ਲੁਧਿਆਣਾ ਪਹੁੰਚਣ ਤੇ ਹੋਇਆ ਬਿੱਟੂ ਦਾ ਸਵਾਗਤ
ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਲੁਧਿਆਣਾ ਪਹੁੰਚੇ। ਜਿੱਥੇ ਭਾਜਪਾ ਵਰਕਰਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਰੇਲਵੇ ਸਟੇਸ਼ਨ ਤੇ ਭਾਜਪਾ ਵਰਕਰਾਂ ਵੱਲੋਂ ਸਭ ਤੋਂ ਪਹਿਲਾਂ ਢੋਲ ਵਜਾ ਕੇ ਬਿੱਟੂ ਨੂੰ ਜੀ ਆਇਆ ਆਖਿਆ। ਤੁਹਾਨੂੰ ਦਸ ਦਈਏ ਕਿ ਭਾਜਪਾ ਨੇ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਲੋਕ ਸਭਾ ਲਈ ਉਮੀਦਵਾਰ ਐਲਾਨਿਆ ਹੈ।
ਰੇਲਵੇ ਸਟੇਸ਼ਨ ਤੋਂ ਬਿੱਟੂ ਟਰੱਕ ਤੇ ਸਵਾਰ ਹੋਕੇ ਰੋਡ ਸ਼ੋਅ ਕਰਦੇ ਹੋਏ ਭਾਜਪਾ ਦਫਤਰ ਲਈ ਰਵਾਨਾ ਹੋਏ। ਇਸ ਮੌਕੇ ਬਿੱਟੂ ਨੇ ਕਿਹਾ ਕਿ ਲੁਧਿਆਣਾ ਦੇ ਲੋਕਾਂ ਵੱਲੋਂ ਜੋ ਉਹਨਾਂ ਨੂੰ ਪਿਆਰ ਮਿਲ ਰਿਹਾ ਹੈ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਉਹਨਾਂ ਕਿਹਾ ਕਿ ਅੱਜ ਲੁਧਿਆਣਾ ਕਿਸੇ ਪਾਰਟੀ ਦਾ ਨਹੀਂ ਰਿਹਾ ਸਗੋਂ ਇੱਕ ਹੋ ਗਿਆ ਹੈ। ਇਹ ਇਕੱਠ ਲੁਧਿਆਣਾ ਦੀ ਇੱਕਜੁਟਤਾ ਦਾ ਪ੍ਰਤੀਕ ਹੈ।
ਬਿੱਟੂ ਦੇ ਸਵਗਤ ਦੀਆਂ ਤਸਵੀਰਾਂ
ਵਿਰੋਧੀ ਪਾਰਟੀਆਂ ਤੇ ਸ਼ਬਦੀ ਹਮਲਾ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਬਾਕੀ ਪਾਰਟੀਆਂ ਨੂੰ ਤਾਂ ਲੁਧਿਆਣਾ ਦੀ ਸੀਟ ਤੋਂ ਲੜਵਾਉਣ ਲਈ ਉਮੀਦਵਾਰ ਨਹੀਂ ਲੱਭ ਰਹੇ। ਉਹਨਾਂ ਕਿਹਾ ਕਿ ਜਿਨ੍ਹਾਂ ਉਹਨਾਂ ਨੂੰ ਪਾਰਟੀ ਵਰਕਰਾਂ ਦਾ ਸਮਰਥਨ ਮਿਲ ਰਿਹਾ ਹੈ। ਉਹ ਅਗਾਮੀ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨਗੇ।
ਜਦੋਂ ਭੀੜ ਵਿੱਚ ਫ਼ਸ ਗਏ ਬਿੱਟੂ
ਬਿੱਟੂ ਦੇ ਲੁਧਿਆਣਾ ਪਹੁੰਚਣ ਦੀ ਖ਼ਬਰ ਮਿਲਣ ਨਾਲ ਹੀ ਭਾਜਪਾ ਦੀ ਸਾਰੀ ਹੀ ਲੀਡਰਸ਼ਿਪ ਮੌਕੇ ਤੇ ਪਹੁੰਚ ਗਈ। ਇਸ ਤੋਂ ਇਲਾਵਾ ਵਰਕਰ ਵੀ ਵੱਡੀ ਗਿਣਤੀ ਵਿੱਚ ਪਹੁੰਚੇ। ਇਸ ਦੌਰਾਨ ਰਵਨੀਤ ਬਿੱਟੂ ਦੀ ਸਟੇਸ਼ਨ ਤੇ ਆਮਦ ਕਾਰਨ ਪਲੇਟਫਾਰਮ ਤੇ ਕਾਫੀ ਭੀੜ ਹੋ ਗਈ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਅਤੇ RPF ਨੂੰ ਹੱਥਾ ਪੈਰਾਂ ਦੀ ਪੈ ਗਈ। ਬਹੁਤ ਹੀ ਮੁਸ਼ਕਿਲ ਦੇ ਨਾਲ ਰਵਨੀਤ ਬਿੱਟੂ ਦੇ ਸੁਰੱਖਿਆ ਗਾਰਡਾਂ ਨੇ ਉਹਨਾਂ ਨੂੰ ਭੀੜ ਤੋਂ ਬਾਹਰ ਕੱਢਿਆ।