ਫ਼ਿਰੋਜ਼ਪੁਰ ‘ਚ ਐਂਗਲੋ-ਸਿੱਖ ਵਾਰ ਮਿਊਜ਼ੀਅਮ ਦਾ ਨਵੀਨੀਕਰਣ, 10 ਕਰੋੜ ਨਾਲ ਬਦਲੀ ਨੁਹਾਰ; ਮੰਤਰੀ ਸੌਂਦ ਨੇ ਕੀਤਾ ਉਦਘਾਟਨ

Updated On: 

14 Sep 2026 20:00 PM IST

ਫ਼ਿਰੋਜ਼ਪੁਰ ਅਧੀਨ ਆਉਂਦੇ ਇਤਿਹਾਸਕ ਕਸਬੇ ਫ਼ਿਰੋਜ਼ਸ਼ਾਹ ਵਿਖੇ ਸਥਿਤ ਐਂਗਲੋ-ਸਿੱਖ ਵਾਰ ਮਿਊਜ਼ੀਅਮ ਦਾ ਨਵੀਨੀਕਰਨ ਮੁਕੰਮਲ ਹੋਣ ਉਪਰੰਤ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਸ਼ਾਨਦਾਰ ਸਮਾਗਮ ਦੌਰਾਨ ਉਦਘਾਟਨ ਕੀਤਾ ਗਿਆ।

ਫ਼ਿਰੋਜ਼ਪੁਰ ਚ ਐਂਗਲੋ-ਸਿੱਖ ਵਾਰ ਮਿਊਜ਼ੀਅਮ ਦਾ ਨਵੀਨੀਕਰਣ, 10 ਕਰੋੜ ਨਾਲ ਬਦਲੀ ਨੁਹਾਰ; ਮੰਤਰੀ ਸੌਂਦ ਨੇ ਕੀਤਾ ਉਦਘਾਟਨ

ਫ਼ਿਰੋਜ਼ਪੁਰ ਅਧੀਨ ਆਉਂਦੇ ਇਤਿਹਾਸਕ ਕਸਬੇ ਫ਼ਿਰੋਜ਼ਸ਼ਾਹ ਵਿਖੇ ਸਥਿਤ ਐਂਗਲੋ-ਸਿੱਖ ਵਾਰ ਮਿਊਜ਼ੀਅਮ ਦਾ ਨਵੀਨੀਕਰਨ ਮੁਕੰਮਲ ਹੋਣ ਉਪਰੰਤ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਸ਼ਾਨਦਾਰ ਸਮਾਗਮ ਦੌਰਾਨ ਉਦਘਾਟਨ ਕੀਤਾ ਗਿਆ। ਇਸ ਅਜਾਇਬ ਘਰ ਦੀ ਪੁਨਰ-ਉਸਾਰੀ ਅਤੇ ਆਧੁਨਿਕੀਕਰਨ ‘ਤੇ ਤਕਰੀਬਨ 10 ਕਰੋੜ ਰੁਪਏ ਦੀ ਲਾਗਤ ਆਈ ਹੈ। ਪ੍ਰਸ਼ਾਸਨ ਮੁਤਾਬਕ ਇਸ ਪ੍ਰਾਜੈਕਟ ਦਾ ਮੁੱਖ ਮਨੋਰਥ ਅਮੀਰ ਇਤਿਹਾਸਕ ਵਿਰਾਸਤ ਨੂੰ ਸੰਭਾਲਣਾ ਅਤੇ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਐਂਗਲੋ-ਸਿੱਖ ਜੰਗਾਂ ਦੇ ਗੌਰਵਮਈ ਇਤਿਹਾਸ ਨਾਲ ਆਧੁਨਿਕ ਤਕਨੀਕਾਂ ਜ਼ਰੀਏ ਰੂ-ਬ-ਰੂ ਕਰਵਾਉਣਾ ਹੈ।

50 ਸਾਲਾਂ ਬਾਅਦ ਹੋਇਆ ਕਾਇਆ-ਕਲਪ

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਆਖਿਆ ਕਿ ਫ਼ਿਰੋਜ਼ਸ਼ਾਹ ਦੀ ਪਵਿੱਤਰ ਧਰਤੀ ਸਿੱਖ ਯੋਧਿਆਂ ਦੀ ਅਦੁੱਤੀ ਦਲੇਰੀ, ਸ਼ਹਾਦਤ ਅਤੇ ਅਸਲ ਬਹਾਦਰੀ ਦੀ ਗਵਾਹ ਰਹੀ ਹੈ। ਇਹ ਯਾਦਗਾਰੀ ਅਜਾਇਬ ਘਰ 1845-46 ਅਤੇ 1848-49 ਦੌਰਾਨ ਹੋਈਆਂ ਐਂਗਲੋ-ਸਿੱਖ ਜੰਗਾਂ ਵਿੱਚ ਜੂਝਣ ਵਾਲੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਇਸ ਸਮਾਰਕ ਦੇ ਨਿਰਮਾਣ ਦੇ ਲਗਭਗ 50 ਸਾਲਾਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਦੀ ਨੁਹਾਰ ਬਦਲਣ ਦਾ ਕਾਰਜ ਨੇਪਰੇ ਚਾੜ੍ਹਿਆ ਗਿਆ ਹੈ। ਹੁਣ ਇੱਥੇ ਪੁੱਜਣ ਵਾਲੇ ਲੋਕ ਇਤਿਹਾਸ ਨੂੰ ਸਿਰਫ਼ ਪੁਰਾਤਨ ਵਸਤਾਂ ਜਾਂ ਤਸਵੀਰਾਂ ਰਾਹੀਂ ਹੀ ਨਹੀਂ ਵੇਖਣਗੇ, ਸਗੋਂ ਕਲਾ, ਰੌਸ਼ਨੀ, ਧੁਨੀ ਅਤੇ ਉੱਨਤ ਡਿਜੀਟਲ ਪ੍ਰਣਾਲੀ ਦੇ ਸੁਮੇਲ ਨਾਲ ਇੱਕ ਜੀਵੰਤ ਇਤਿਹਾਸਕ ਯਾਤਰਾ ਦਾ ਅਹਿਸਾਸ ਕਰਨਗੇ।

ਤਿੰਨ ਮੰਜ਼ਿਲਾਂ ‘ਚ ਸਮਾਇਆ ਇਤਿਹਾਸ

ਅਜਾਇਬ ਘਰ ਦੀਆਂ ਤਿੰਨ ਮੰਜ਼ਿਲਾਂ ਨੂੰ ਇੱਕ ਲੜੀਵਾਰ ਤੇ ਪ੍ਰਭਾਵਸ਼ਾਲੀ ਇਤਿਹਾਸਕ ਦਾਸਤਾਨ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਇਸ ਦੇ ਉਭਾਰ ਭਾਗ ਵਿੱਚ ਸਿੱਖ ਰਾਜ ਦੀ ਸਥਾਪਨਾ, ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਉਭਾਰ ਦੇ ਦੌਰ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਦੂਜੇ ਸੰਘਰਸ਼ ਭਾਗ ਵਿੱਚ ਸਮੁੱਚੀਆਂ ਐਂਗਲੋ-ਸਿੱਖ ਲੜਾਈਆਂ ਦਾ ਬਿਰਤਾਂਤ ਬਾਖ਼ੂਬੀ ਪੇਸ਼ ਕੀਤਾ ਗਿਆ ਹੈ, ਜਦਕਿ ਵਿਰਾਸਤ ਭਾਗ ਅੰਦਰ ਜੰਗਾਂ ਤੋਂ ਬਾਅਦ ਵਾਪਰੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਇਤਿਹਾਸਕ ਮਹੱਤਵ ਨੂੰ ਦਰਸਾਇਆ ਗਿਆ ਹੈ।

3-ਡੀ ਮੈਪਸ, ਲਾਹੌਰ ਦਰਬਾਰ ਦਾ ਦ੍ਰਿਸ਼ ਅਤੇ ਇਤਿਹਾਸਕ ਜੰਗਾਂ ਦੀ ਪੇਸ਼ਕਾਰੀ

ਇਮਾਰਤ ਦੇ ਜ਼ਮੀਨੀ ਫ਼ਰਸ਼ ‘ਤੇ ਥ੍ਰੀ-ਡੀ ਇਤਿਹਾਸਕ ਨਕਸ਼ਿਆਂ ਅਤੇ ਪ੍ਰੋਜੈਕਸ਼ਨ ਰਾਹੀਂ ਉਸ ਵੇਲੇ ਦੇ ਬਦਲਦੇ ਸਿਆਸੀ ਹਾਲਾਤਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ। ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਲਾਹੌਰ ਦਰਬਾਰ ਦੇ ਦ੍ਰਿਸ਼ ਰਾਹੀਂ ਦਰਸ਼ਕ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਸ਼ਾਨਾਮੱਤੇ ਮਾਹੌਲ ਨੂੰ ਨੇੜਿਓਂ ਮਹਿਸੂਸ ਕਰ ਸਕਦੇ ਹਨ। ਇਸ ਤੋਂ ਇਲਾਵਾ ਮੁਦਕੀ, ਫ਼ਿਰੋਜ਼ਸ਼ਾਹ, ਸਭਰਾਵਾਂ ਅਤੇ ਚੇਲੀਆਂਵਾਲਾ ਦੀਆਂ ਇਤਿਹਾਸਕ ਜੰਗਾਂ ਦੇ ਦ੍ਰਿਸ਼ਾਂ ਨੂੰ ਵਿਸ਼ੇਸ਼ ਕੰਧ-ਚਿੱਤਰਾਂ (ਮਿਊਰਲਜ਼), ਐਨੀਮੇਟਡ ਨਕਸ਼ਿਆਂ ਅਤੇ ਆਡੀਓ-ਵੀਡੀਓ ਪ੍ਰੋਡਕਸ਼ਨਾਂ ਰਾਹੀਂ ਬਹੁਤ ਹੀ ਰੋਚਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਚਿੱਤਰਕਾਰ ਕਿਰਪਾਲ ਸਿੰਘ ਦੀਆਂ ਮਹਾਨ ਕਲਾਕ੍ਰਿਤੀਆਂ

ਸ. ਸੌਂਦ ਨੇ ਜਾਣਕਾਰੀ ਦਿੱਤੀ ਕਿ ਪ੍ਰਸਿੱਧ ਚਿੱਤਰਕਾਰ ਕਿਰਪਾਲ ਸਿੰਘ ਵੱਲੋਂ ਬਣਾਏ ਚਾਰ ਇਤਿਹਾਸਕ ਚਿੱਤਰ ਇਸ ਅਜਾਇਬ ਘਰ ਦਾ ਅਹਿਮ ਕਲਾਤਮਕ ਸਰਮਾਇਆ ਹਨ। ਨਵੀਨੀਕਰਨ ਦੀ ਪ੍ਰਕਿਰਿਆ ਦੌਰਾਨ ਇਨ੍ਹਾਂ ਦੀ ਪੂਰੀ ਸੰਭਾਲ ਕਰਦੇ ਹੋਏ ਇਨ੍ਹਾਂ ਨੂੰ ਮੁੱਖ ਇਤਿਹਾਸਕ ਲੜੀ ਦਾ ਹਿੱਸਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸ਼ਾਹ ਮੁਹੰਮਦ ਦੇ ਜੰਗਨਾਮੇ ਦੀਆਂ ਰਚਨਾਵਾਂ ਅਤੇ ਜੇ.ਡੀ. ਕਨਿੰਘਮ ਦੀ ਪੁਸਤਕ ਹਿਸਟਰੀ ਆਫ਼ ਦਾ ਸਿੱਖਸ ਵਰਗੇ ਪ੍ਰਮਾਣਿਕ ਸਰੋਤਾਂ ਨੂੰ ਵੀ ਇਸ ਪੇਸ਼ਕਾਰੀ ਵਿੱਚ ਸ਼ਾਮਲ ਕੀਤਾ ਗਿਆ ਹੈ। ਅਜਾਇਬ ਘਰ ਵਿੱਚ ਲਗਾਏ ਗਏ ਟੱਚ ਪੈਨਲ, ਸੂਚਨਾ ਕੇਂਦਰ, ਡਿਜੀਟਲ ਡਿਸਪਲੇਅ ਅਤੇ ਆਡੀਓ-ਵੀਡੀਓ ਸਮੱਗਰੀ ਵਿਦਿਆਰਥੀਆਂ, ਨੌਜਵਾਨਾਂ, ਖੋਜਾਰਥੀਆਂ ਅਤੇ ਸੈਲਾਨੀਆਂ ਲਈ ਇਤਿਹਾਸ ਨੂੰ ਆਸਾਨੀ ਨਾਲ ਸਮਝਣ ਵਿੱਚ ਮਦਦਗਾਰ ਸਾਬਤ ਹੋਣਗੇ।

ਜੈਨ-ਜ਼ੈੱਡ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਨ ਲਈ ਖੁੱਲ੍ਹਾ ਸੱਦਾ

ਕੈਬਨਿਟ ਮੰਤਰੀ ਨੇ ਨੌਜਵਾਨ ਵਰਗ ਅਤੇ ਜੈਨ-ਜ਼ੈੱਡ ਪੀੜ੍ਹੀ ਨੂੰ ਇਸ ਅਜਾਇਬ ਘਰ ਦਾ ਦੌਰਾ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਤਿਹਾਸ ਸਿਰਫ਼ ਕਿਤਾਬਾਂ ਦੇ ਪੰਨਿਆਂ ਤੱਕ ਸੀਮਤ ਰਹਿਣ ਵਾਲੀ ਚੀਜ਼ ਨਹੀਂ ਹੈ, ਸਗੋਂ ਖ਼ੁਦ ਇਤਿਹਾਸਕ ਅਸਥਾਨਾਂ ‘ਤੇ ਜਾ ਕੇ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ, ਬਹਾਦਰੀ ਅਤੇ ਮਹਾਨ ਵਿਰਾਸਤ ਨੂੰ ਨੇੜਿਓਂ ਜਾਨਣਾ ਅਤੇ ਪ੍ਰੇਰਨਾ ਲੈਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਅਜਾਇਬ ਘਰ ਦੀ ਨਵੀਂ ਦਿੱਖ ਅਸਲ ਵਿੱਚ ਪੁਰਾਤਨ ਇਤਿਹਾਸ ਅਤੇ ਨਵੀਂ ਪੀੜ੍ਹੀ ਦਰਮਿਆਨ ਇੱਕ ਮਜ਼ਬੂਤ ਪੁਲ ਦਾ ਕੰਮ ਕਰੇਗੀ।

Loading...
Unable to load recommendations.
Follow Us