ਲੁਧਿਆਣਾ: ਸਾਬਕਾ ਕਾਂਗਰਸੀ ਆਗੂ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

Updated On: 

29 Oct 2026 10:30 AM IST

ਪੀੜਤ ਨੇ ਕਿਸੇ ਤਰ੍ਹਾਂ ਆਪਣੀ ਕਾਰ ਭਜਾ ਕੇ ਆਪਣੀ, ਆਪਣੀ ਮਾਂ ਤੇ ਬੱਚੇ ਦੀ ਜਾਨ ਬਚਾਈ ਤੇ ਸਿਵਲ ਹਸਪਤਾਲ ਪਹੁੰਚਿਆ। ਪੀੜਤ ਦੀ ਪਛਾਣ ਜਗਜੋਤ ਸਿੰਘ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ। ਉਸ ਨੇ ਹਮਲੇ ਪਿੱਛੇ ਪੁਰਾਣੀ ਰੰਜਿਸ਼ ਤੇ ਸਿਆਸੀ ਦੁਸ਼ਮਣੀ ਹੋਣ ਦੇ ਇਲਜ਼ਾਮ ਲਗਾਏ ਹਨ।

ਲੁਧਿਆਣਾ: ਸਾਬਕਾ ਕਾਂਗਰਸੀ ਆਗੂ ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ ਦੇ ਪੁੱਤਰ ਨਾਲ ਘਰ ਪਰਤ ਰਹੇ ਨੌਜਵਾਨ ‘ਤੇ 7 ਤੋਂ 8 ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਲਜ਼ਾਮ ਹੈ ਕਿ ਹਮਲਾਵਰ ਕਾਰ ‘ਚ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਨੌਜਵਾਨ ਤੇ 5 ਤੋਂ 6 ਗੋਲੀਆਂ ਚਲਾਈਆਂ, ਜਿਸ ਦੌਰਾਨ ਕਾਰ ਤੇ ਵੀ ਗੋਲੀਆਂ ਲੱਗੀਆਂ। ਇਸ ਤੋਂ ਇਲਾਵਾ ਦਾਤਰ ਨਾਲ ਉਸ ਦੇ ਸਿਰ ਤੇ ਵਾਰ ਕੀਤੇ ਗਏ ਤੇ ਪਿਸਤੌਲ ਦੇ ਬੱਟ ਨਾਲ ਵੀ ਹਮਲਾ ਕੀਤਾ ਗਿਆ।

ਪੀੜਤ ਨੇ ਕਿਸੇ ਤਰ੍ਹਾਂ ਆਪਣੀ ਕਾਰ ਭਜਾ ਕੇ ਆਪਣੀ, ਆਪਣੀ ਮਾਂ ਤੇ ਬੱਚੇ ਦੀ ਜਾਨ ਬਚਾਈ ਤੇ ਸਿਵਲ ਹਸਪਤਾਲ ਪਹੁੰਚਿਆ। ਪੀੜਤ ਦੀ ਪਛਾਣ ਜਗਜੋਤ ਸਿੰਘ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ। ਉਸ ਨੇ ਹਮਲੇ ਪਿੱਛੇ ਪੁਰਾਣੀ ਰੰਜਿਸ਼ ਤੇ ਸਿਆਸੀ ਦੁਸ਼ਮਣੀ ਹੋਣ ਦੇ ਇਲਜ਼ਾਮ ਲਗਾਏ ਹਨ।

ਕਾਰ ਤੋਂ ਉਤਰਿਆ ਸੀ ਨੌਜਵਾਨ, ਪਿੱਛੋਂ ਆਏ ਹਮਲਾਵਰਾਂ ਨੇ ਕੀਤੀ ਫਾਇਰਿੰਗ

ਪੀੜਤ ਜਗਜੋਤ ਸਿੰਘ ਅਨੁਸਾਰ, ਉਹ ਆਪਣੀ ਮਾਂ ਮਨਜੀਤ ਕੌਰ ਤੇ ਸਾਢੇ 3 ਸਾਲ ਦੇ ਪੁੱਤਰ ਨਾਲ ਢੋਲੇਵਾਲ ਇਲਾਕੇ ‘ਚ ਸਥਿਤ ਮੈਗੀ ਪੁਆਇੰਟ ਰੈਸਟੋਰੈਂਟ ‘ਚ ਖਾਣਾ ਖਾਣ ਗਿਆ ਸੀ। ਤਿੰਨੇ ਕਾਰ ‘ਚ ਬੈਠ ਕੇ ਹੀ ਖਾਣਾ ਖਾ ਰਹੇ ਸਨ। ਖਾਣਾ ਖਾਣ ਤੋਂ ਬਾਅਦ ਜਗਜੋਤ ਆਪਣੇ ਪੁੱਤਰ ਲਈ ਪਾਣੀ ਦੀ ਬੋਤਲ ਲੈਣ ਤੇ ਪੈਸੇ ਦੇਣ ਵਾਸਤੇ ਕਾਰ ਤੋਂ ਹੇਠਾਂ ਉਤਰਿਆ ਸੀ। ਇਸੇ ਦੌਰਾਨ ਪਿੱਛੋਂ 7 ਤੋਂ 8 ਨੌਜਵਾਨ ਭੱਜਦੇ ਹੋਏ ਆਏ ਤੇ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਗਜੋਤ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਉਸ ‘ਤੇ ਦੋ ਗੋਲੀਆਂ ਚਲਾਈਆਂ, ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਹ ਭੱਜ ਕੇ ਕਾਰ ‘ਚ ਬੈਠ ਗਿਆ। ਇਲਜ਼ਾਮ ਹੈ ਕਿ ਹਮਲਾਵਰ ਕਾਰ ਦੀ ਖਿੜਕੀ ਕੋਲ ਆ ਕੇ ਵੀ ਫਾਇਰਿੰਗ ਕਰਨ ਲੱਗੇ ਤੇ ਗੱਡੀ ਦੇ ਅੰਦਰ ਵੀ ਦੋ ਗੋਲੀਆਂ ਚਲਾਈਆਂ। ਉਸ ਸਮੇਂ ਉਸ ਦੀ ਮਾਂ ਤੇ ਛੋਟਾ ਪੁੱਤਰ ਵੀ ਕਾਰ ‘ਚ ਮੌਜੂਦ ਸਨ।

ਸਿਰ ‘ਤੇ ਦਾਤਰ ਨਾਲ ਹਮਲਾ, ਸਿਰ ‘ਤੇ ਕਈ ਵਾਰ ਕੀਤੇ

ਜਗਜੋਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਸ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੀ ਦਸਤਾਰ ਦੇ ਉੱਪਰੋਂ ਦਾਤਰ ਨਾਲ ਵਾਰ ਕੀਤੇ। ਉਸ ਦੇ ਸਿਰ ਤੇ ਵੀ ਕਈ ਵਾਰ ਕੀਤੇ ਗਏ। ਇਸ ਤੋਂ ਇਲਾਵਾ ਪਿਸਤੌਲ ਦੇ ਬੱਟ ਨਾਲ ਵੀ ਉਸ ਦੇ ਸਿਰ ਤੇ ਸੱਟਾਂ ਮਾਰੀਆਂ ਗਈਆਂ।

ਪੀੜਤ ਦਾ ਦਾਅਵਾ ਹੈ ਕਿ ਹਮਲਾਵਰਾਂ ਨੇ ਉਸ ਦੇ ਸਿਰ ‘ਚ ਦਾਤਰ ਫਸਾ ਕੇ ਉਸ ਦੇ ਵਾਲ ਕੱਟ ਦਿੱਤੇ। ਉਸ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਹੈ ਤੇ ਹਮਲੇ ਦੌਰਾਨ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੇ ਲੱਤ ਤੇ ਅੱਖ ਦੇ ਨੇੜੇ ਵੀ ਗੋਲੀ ਦੇ ਛਰਰੇ ਲੱਗਣ ਦੀ ਗੱਲ ਕਹੀ।

ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਾਰ ਲੈ ਕੇ ਸਿੱਧਾ ਸਿਵਲ ਹਸਪਤਾਲ ਪਹੁੰਚਿਆ। ਪੀੜਤ ਅਨੁਸਾਰ, ਕਾਰ ਦੇ ਅੰਦਰ ਵੀ ਗੋਲੀਆਂ ਦੇ ਨਿਸ਼ਾਨ ਹਨ ਤੇ ਗੱਡੀ ‘ਚੋਂ .45 ਬੋਰ ਦਾ ਇੱਕ ਖਾਲੀ ਖੋਲ ਵੀ ਮਿਲਿਆ ਹੈ।

ਇੱਕ ਸਾਲ ਪਹਿਲਾਂ ਵੀ ਘਰ ਤੇ ਹਮਲਾ ਕਰਨ ਦੇ ਇਲਜ਼ਾਮ

ਜਗਜੋਤ ਸਿੰਘ ਨੇ ਇਲਜ਼ਾਮਾ ਲਗਾਇਆ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਉਹ ਪਹਿਲਾਂ ਤੋਂ ਜਾਣਦਾ ਹੈ। ਉਸ ਦੇ ਮੁਤਾਬਕ, ਕਰੀਬ ਇੱਕ ਸਾਲ ਪਹਿਲਾਂ ਵੀ ਇਨ੍ਹਾਂ ਹੀ ਲੋਕਾਂ ਨੇ ਉਸ ਦੇ ਘਰ ਆ ਕੇ ਹਮਲਾ ਕੀਤਾ ਸੀ ਤੇ ਗੋਲੀਆਂ ਚਲਾਈਆਂ ਸਨ।

ਪੀੜਤ ਨੇ ਮੌਜੂਦਾ ਘਟਨਾ ਪਿੱਛੇ ਸਿਆਸੀ ਰੰਜਿਸ਼ ਹੋਣ ਦਾ ਇਲਜ਼ਾਮ ਲਗਾਇਆ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ, ਪਰ ਹੁਣ ਕਿਸੇ ਵੀ ਪਾਰਟੀ ਨਾਲ ਸਬੰਧਤ ਨਹੀਂ ਹੈ। ਉਸ ਦਾ ਦਾਅਵਾ ਹੈ ਕਿ ਹਮਲਾਵਰ ਕਿਸੇ ਹੋਰ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ ਤੇ ਚੋਣਾਂ ਦੀ ਰੰਜਿਸ਼ ਕਾਰਨ ਉਸ ਨਾਲ ਦੁਸ਼ਮਣੀ ਰੱਖਦੇ ਹਨ।

ਜਗਜੋਤ ਮਿਲਰਗੰਜ ਦਾ ਰਹਿਣ ਵਾਲਾ ਹੈ, ਜਦਕਿ ਉਸ ਨੇ ਹਮਲਾਵਰਾਂ ਦੇ ਜਨਤਾ ਨਗਰ ਇਲਾਕੇ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਹੈ। ਪੀੜਤ ਨੇ ਦੱਸਿਆ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਇੱਕ ਐਨਜੀਓ ਵੀ ਚਲਾਉਂਦਾ ਹੈ। ਉਸ ਨੇ ਕਿਹਾ ਕਿ ਜੇਕਰ ਹਮਲਾਵਰਾਂ ਦੀ ਉਸ ਨਾਲ ਕੋਈ ਦੁਸ਼ਮਣੀ ਸੀ ਤਾਂ ਉਨ੍ਹਾਂ ਨੂੰ ਘੱਟੋ-ਘੱਟ ਇਹ ਤਾਂ ਦੇਖਣਾ ਚਾਹੀਦਾ ਸੀ ਕਿ ਉਸ ਦੇ ਨਾਲ ਉਸ ਦੀ ਮਾਂ ਤੇ ਛੋਟਾ ਬੱਚਾ ਵੀ ਮੌਜੂਦ ਸਨ।

ਮਾਂ ਬੋਲੀ- ਪੁੱਤਰ ਨੂੰ ਬਚਾਉਣ ਲਈ ਹਮਲਾਵਰਾਂ ਦੇ ਸਾਹਮਣੇ ਆਈ

ਜਗਜੋਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਉਸ ਦਾ ਪੁੱਤਰ ਪੈਸੇ ਦੇਣ ਤੇ ਪਾਣੀ ਦੀ ਬੋਤਲ ਲੈਣ ਲਈ ਕਾਰ ਤੋਂ ਹੇਠਾਂ ਉਤਰਿਆ ਸੀ। ਇਸੇ ਦੌਰਾਨ ਜਦੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਨ੍ਹਾਂ ਦਾ ਪੁੱਤਰ ਕਾਰ ਵੱਲ ਭੱਜਦਾ ਆ ਰਿਹਾ ਸੀ ਤੇ ਪਿੱਛੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਮਨਜੀਤ ਕੌਰ ਅਨੁਸਾਰ, ਜਿਵੇਂ ਹੀ ਉਨ੍ਹਾਂ ਦਾ ਪੁੱਤਰ ਕਾਰ ‘ਚ ਬੈਠਿਆ, ਹਮਲਾਵਰ ਖਿੜਕੀ ਕੋਲ ਆ ਕੇ ਗੋਲੀਆਂ ਚਲਾਉਣ ਲੱਗੇ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਖੁਦ ਹਮਲਾਵਰਾਂ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਕੀਤੀ। ਇਲਜ਼ਾਮ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਸੱਟਾਂ ਮਾਰੀਆਂ। ਉਨ੍ਹਾਂ ਦੇ ਚਿਹਰੇ ਤੇ ਸੱਟ ਲੱਗੀ ਹੈ। ਕਾਰ ਦੇ ਅੰਦਰ ਵੀ ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।

ਪੁਲਿਸ ਨੂੰ ਦਿੱਤੀ ਸੂਚਨਾ, ਜਾਂਚ ਤੋਂ ਬਾਅਦ ਸਪੱਸ਼ਟ ਹੋਵੇਗੀ ਸਥਿਤੀ

ਘਟਨਾ ਤੋਂ ਬਾਅਦ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੀੜਤ ਨੇ ਹਮਲਾਵਰਾਂ ਦੀ ਪਛਾਣ ਹੋਣ ਤੇ ਪੁਰਾਣੀ ਰੰਜਿਸ਼ ਕਾਰਨ ਹਮਲਾ ਕੀਤੇ ਜਾਣ ਦੇ ਇਲਜ਼ਾਮ ਲਗਾਏ ਹਨ। ਜਗਜੋਤ ਸਿੰਘ ਦੇ ਮੁਤਾਬਕ, ਹਮਲਾਵਰ ਸਕਾਰਪੀਓ ਤੇ ਇੱਕ ਹੋਰ ਗੱਡੀ ‘ਚ ਸਵਾਰ ਹੋ ਕੇ ਆਏ ਸਨ। ਹਮਲੇ ਦੇ ਕਾਰਨਾਂ, ਮੁਲਜ਼ਮਾਂ ਦੀ ਪਛਾਣ ਤੇ ਪੂਰੇ ਮਾਮਲੇ ਦੀ ਅਸਲ ਸਥਿਤੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

Loading...
Unable to load recommendations.
Follow Us