ਲੁਧਿਆਣਾ ‘ਚ ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਕਾਰ ਦੇ ਸ਼ੀਸ਼ੇ ਭੰਨ੍ਹ ਨਕਦੀ ਤੇ ਦਸਤਾਵੇਜ਼ ਲੁੱਟੇ; 2 ਕਾਬੂ
ਲੁਧਿਆਣਾ ਵਿੱਚ ਬੇਖ਼ੌਫ਼ ਹੋਏ ਹਥਿਆਰਬੰਦ ਬਦਮਾਸ਼ਾਂ ਵੱਲੋਂ ਇੱਕ ਪ੍ਰਾਪਰਟੀ ਡੀਲਰ ਦੀ ਗੱਡੀ ਘੇਰ ਕੇ ਜਾਨਲੇਵਾ ਹਮਲਾ ਕਰਨ ਅਤੇ ਨਕਦੀ ਸਮੇਤ ਜ਼ਰੂਰੀ ਦਸਤਾਵੇਜ਼ ਲੁੱਟਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਬੈਟ ਨਾਲ ਕਾਰ ਦੇ ਸ਼ੀਸ਼ੇ ਚਕਨਾਚੂਰ ਕਰ ਦਿੱਤੇ ਅਤੇ ਕਾਰੋਬਾਰੀ ਨੂੰ ਬਾਹਰ ਖਿੱਚਣ ਦਾ ਯਤਨ ਕਰਦਿਆਂ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਲੁਧਿਆਣਾ ਵਿੱਚ ਬੇਖ਼ੌਫ਼ ਹੋਏ ਹਥਿਆਰਬੰਦ ਬਦਮਾਸ਼ਾਂ ਵੱਲੋਂ ਇੱਕ ਪ੍ਰਾਪਰਟੀ ਡੀਲਰ ਦੀ ਗੱਡੀ ਘੇਰ ਕੇ ਜਾਨਲੇਵਾ ਹਮਲਾ ਕਰਨ ਅਤੇ ਨਕਦੀ ਸਮੇਤ ਜ਼ਰੂਰੀ ਦਸਤਾਵੇਜ਼ ਲੁੱਟਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਬੈਟ ਨਾਲ ਕਾਰ ਦੇ ਸ਼ੀਸ਼ੇ ਚਕਨਾਚੂਰ ਕਰ ਦਿੱਤੇ ਅਤੇ ਕਾਰੋਬਾਰੀ ਨੂੰ ਬਾਹਰ ਖਿੱਚਣ ਦਾ ਯਤਨ ਕਰਦਿਆਂ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਦੌਰਾਨ ਮੁਲਜ਼ਮ ਕਾਰ ਅੰਦਰੋਂ ਦੋ ਲੱਖ ਰੁਪਏ ਦੀ ਨਕਦੀ ਅਤੇ ਅਹਿਮ ਦਸਤਾਵੇਜ਼ਾਂ ਵਾਲਾ ਲਿਫ਼ਾਫ਼ਾ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕਰਦਿਆਂ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਹਮਲੇ ਦੇ ਤਾਰ ਪੁਰਾਣੇ ਗੋਲੀਬਾਰੀ ਵਿਵਾਦ ਨਾਲ ਜੁੜਦੇ ਨਜ਼ਰ ਆ ਰਹੇ ਹਨ।
ਨਿੱਜੀ ਕੰਮ ਲਈ ਸੀਕੇ ਸਿਟੀ ਜਾ ਰਹਾ ਸੀ ਕਾਰੋਬਾਰੀ
ਘਟਨਾ 13 ਸਤੰਬਰ ਦੀ ਰਾਤ ਕਰੀਬ 8 ਵਜੇ ਦੀ ਦੱਸੀ ਜਾ ਰਹੀ ਹੈ। ਸੈਕਟਰ-32, ਸਮਰਾਲਾ ਰੋਡ ਦੇ ਵਸਨੀਕ ਪਰਮਿੰਦਰ ਸਿੰਘ ਬਾਜਵਾ, ਜੋ ਪ੍ਰਾਪਰਟੀ ਡੀਲਿੰਗ ਦੇ ਨਾਲ ਖੇਤੀਬਾੜੀ ਦਾ ਕਾਰੋਬਾਰ ਵੀ ਕਰਦੇ ਹਨ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਵਿੱਚ ਆਪਣੀ ਕਾਰ ਰਾਹੀਂ ਸੀਕੇ ਸਿਟੀ ਵੱਲ ਜਾ ਰਹੇ ਸਨ। ਜਦੋਂ ਉਹ ਸੈਂਟਰਲ ਜੇਲ੍ਹ ਲੁਧਿਆਣਾ ਨੇੜੇ ਤਾਜਪੁਰ ਰੋਡ ਸਥਿਤ ਗਰਿੱਡ ਕੋਲ ਪਹੁੰਚੇ ਤਾਂ ਦੋ ਮੋਟਰਸਾਈਕਲਾਂ ‘ਤੇ ਸਵਾਰ 6 ਹਮਲਾਵਰਾਂ ਨੇ ਅਚਾਨਕ ਉਨ੍ਹਾਂ ਦੀ ਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ।
ਤੇਜ਼ਧਾਰ ਹਥਿਆਰਾਂ ਨਾਲ ਕਾਰ ‘ਤੇ ਹਮਲਾ
ਸ਼ਿਕਾਇਤਕਰਤਾ ਮੁਤਾਬਕ ਹਮਲਾਵਰਾਂ ਵਿੱਚ ਸ਼ਾਮਲ ਸੁਖਵਿੰਦਰ ਸਿੰਘ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਸੀ। ਉਸ ਨੇ ਡਰਾਈਵਿੰਗ ਸੀਟ ਵਾਲੇ ਪਾਸੇ ਦਾ ਸ਼ੀਸ਼ਾ ਭੰਨ੍ਹ ਦਿੱਤਾ ਅਤੇ ਪਰਮਿੰਦਰ ਸਿੰਘ ਦੀ ਗਰਦਨ ਫੜ ਕੇ ਉਨ੍ਹਾਂ ਨੂੰ ਜ਼ਬਰਦਸਤੀ ਕਾਰ ਵਿੱਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਲਲਕਾਰਾ ਮਾਰਦਿਆਂ ਧਮਕੀ ਦਿੱਤੀ ਕਿ ਅੱਜ ਇਨ੍ਹਾਂ ਨੂੰ ਜਿਊਂਦਾ ਨਹੀਂ ਛੱਡਣਾ। ਇਸੇ ਦੌਰਾਨ ਦੂਜੇ ਮੁਲਜ਼ਮ ਜਸਪ੍ਰੀਤ ਸਿੰਘ ਨੇ ਵੀ ਹਥਿਆਰ ਨਾਲ ਕਾਰ ਦੀ ਸਾਈਡ ਵਾਲੀ ਖਿੜਕੀ ‘ਤੇ ਵਾਰ ਕੀਤਾ। ਇਸ ਹਫੜਾ-ਦਫੜੀ ਵਿੱਚ ਮੁਲਜ਼ਮਾਂ ਨੇ ਕਾਰ ਦੀ ਸੀਟ ‘ਤੇ ਰੱਖਿਆ ਕਾਲਾ ਲਿਫ਼ਾਫ਼ਾ ਚੁੱਕ ਲਿਆ, ਜਿਸ ਵਿੱਚ ਦੋ ਲੱਖ ਰੁਪਏ ਦੀ ਨਕਦੀ ਅਤੇ ਜ਼ਰੂਰੀ ਜਾਇਦਾਦ ਸਬੰਧੀ ਦਸਤਾਵੇਜ਼ ਮੌਜੂਦ ਸਨ।
ਪਿਸਤੌਲ ਤਾਣ ਕੇ ਧਮਕਾਇਆ
ਬਾਜਵਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਬਚਾਅ ਲਈ ਰੌਲਾ ਪਾਇਆ ਤਾਂ ਮੁਲਜ਼ਮ ਸੁਨੀਲ ਕੁਮਾਰ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਕੇ ਸਿੱਧੀ ਉਨ੍ਹਾਂ ਵੱਲ ਤਾਣ ਦਿੱਤੀ ਅਤੇ ਧਮਕਾਇਆ ਕਿ ਜੇਕਰ ਅਵਾਜ਼ ਕੱਢੀ ਤਾਂ ਗੋਲੀ ਮਾਰ ਦਿੱਤੀ ਜਾਵੇਗੀ। ਇਸੇ ਦੌਰਾਨ ਇੱਕ ਹੋਰ ਅਣਪਛਾਤੇ ਹਮਲਾਵਰ ਨੇ ਬੇਸਬਾਲ ਬੈਟ ਨਾਲ ਕਾਰ ਦੇ ਅਗਲੇ ਸ਼ੀਸ਼ੇ ‘ਤੇ ਜ਼ੋਰਦਾਰ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ।
ਇਹ ਵੀ ਪੜ੍ਹੋ
ਮੁਲਜ਼ਮਾਂ ਨੇ ਕੀਤਾ ਪਿੱਛਾ, ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖ਼ਲ
ਘਟਨਾ ਸਥਾਨ ‘ਤੇ ਲੋਕਾਂ ਦਾ ਇਕੱਠ ਹੁੰਦਾ ਵੇਖ ਬਾਜਵਾ ਨੇ ਸੂਝ-ਬੂਝ ਤੋਂ ਕੰਮ ਲਿਆ ਅਤੇ ਕਿਸੇ ਤਰ੍ਹਾਂ ਨੁਕਸਾਨੀ ਹੋਈ ਗੱਡੀ ਨੂੰ ਭੀੜ ਵਿੱਚੋਂ ਕੱਢ ਕੇ ਦੌੜਾ ਲਿਆ। ਹਮਲਾਵਰਾਂ ਨੇ ਮੋਟਰਸਾਈਕਲਾਂ ‘ਤੇ ਉਨ੍ਹਾਂ ਦਾ ਪਿੱਛਾ ਵੀ ਕੀਤਾ, ਪਰ ਹਨੇਰਾ ਹੋਣ ਕਾਰਨ ਉਹ ਮੁਲਜ਼ਮਾਂ ਨੂੰ ਚਕਮਾ ਦੇ ਕੇ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ। ਘਰ ਪਹੁੰਚਣ ‘ਤੇ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਮਗਰੋਂ ਪਤਨੀ ਪਰਮਜੀਤ ਕੌਰ ਨੇ ਤੁਰੰਤ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਪੁਰਾਣੇ ਗੋਲੀਬਾਰੀ ਵਿਵਾਦ ਨਾਲ ਜੁੜੇ ਤਾਰ
ਪਰਮਿੰਦਰ ਬਾਜਵਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਜਸਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਹੀ ਵਿਅਕਤੀ ਹਨ, ਜਿਨ੍ਹਾਂ ਉੱਤੇ ਬੀਤੀ 27 ਅਗਸਤ ਨੂੰ ਉਨ੍ਹਾਂ ‘ਤੇ ਗੋਲੀਬਾਰੀ ਕਰਨ ਦੇ ਦੋਸ਼ ਲੱਗੇ ਸਨ ਅਤੇ ਇਸ ਸਬੰਧੀ ਕੇਸ ਵੀ ਦਰਜ ਹੋਇਆ ਸੀ। ਬਾਜਵਾ ਦਾ ਦਾਅਵਾ ਹੈ ਕਿ ਉਸ ਗੋਲੀਬਾਰੀ ਦੌਰਾਨ ਉਹ ਆਪਣੇ ਘਰ ਹੀ ਮੌਜੂਦ ਸਨ। ਉਨ੍ਹਾਂ ਦੀ ਪਤਨੀ ਨੇ ਪੰਜਾਬ ਦੇ ਡੀਜੀਪੀ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਨਾਲ ਸੀਸੀਟੀਵੀ ਫੁਟੇਜ ਵੀ ਸੌਂਪੀ ਸੀ, ਜਿਸ ਵਿੱਚ ਬਾਜਵਾ ਘਟਨਾ ਸਮੇਂ ਘਰ ਅੰਦਰ ਮੌਜੂਦ ਨਜ਼ਰ ਆ ਰਹੇ ਸਨ। ਇਸ ਉਪਰੰਤ ਪੁਲਿਸ ਕਮਿਸ਼ਨਰ ਨੇ ਪੂਰੇ ਮਾਮਲੇ ਦੀ ਜਾਂਚ ਸੀਆਈਏ ਲੁਧਿਆਣਾ ਹਵਾਲੇ ਕਰ ਦਿੱਤੀ ਸੀ।
6 ਖ਼ਿਲਾਫ਼ ਮਾਮਲਾ ਦਰਜ, ਪੁਲਿਸ ਵੱਲੋਂ ਤਫ਼ਤੀਸ਼ ਜਾਰੀ
ਪੁਲਿਸ ਨੇ ਪਰਮਿੰਦਰ ਸਿੰਘ ਬਾਜਵਾ ਦੀ ਸ਼ਿਕਾਇਤ ਦੇ ਆਧਾਰ ‘ਤੇ ਭਾਮੀਆਂ ਕਲਾਂ ਵਾਸੀ ਜਸਪ੍ਰੀਤ ਸਿੰਘ, ਮੁਹੱਲਾ ਫ਼ਤਿਹਗੜ੍ਹ ਵਾਸੀ ਸੁਨੀਲ ਕੁਮਾਰ, ਸੁਖਵਿੰਦਰ ਸਿੰਘ ਅਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹਮਲੇ ਦੇ ਅਸਲ ਕਾਰਨਾਂ, ਦੋ ਲੱਖ ਰੁਪਏ ਦੀ ਕਥਿਤ ਲੁੱਟ ਅਤੇ ਪੁਰਾਣੀ ਰੰਜਿਸ਼ ਸਮੇਤ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
