Smart Education: ਲੁਧਿਆਣਾ ਦੇ ਸਰਕਾਰੀ ਸਕੂਲਾਂ ‘ਚ ਇਸ ਸਾਲ 40 ਹਜਾਰ ਬੱਚਿਆਂ ਨੇ ਲਿਆ ਦਾਖ਼ਲਾ
Punjab Government ਲਗਾਤਾਰ ਸਿੱਖਿਆ ਦੇ ਪੱਧਰ ਨੂੰ ਸੁਧਾਰਣ ਚ ਲੱਗੀ ਹੋਈ ਹੈ। ਇਸ ਦਾ ਹੀ ਨਤੀਜਾ ਹੈ ਕਿ ਇਸ ਸਾਲ ਲੁਧਿਆਣਾ ਚ ਨਿੱਜੀ ਸਕੂਲਾਂ ਨੂੰ ਛੱਡ ਕੇ ਤਕਰੀਬਨ 40 ਹਜਾਰ ਬੱਚਿਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਏ ਹਨ। ਸਰਕਾਰ ਲਈ ਇਹ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।
ਲੁਧਿਆਣਾ ਨਿਊਜ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਮਾਡਲ (Education Model) ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਲਈ ਅਤੇ ਮਾਪਿਆਂ ਤੱਕ ਪਹੁੰਚਾਉਣ ਲਈ ਸਰਕਾਰੀ ਸਕੂਲ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਇਸ ਸਾਲ ਵੱਲੋਂ ਦਾਖਲੇ ਦੇ ਟੀਚੇ ਦਿੱਤੇ ਗਏ ਸਨ. ਜਿਨ੍ਹਾਂ ਨੂੰ ਪੂਰਾ ਕਰਨ ਚ ਲੁਧਿਆਣਾ ਸਭ ਤੋਂ ਮੋਹਰੀ ਰਿਹਾ ਹੈ। ਲੁਧਿਆਣਾ ਪਿਛਲੇ ਸਾਲ ਦਾਖਲੇ ਵਿਚ ਪ੍ਰਾਇਮਰੀ ਦੇ ਵਿਚ ਪਹਿਲੇ ਨੰਬਰ ਤੇ ਅਤੇ ਸਕੈਂਡਰੀ ਦੇ ਵਿੱਚ ਦੂਜੇ ਨੰਬਰ ਤੇ ਰਿਹਾ ਸੀ। ਇਸ ਸਾਲ ਵੀ ਲੁਧਿਆਣਾ ਨੇ ਸਾਰੇ ਰਿਕਾਰਡ ਤੋੜੇ ਹਨ, ਜਿਸ ਦੀ ਪੁਸ਼ਟੀ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅੰਕੜਿਆਂ ਦੇ ਨਾਲ ਦਾਅਵਾ ਕੀਤਾ ਹੈ ਕਿ ਲੁਧਿਆਣਾ ਇਸ ਵਾਰ ਵੀ ਪੰਜਾਬ ਭਰ ਦੇ ਵਿਚ ਪ੍ਰਾਈਵੇਟ ਸਕੂਲਾਂ ਤੋਂ ਆਏ ਵਿਦਿਆਰਥੀਆਂ ਅਤੇ ਡ੍ਰੌਪ ਆਊਟ ਵਿਦਿਆਰਥੀਆਂ ਦੇ ਵਿੱਚ ਸਭ ਤੋਂ ਮੋਹਰੀ ਜ਼ਿਲ੍ਹਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਵੱਲ ਮਾਪਿਆਂ ਦਾ ਵੱਧ ਰਹੇ ਰੁਝਾਨ ਦਾ ਮੁੱਖ ਕਾਰਨ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਹਨ।
ਸਮਾਰਟ ਸਕੂਲਾਂ ਨੇ ਖਿੱਚਿਆ ਮਾਪਿਆਂ ਦਾ ਧਿਆਨ
ਜ਼ਿਕਰਯੋਗ ਹੈ ਕਿ ਮੌਜੂਦਾ ਸਰਕਾਰ ਤੋਂ ਪਹਿਲਾ ਵੀ ਸਮਾਰਟ ਸਕੂਲ ਬਣਾਏ ਗਏ ਸਨ, ਜਿਸ ਵਿੱਚ ਦਾਖਲਾ ਲੈਣ ਲਈ ਬਚਿਆਂ ਨੂੰ ਸਮਾ ਨਹੀਂ ਮਿਲ ਰਿਹਾ ਸੀ। ਪਰ ਹੁਣ ਸਾਰੇ ਸਕੂਲਾਂ ਚ ਉੱਚ ਪੱਧਰੀ ਸਹੁਲਤਾਂ ਦੇਣ ਦੇ ਨਾਲ ਸਮਾਰਟ ਵੀ ਬਣਾ ਦਿੱਤਾ ਗਿਆ ਹੈ। ਸਿੱਖਿਆ ਅਧਿਕਾਰੀ ਮੁਤਾਬਕ, ਲੁਧਿਆਣਾ ਦੇ ਹੁਣ ਸਾਰੇ ਹੀ ਸਰਕਾਰੀ ਸਕੂਲ ਸਮਾਰਟ ਸਕੂਲ ਬਣ ਚੁੱਕੇ ਨੇ, ਸਕੂਲਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਸਕੂਲਾਂ ਦਾ ਇੰਫਰਾਸਟ੍ਰਕਚਰ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ। ਜਿਸ ਕਰਕੇ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਦੇ ਵੱਲ ਜ਼ਿਆਦਾ ਵਧ ਰਿਹਾ ਹੈ।
ਸਰਕਾਰੀ ਸਕੂਲਾਂ ‘ਚ ਮੁਫਤ ਪੜ੍ਹਾਈ
8ਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਤਾਬਾਂ ਅਤੇ ਵਰਦੀਆਂ ਵੀ ਮੁਫ਼ਤ ਮਿਲਦੀਆਂ ਹਨ। ਨਾਲ ਹੀ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮਿਡ ਡੇ ਮੀਲ ਸਕੀਮ ਚਲਾਈ ਜਾਂਦੀ ਹੈ। ਜਿਸ ਨਾਲ ਗਰੀਬ ਘਰਾਂ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਅੰਦਰ ਹੀ ਪੌਸ਼ਟਿਕ ਖਾਣਾ ਖੁਆਇਆ ਜਾਂਦਾ ਹੈ।ਉਨ੍ਹਾਂ ਦੱਸਿਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਨੂੰ ਵਜ਼ੀਫ਼ਾ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਆਪਣੀ ਅਗਲੇਰੀ ਪੜ੍ਹਾਈ ਹਾਸਲ ਕਰਨ ਲਈ ਸਮਰੱਥ ਹੁੰਦੇ ਹਨ।
ਉਹਨਾਂ ਇਹ ਵੀ ਕਿਹਾ ਕਿ ਛੋਟੀਆਂ ਕਲਾਸਾਂ ਤੋਂ ਇਲਾਵਾ ਵੱਡੀਆ ਕਲਾਸਾਂ ਚ ਬੱਚਿਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਅਪੀਲ ਕੀਤੀ ਕਿ ਬਾਕੀ ਬੱਚੇ ਵੀ ਸਰਕਾਰੀ ਸਕੂਲ ਚ ਦਾਖਲਾ ਲੈ ਕੇ ਵਧੀਆ ਪੜ੍ਹਾਈ ਦੀ ਸਹੁਲਤ ਦਾ ਲਾਹਾ ਚੁਕਣ ਤਾਂ ਜੌ ਪ੍ਰਾਈਵੇਟ ਸਕੂਲਾਂ ਚ ਲਏ ਜਾਣ ਜਿਆਦਾ ਪੈਸਿਆਂ ਦੇ ਬੋਝ ਤੋਂ ਮਾਪਿਆਂ ਨੂੰ ਛੁਟਕਾਰਾ ਮਿਲ ਸਕੇ।