ਮਨਪ੍ਰੀਤ ਬਾਦਲ ਨੇ ਪਾਈ ਅਗਾਉਂ ਜ਼ਮਾਨਤ ਦੀ ਪਟੀਸ਼ਨ, ਭਾਲ ‘ਚ ਵਿਜੀਲੈਂਸ 6 ਸੂਬਿਆਂ ਚ ਕਰ ਰਹੀ ਹੈ ਛਾਪੇਮਾਰੀ
ਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਲਈ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਮਨਪ੍ਰੀਤ ਬਾਦਲ ਦੇ ਇੰਨੀ ਮਗਰ ਲੱਗੀ ਹੋਈ ਹੈ ਕਿ ਬੀਤੇ ਦਿਨ ਬਠਿੰਡਾ 'ਚ ਉਸ ਦੀ ਭਾਲ ਕਰਦੇ ਹੋਏ ਉਸਦੇ ਹਮਸ਼ਕਲ ਨੂੰ ਹੀ ਹਿਰਾਸਤ 'ਚ ਲੈ ਲਿਆ। ਉਥੋਂ ਪ੍ਰੇਸ਼ਾਨ ਹੋਣ ਤੋਂ ਬਾਅਦ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ।
ਪੰਜਾਬ ਨਿਊਜ। ਬਠਿੰਡਾ ਜ਼ਮੀਨ ਅਲਾਟਮੈਂਟ ਘੁਟਾਲੇ ਚ ਫਸੇ ਸਾਬਕਾ ਕੈਬਿਨੇਟ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਕੋਰਟ ਵਿੱਚ ਅਗਾਉਂ ਜ਼ਮਾਨਤ ਦੀ ਪਟੀਸ਼ਨ ਫਾਈਲ ਕੀਤੀ ਹੈ। ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ‘ਚ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪਾ ਮਾਰਿਆ। ਇਸ ਦੌਰਾਨ ਵਿਜੀਲੈਂਸ ਟੀਮ ਕਾਫੀ ਦੇਰ ਤੱਕ ਘਰ ਦੇ ਅੰਦਰ ਹੀ ਰਹੀ ਪਰ ਮਨਪ੍ਰੀਤ ਉਨ੍ਹਾਂ ਉਥੇ ਨਹੀਂ ਮਿਲੇ। ਇਸ ਦੌਰਾਨ ਵਿਜੀਲੈਂਸ ਟੀਮ ਨੇ ਮਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਮਨਪ੍ਰੀਤ ਦੀ ਮਾਂ ਅਤੇ ਪਤਨੀ ਵੀਨੂੰ ਬਾਦਲ ਵੀ ਘਰ ਵਿੱਚ ਸਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਦੁਪਹਿਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਮਨਪ੍ਰੀਤ ਨੇ ਐਡਵੋਕੇਟ ਸੁਖਦੀਪ ਭਿੰਡਰ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਤੋਂ ਰਾਹਤ ਦੀ ਮੰਗ ਕੀਤੀ ਹੈ। ਇਸ ‘ਤੇ 4 ਅਕਤੂਬਰ ਨੂੰ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਅਗਾਊਂ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਸੀ। ਇਹ ਪਟੀਸ਼ਨ ਕੇਸ ਦਰਜ ਹੋਣ ਤੋਂ ਪਹਿਲਾਂ ਦਾਇਰ ਕੀਤੀ ਗਈ ਸੀ।
ਪਲਾਟ ਖਰੀਦ ਮਾਮਲੇ ‘ਚ ਧੋਖਾਧੜੀ ਦਾ ਹੈ ਮਾਮਲਾ
ਬਠਿੰਡਾ ‘ਚ ਮਨਪ੍ਰੀਤ ਬਾਦਲ ਖਿਲਾਫ ਪਲਾਟ ਖਰੀਦਣ ‘ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਤੇ ਬਠਿੰਡਾ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦੋ ਪਲਾਟ ਘੱਟ ਰੇਟ ਤੇ ਖਰੀਦਣ ਦਾ ਇਲਜ਼ਾਮ ਹੈ। ਜਿਸ ਕਾਰਨ ਸਰਕਾਰ ਨੂੰ 65 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇੰਨਾ ਹੀ ਨਹੀਂ ਮਨਪ੍ਰੀਤ ਨੇ 2018 ਤੋਂ ਵਿੱਤ ਮੰਤਰੀ ਹੁੰਦਿਆਂ ਹੀ ਪਲਾਟ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਜਿਸ ਤੋਂ ਬਾਅਦ ਜਾਅਲੀ ਬੋਲੀ ਲਗਾਈ ਗਈ। ਫਿਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਦੋ ਖਾਸ ਵਿਅਕਤੀਆਂ ਦੇ ਨਾਂ ਤੇ ਪਲਾਟ ਖਰੀਦ ਲਏ ਅਤੇ ਉਨ੍ਹਾਂ ਨਾਲ ਨਾਜਾਇਜ਼ ਸਮਝੌਤੇ ਕੀਤੇ।
ਹਾਲੇ ਤੱਕ ਫਰਾਰ ਚੱਲ ਰਹੇ ਹਨ ਮਨਪ੍ਰੀਤ ਬਾਦਲ
ਮਾਮਲਾ ਦਰਜ ਹੋਣ ਦੇ ਬਾਅਦ ਤੋਂ ਮਨਪ੍ਰੀਤ ਬਾਦਲ ਫਰਾਰ ਚੱਲ ਰਹੇ ਹਨ। ਵਿਜੀਲੈਂਸ ਉਨ੍ਹਾਂ ਦੀ ਭਾਲ ਵਿੱਚ ਕਈ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਨਪ੍ਰੀਤ ਬਾਦਲ ਤੋਂ ਇਲਾਵਾ ਤਤਕਾਲੀ ਡੀਏ ਪ੍ਰਸ਼ਾਸਕ ਵਿਕਰਮਜੀਤ ਸ਼ੇਰ ਗਿੱਲ, ਸੁਪਰਡੈਂਟ ਪੰਕਜ ਕਾਲੀਆ, ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ 30 ਸਤੰਬਰ ਤੱਕ ਵਿਜੀਲੈਂਸ ਰਿਮਾਂਡ ‘ਤੇ ਹੈ।