ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਸਾਥੀਆਂ ਦੇ 1490 ਟਿਕਾਣਿਆਂ ਤੇ ਮਾਰੇ ਛਾਪੇ
ਪੰਜਾਬ ਪੁਲਿਸ ਵਲੋਂ ਰਾਜ ਵਿੱਚ ਗੈਂਗਸਟਰ-ਅੱਤਵਾਦੀ ਗਠਜੋੜ ਨੂੰ ਨੱਥ ਪਾਉਣ ਲਈ ਲਗਾਤਾਰ ਛਾਪੇ ਮਾਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਭਾਰੀ ਗਿਣਤੀ ਵਿੱਚ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਚੁੱਕੀ ਹੈ।
ਪੰਜਾਬ ਪੁਲਿਸ ( ਪੁਰਾਣੀ ਤਸਵੀਰ)
ਪੰਜਾਬ ਵਿੱਚ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ ਸ਼ੱਕੀ ਟਿਕਾਣਿਆਂ ਤੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸੀ ਮੁਹਿੰਮ (ਸੀ.ਏ.ਐਸ.ਓ.) ਚਲਾਈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਲਗਭਗ 2000 ਪੁਲਿਸ ਮੁਲਾਜਮਾਂ ਵਾਲੀਆਂ 200 ਪਾਰਟੀਆਂ ਵੱਲੋਂ ਸਬੇ ਭਰ ਚ ਪੂਰਾ ਦਿਨ ਚਲਾਏ ਗਏ।
ਇਸ ਆਪ੍ਰੇਸ਼ਨ ਦੌਰਾਨ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਦੇ 1490 ਤੋਂ ਵੱਧ ਸ਼ੱਕੀ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਸੂਬੇ ਭਰ ਦੇ ਸਾਰੇ ਜਿਲਿਆਂ ਵਿੱਚ ਦੋਵਾਂ ਅਪਰਾਧੀਆਂ ਨਾਲ ਜੁੜੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਆਪ੍ਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਆਪਸੀ ਗਠਜੋੜ ਨੂੰ ਤਾਰ-ਤਾਰ ਕਰਨਾ ਸੀ।


