ਲੁਧਿਆਣਾ ‘ਚ ਫੂਡ ਸੇਫ਼ਟੀ ਟੀਮ ਦੀ ਰੇਡ, ਨਕਲੀ ਦੇਸੀ ਘਿਓ ਦਾ ਜਖ਼ੀਰਾ ਬਰਾਮਦ; ਵਪਾਰੀਆਂ ‘ਚ ਮਚਿਆ ਹੜਕੰਪ

Updated On: 

24 Oct 2026 23:07 PM IST

ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਸ਼ੁੱਧ, ਗੁਣਵੱਤਾ ਭਰਪੂਰ ਅਤੇ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਦੇ ਫੂਡ ਸੇਫ਼ਟੀ ਵਿੰਗ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਅਧੀਨ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਨੇ ਕੈਲਾਸ਼ ਨਗਰ ਇਲਾਕੇ ਵਿੱਚ ਸਥਿਤ ਦੇਸੀ ਘਿਓ ਤਿਆਰ ਕਰਨ ਵਾਲੀ ਇੱਕ ਫੈਕਟਰੀ 'ਤੇ ਛਾਪੇਮਾਰੀ ਕੀਤੀ।

ਲੁਧਿਆਣਾ ਚ ਫੂਡ ਸੇਫ਼ਟੀ ਟੀਮ ਦੀ ਰੇਡ, ਨਕਲੀ ਦੇਸੀ ਘਿਓ ਦਾ ਜਖ਼ੀਰਾ ਬਰਾਮਦ; ਵਪਾਰੀਆਂ ਚ ਮਚਿਆ ਹੜਕੰਪ

ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਸ਼ੁੱਧ, ਗੁਣਵੱਤਾ ਭਰਪੂਰ ਅਤੇ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਦੇ ਫੂਡ ਸੇਫ਼ਟੀ ਵਿੰਗ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਅਧੀਨ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਨੇ ਕੈਲਾਸ਼ ਨਗਰ ਇਲਾਕੇ ਵਿੱਚ ਸਥਿਤ ਦੇਸੀ ਘਿਓ ਤਿਆਰ ਕਰਨ ਵਾਲੀ ਇੱਕ ਫੈਕਟਰੀ ‘ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਟੀਮ ਨੇ ਉੱਥੇ ਮੌਜੂਦ ਉਤਪਾਦਾਂ, ਕੱਚੇ ਮਾਲ ਅਤੇ ਸਟੋਰੇਜ ਪ੍ਰਬੰਧਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ।

ਵੱਡੀ ਮਾਤਰਾ ਵਿੱਚ ਸ਼ੱਕੀ ਅਤੇ ਐਕਸਪਾਇਰੀ ਮਾਲ ਬਰਾਮਦ

ਮੌਕੇ ‘ਤੇ ਕੀਤੀ ਗਈ ਜਾਂਚ ਦੌਰਾਨ ਫੂਡ ਸੇਫ਼ਟੀ ਟੀਮ ਨੇ ਫੈਕਟਰੀ ਕੰਪਲੈਕਸ ਵਿੱਚੋਂ ਦਿਆਲ, ਸਰਤਾਜ ਅਤੇ ਡੇਅਰੀ ਫ਼ਾਰਮ ਵਰਗੇ ਵੱਖ-ਵੱਖ ਬ੍ਰਾਂਡਾਂ ਦਾ 135 ਕਿਲੋਗ੍ਰਾਮ ਪੈਕਡ ਦੇਸੀ ਘਿਓ ਅਤੇ 3,405 ਕਿਲੋਗ੍ਰਾਮ ਖੁੱਲ੍ਹਾ ਦੇਸੀ ਘਿਓ ਬਰਾਮਦ ਕੀਤਾ। ਵਿਭਾਗ ਵੱਲੋਂ ਕੁੱਲ 4,215 ਕਿਲੋਗ੍ਰਾਮ ਸ਼ੱਕੀ ਦੇਸੀ ਘਿਓ ਨੂੰ ਜ਼ਬਤ ਕਰ ਲਿਆ ਗਿਆ। ਇਸ ਤੋਂ ਇਲਾਵਾ ਟੀਮ ਨੇ ਉੱਥੇ ਪਏ 675 ਕਿਲੋਗ੍ਰਾਮ ਮਿਆਦ ਪੁੱਗ ਚੁੱਕੇ (ਐਕਸਪਾਇਰੀ) ਦੇਸੀ ਘਿਓ ਦੀ ਪਛਾਣ ਕੀਤੀ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ ਉਸ ਨੂੰ ਤੁਰੰਤ ਜ਼ਬਤ ਕਰ ਦਿੱਤਾ, ਤਾਂ ਜੋ ਇਹ ਗ਼ੈਰ-ਮਿਆਰੀ ਉਤਪਾਦ ਕਿਸੇ ਵੀ ਹਾਲਤ ਵਿੱਚ ਬਾਜ਼ਾਰ ਵਿੱਚ ਸਪਲਾਈ ਹੋ ਕੇ ਲੋਕਾਂ ਦੀ ਸਿਹਤ ਲਈ ਖ਼ਤਰਾ ਨਾ ਬਣ ਸਕੇ। ਜਾਂਚ ਟੀਮ ਨੇ ਮੌਕੇ ‘ਤੇ ਉਤਪਾਦਾਂ ਦੀ ਪੈਕਿੰਗ ਗੁਣਵੱਤਾ, ਲੇਬਲਿੰਗ, ਮਿਆਦ ਪੁੱਗਣ ਦੀ ਮਿਤੀ ਅਤੇ ਸਟੋਰੇਜ ਹਾਲਤਾਂ ਦੀ ਵੀ ਤਫ਼ਤੀਸ਼ ਕੀਤੀ।

ਲੈਬਾਰਟਰੀ ਜਾਂਚ ਲਈ ਭੇਜੇ ਗਏ ਸੈਂਪਲ

ਇਸ ਮੁਹਿੰਮ ਦੌਰਾਨ ਟੀਮ ਨੇ ਘਿਓ ਦੇ 5 ਵੱਖ-ਵੱਖ ਸੈਂਪਲ ਭਰੇ। ਇਸ ਦੇ ਨਾਲ ਹੀ ਇੱਕ ਹੋਰ ਗੋਦਾਮ ‘ਰੋਹਿਤ ਟਰੇਡਰਜ਼’ ਤੋਂ ਸਰ੍ਹੋਂ ਦੇ ਤੇਲ ਦਾ 1 ਸੈਂਪਲ ਇਕੱਤਰ ਕੀਤਾ ਗਿਆ। ਇਨ੍ਹਾਂ ਸਾਰੇ ਨਮੂਨਿਆਂ ਨੂੰ ਵਿਸਥਾਰਪੂਰਵਕ ਜਾਂਚ ਲਈ ਸੂਬਾ ਸਰਕਾਰੀ ਲੈਬਾਰਟਰੀ ਵਿੱਚ ਭੇਜ ਦਿੱਤਾ ਗਿਆ ਹੈ। ਲੈਬਾਰਟਰੀ ਵਿਖੇ ਇਨ੍ਹਾਂ ਉਤਪਾਦਾਂ ਦੀ ਸ਼ੁੱਧਤਾ, ਮਿਲਾਵਟ, ਕੁਆਲਿਟੀ ਅਤੇ ਸੁਰੱਖਿਆ ਨਾਲ ਜੁੜੇ ਤੈਅ ਮਾਪਦੰਡਾਂ ਦੀ ਪਰਖ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਜੇਕਰ ਕਿਸੇ ਵੀ ਤਰ੍ਹਾਂ ਦੀ ਮਿਲਾਵਟਖੋਰੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਅਤੇ ਸਬੰਧਤ ਫ਼ਰਮ ਵਿਰੁੱਧ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ: ਸਿਵਲ ਸਰਜਨ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੋ-ਟੂਕ ਸ਼ਬਦਾਂ ਵਿੱਚ ਕਿਹਾ ਕਿ ਆਮ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ, ਦੁੱਧ ਉਤਪਾਦਾਂ, ਦੇਸੀ ਘਿਓ, ਖਾਣ ਵਾਲੇ ਤੇਲ ਅਤੇ ਹੋਰ ਸਾਮਾਨ ਦੀ ਮੰਗ ਕਾਫ਼ੀ ਵਧ ਜਾਂਦੀ ਹੈ। ਇਸੇ ਦਾ ਫ਼ਾਇਦਾ ਚੁੱਕ ਕੇ ਕੁਝ ਅਨਸਰ ਮਿਲਾਵਟੀ ਜਾਂ ਮਿਆਦ ਪੁੱਗੀਆਂ ਵਸਤਾਂ ਬਾਜ਼ਾਰ ਵਿੱਚ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਨੂੰ ਨੱਥ ਪਾਉਣ ਲਈ ਹੀ ਫੂਡ ਸੇਫ਼ਟੀ ਵਿੰਗ ਵੱਲੋਂ ਅਚਨਚੇਤ ਛਾਪੇਮਾਰੀ ਅਤੇ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਉਤਪਾਦਨ ਯੂਨਿਟਾਂ, ਵੱਡੇ ਗੋਦਾਮਾਂ, ਥੋਕ ਅਤੇ ਪ੍ਰਚੂਨ ਦੁਕਾਨਾਂ ‘ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਾਰੋਬਾਰੀਆਂ ਨੂੰ ਤਾੜਨਾ ਕਰਦਿਆਂ ਅਪੀਲ ਕੀਤੀ ਕਿ ਉਹ ਸਿਰਫ਼ ਉੱਚ ਮਿਆਰ ਵਾਲਾ ਕੱਚਾ ਮਾਲ ਹੀ ਵਰਤਣ, ਉਤਪਾਦਾਂ ‘ਤੇ ਸਹੀ ਲੇਬਲਿੰਗ ਯਕੀਨੀ ਬਣਾਉਣ ਅਤੇ ਮਿਆਦ ਪੁੱਗੀਆਂ ਵਸਤਾਂ ਨੂੰ ਨਿਯਮਾਂ ਅਨੁਸਾਰ ਹੀ ਨਸ਼ਟ ਕਰਨ।

ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਸਿਵਲ ਸਰਜਨ ਨੇ ਖਪਤਕਾਰਾਂ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਖ਼ਰੀਦਦਾਰੀ ਕਰਦੇ ਸਮੇਂ ਪੈਕਿੰਗ, ਬੈਚ ਨੰਬਰ, ਮੈਨੂਫੈਕਚਰਿੰਗ ਤੇ ਐਕਸਪਾਇਰੀ ਤਾਰੀਖ਼ ਅਤੇ ਐੱਫ.ਐੱਸ.ਐੱਸ.ਏ.ਆਈ. (FSSAI) ਲਾਇਸੈਂਸ ਨੰਬਰ ਦੀ ਜਾਂਚ ਜ਼ਰੂਰ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਤੇ ਵੀ ਮਿਲਾਵਟੀ, ਨਕਲੀ ਜਾਂ ਮਿਆਦ ਪੁੱਗੀਆਂ ਖ਼ੁਰਾਕੀ ਵਸਤਾਂ ਦੀ ਵਿਕਰੀ ਬਾਰੇ ਸ਼ੱਕ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਜ਼ਿਲ੍ਹਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਛਾਪੇਮਾਰੀ ਕਰਕੇ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਸਕੇ।

Loading...
Unable to load recommendations.
Follow Us
Related Stories
ਲੁਧਿਆਣਾ ‘ਚ ਪਤੀ ਦੀ ਸ਼ਰਮਨਾਕ ਕਰਤੂਤ, ਦਾਜ ‘ਚ ਥਾਰ ਨਾ ਮਿਲਣ ‘ਤੇ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ; ਦੇਖੋ ਵੀਡੀਓ
ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲਾ: NIA ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਪਾਕਿਸਤਾਨ ਨਾਲ ਜੁੜੇ ਤਾਰ
ਨਸ਼ਾ ਤਸਕਰਾਂ ਖ਼ਿਲਾਫ਼ ਬਟਾਲਾ ਪੁਲਿਸ ਵੱਲੋ ਪੂਰੇ ਜ਼ਿਲ੍ਹੇ ‘ਚ ਚਲਾਇਆ CASO ਆਪ੍ਰੇਸ਼ਨ, 50 ਵਿਅਕਤੀ ਰਾਊਂਡਅੱਪ; 15 ਗ੍ਰਿਫ਼ਤਾਰ
ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਜਲੰਧਰ ਪੁੱਜੀਆਂ ਕੌਮਾਂਤਰੀ ਟੀਮਾਂ ਦਾ ਨਿੱਘਾ ਸਵਾਗਤ, 27 ਅਕਤੂਬਰ ਨੂੰ ਤੋਂ ਹੋਵੇਗਾ ਸ਼ੁਰੂ
ਜਲੰਧਰ ‘ਚ ਸ਼ੋਭਾ ਯਾਤਰਾ ਦੌਰਾਨ ਪਿਸਤੌਲ ਲਹਿਰਾ ਦਿੱਤੀ ਮਾਰਨ ਦੀ ਧਮਕੀ, ਪੁਲਿਸ ਕੋਲ ਪੁੱਜਣ ‘ਤੇ ਘਰ ‘ਚ ਵੜ ਕੀਤਾ ਹਮਲਾ
ਅਕਾਲੀ ਦਲ ਨਾਲ ਗਠਜੋੜ ਜਾਂ ਇਕੱਲਿਆਂ ਚੋਣ ਮੈਦਾਨ, ਪੰਜਾਬ ਦੀਆਂ 117 ਸੀਟਾਂ ਲਈ ਭਾਜਪਾ ਦਾ ਕੀ ਪਲਾਨ?