ਲੁਧਿਆਣਾ ਜ਼ਿਮਨੀ ਚੋਣ
ਲੁਧਿਆਣਾ ਵਿੱਚ ਜਲਦੀ ਹੀ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਚੋਣਾਂ ਦੀ ਤਰੀਕ ਦੇ ਐਲਾਨ ਦੀ ਉਡੀਕ ਕਰ ਰਹੀਆਂ ਹਨ ਅਤੇ ਆਪਣੀਆਂ ਰਣਨੀਤੀਆਂ ਬਣਾ ਰਹੀਆਂ ਹਨ। ਲੁਧਿਆਣਾ ਪੱਛਮੀ ਜਿਮਨੀ ਚੋਣ ਇਸ ਵੇਲੇ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਅੱਜ ਸੂਬਾ ਭਾਜਪਾ ਹਾਈਕਮਾਨ ਦੀ ਮੀਟਿੰਗ ਵੀ ਲੁਧਿਆਣਾ ਵਿੱਚ ਹੋਣ ਜਾ ਰਹੀ ਹੈ। ਭਾਜਪਾ ਵਿੱਚ ਚੋਣਾਂ ਲੜਨ ਲਈ ਟਿਕਟਾਂ ਦੀ ਕਤਾਰ ਵਿੱਚ 26 ਆਗੂ ਹਨ। ਹਾਲਾਂਕਿ, ਭਾਜਪਾ ਵਿੱਚ 6 ਨਾਵਾਂ ‘ਤੇ ਚਰਚਾ ਹੋ ਰਹੀ ਹੈ।
ਉਮੀਦਵਾਰਾਂ ਦੇ ਨਾਵਾਂ ‘ਤੇ ਹੋਵੇਗਾ ਵਿਚਾਰ-ਵਟਾਂਦਰਾ
ਭਾਜਪਾ ਦੀ ਮੀਟਿੰਗ ਵਿੱਚ ਉਮੀਦਵਾਰ ਦੇ ਨਾਮ ‘ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ, ਆਪਣੀ ਭਰੋਸੇਯੋਗਤਾ ਬਚਾਉਣ ਲਈ ਅਕਾਲੀ ਦਲ ਜਲਦੀ ਹੀ ਆਪਣੇ ਉਮੀਦਵਾਰ ਦਾ ਐਲਾਨ ਕਰੇਗਾ।
26 ਵਰਕਰਾਂ ਨੇ ਠੋਕੀ ਦਾਵੇਦਾਰੀ
ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਮੁਖੀ ਰਜਨੀਸ਼ ਧੀਮਾਨ ਨੇ ਦੱਸਿਆ ਕਿ ਅੱਜ ਚੋਣ ਅਬਜਰਬਰ ਵੀ ਆਏ ਹਨ। ਇਸ ਵੇਲੇ ਭਾਜਪਾ ਦੇ 26 ਵਰਕਰ ਚੋਣ ਲੜਨ ਵਿੱਚ ਦਿਲਚਸਪੀ ਜਾਹਿਰ ਕੀਤੀ ਹੈ। ਦਾਅਵੇਦਾਰਾਂ ਵੱਲੋਂ ਹੁਣ ਤੱਕ ਪਾਰਟੀ ਨੂੰ ਕੀ ਸੇਵਾਵਾਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦਾ ਸਮਰਥਨ ਅਧਾਰ ਕੀ ਹੈ, ਇਸ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ। ਪਾਰਟੀ ਜਲਦੀ ਹੀ ਆਪਣੇ ਉਮੀਦਵਾਰ ਦਾ ਐਲਾਨ ਕਰੇਗੀ।
ਸੂਤਰਾਂ ਮੁਤਾਬਕ ਹੁਣ ਤੱਕ ਭਾਜਪਾ ਵਿੱਚ 6 ਲੋਕਾਂ ਦੇ ਨਾਵਾਂ ‘ਤੇ ਵਿਸ਼ੇਸ਼ ਤੌਰ ‘ਤੇ ਚਰਚਾ ਹੋ ਰਹੀ ਹੈ। ਸਾਬਕਾ ਵਿਧਾਇਕ ਪ੍ਰੇਮ ਮਿੱਤਲ ਦੇ ਪੁੱਤਰ ਅਸ਼ੋਕ ਮਿੱਤਲ, ਦੋ ਵਾਰ ਸੂਬਾ ਭਾਜਪਾ ਜਨਰਲ ਸਕੱਤਰ ਰਹਿ ਚੁੱਕੇ ਜੀਵਨ ਗੁਪਤਾ, ਐਡਵੋਕੇਟ ਬਿਕਰਮ ਸਿੰਘ ਸਿੱਧੂ (2022 ਵਿੱਚ ਭਾਜਪਾ ਉਮੀਦਵਾਰ), ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੂੰ 2021 ਵਿੱਚ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ, ਪੋਲੀਵੁੱਡ ਅਦਾਕਾਰ ਹੋਬੀ ਧਾਲੀਵਾਲ ਅਤੇ ਸਾਬਕਾ ਕੌਂਸਲਰ ਰਾਸ਼ੀ ਅਗਰਵਾਲ ਸ਼ਾਮਲ ਹਨ।