Protest: ਇੱਕ ਨਿੱਜੀ ਅਖਬਾਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਮਾਨਸਾ ‘ਚ ਰੋਸ ਪ੍ਰਦਰਸ਼ਨ
ਰੋਸ ਪ੍ਰਦਰਸ਼ਨ 'ਚ ਸਿਆਸੀ, ਕਿਸਾਨ ਮਜ਼ਦੂਰ ਅਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਕੇ ਸਰਕਾਰ ਖਿਲਾਫ ਜੰਮਕੇ ਗੁੱਸਾ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਤਾਂ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਮਾਨਸਾ। ਇੱਕ ਨਿੱਜੀ ਅਖਬਾਰ ਨਾਲ ਭਗਵੰਤ ਮਾਨ (Bhagwant Mann)ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਮਾਨਸਾ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹੇ ਦੀਆਂ ਰਾਜਨੀਤਕ, ਕਿਸਾਨ, ਮਜ਼ਦੂਰ, ਸਮਾਜਿਕ, ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਰੋਸ ਮੁਜਾਹਰਾ ਕਰਕੇ ਪੰਜਾਬ ਸਰਕਾਰ ਖਿਲਾਫ ਗੁੱਸਾ ਕੱਢਿਆ ਗਿਆ।
ਮੌਕੇ ਤੇ ਪਹੁੰਚੇ ਆਗੂਆਂ ਨੇ ਪੰਜਾਬ ਸਰਕਾਰ (Punjab Govt) ਨੂੰ ਕਰੜੇ ਹੱਥੀਂ ਲੈਂਦਿਆਂ ਲੋਕਤੰਤਰ ਦੇ ਚੌਥੇ ਥੰਮ੍ਹ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲੇ ਨੂੰ ਜਮਹੂਰੀਅਤ ਲਈ ਵੱਡਾ ਖ਼ਤਰਾ ਦੱਸਿਆ। ਉਨ੍ਹਾਂ ਕਿਹਾ ਕਿ ਬਦਲੇ ਦੀ ਭਾਵਨਾ ਨਾਲ ਨਿੱਜੀ ਅਖਬਾਰ ਦੇ ਇਸ਼ਤਿਹਾਰ ਬੰਦ ਕਰਕੇ ਉਸਨੂੰ ਆਰਥਿਕ ਸੱਟ ਮਾਰਨ ਦੇ ਘਟੀਆ ਯਤਨ ਕੀਤੇ ਗਏ। ਪਰ ਲੋਕਾਂ ਦੀ ਹਰਮਨ ਪਿਆਰਤਾ ਕਰਕੇ ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਪਈ।