਹਾਂ ਇੱਕਤਰਫ਼ਾ ਤੇ ਪੱਖਪਾਤੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਜਿਸ ਮਾਮਲੇ ‘ਚ ਕਾਰਵਾਈ ਹੋਣੀ ਚਾਹੀਦੀ ਸੀ, ਉਸ ਦੀ ਥਾਂ ਸੱਚ ਬੋਲਣ ਤੇ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਚਾਰ-ਮੈਂਬਰੀ ਪੜਤਾਲੀਆ ਕਮੇਟੀ ‘ਤੇ ਵੀ ਸਵਾਲ ਖੜ੍ਹੇ ਕੀਤੇ। ਕਾਹਨੇਕੇ ਅਨੁਸਾਰ ਇਸ ਜਾਂਚ ਕਮੇਟੀ ਦੇ ਕਨਵੀਨਰ ਵੱਲੋਂ ਪਹਿਲਾਂ ਹੀ ਹਾਈ ਕੋਰਟ ‘ਚ ਸ਼੍ਰੋਮਣੀ ਕਮੇਟੀ ਚੋਣਾਂ ਰੋਕਣ ਸੰਬੰਧੀ ਰਿੱਟ ਦਾਇਰ ਕੀਤੀ ਹੋਈ ਹੈ ਤੇ ਕਮੇਟੀ ਦਾ ਇੱਕ ਮੈਂਬਰ ਵਿਦੇਸ਼ ‘ਚ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਕਮੇਟੀ ਸਿਰਫ਼ ਆਪਣੀਆਂ ਖਾਮੀਆਂ ‘ਤੇ ਪਰਦਾ ਪਾਉਣ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਬਣਾਈ ਗਈ ਹੈ।
“ਧੱਕੇਸ਼ਾਹੀ ਵਿਰੁੱਧ ਚੁੱਪ ਨਹੀਂ ਬੈਠਣਗੇ”
ਕਾਹਨੇਕੇ ਨੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇੱਕ ਵਿਸ਼ੇਸ਼ ਸਿਆਸੀ ਪਰਿਵਾਰ ਦੇ ਹੁਕਮਾਂ ਅਧੀਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਰਗੀ ਪਵਿੱਤਰ ਸੰਸਥਾ, ਜੋ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਸੀ, ਉਸ ਦੇ ਪ੍ਰਬੰਧ ਨੂੰ ਸਿਆਸੀ ਲਾਹੇ ਖ਼ਾਤਰ ਦਾਅ ‘ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਹੈ ਤਾਂ ਉਹ ਜ਼ਰੂਰ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਧੱਕੇਸ਼ਾਹੀ ਵਿਰੁੱਧ ਚੁੱਪ ਨਹੀਂ ਬੈਠਣਗੇ, ਸਗੋਂ ਸਮੂਹ ਸਿੱਖ ਸੰਗਤਾਂ ਤੇ ਪੰਥਕ ਜਥੇਬੰਦੀਆਂ ਕੋਲ ਜਾ ਕੇ ਸਾਰੀ ਹਕੀਕਤ ਬਿਆਨ ਕਰਨਗੇ ਅਤੇ ਆਪਣਾ ਪੱਖ ਰੱਖਣਗੇ।


