ਲੋਕ ਸਭਾ ਚੋਣਾਂ ਨੂੰ ਲੈਕੇ ਮੁੱਖ ਮੰਤਰੀ ਨੇ ਸਾਂਭਿਆ ਮੋਰਚਾ, 13 ਸੀਟਾਂ ਵੱਡਾ ਚੈਲੰਜ
Lok Sabha Elections Meetings: ਅਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਵੱਲੋਂ ਤਿਆਰੀ ਖਿੱਚ ਲਈ ਗਈ ਹੈ। ਜਿੱਥੇ ਹੁਣ ਤੱਕ ਪਾਰਟੀ 9 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਚੁੱਕੀ ਹੈ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਵਰਕਰਾਂ ਅਤੇ ਪਾਰਟੀ ਲੀਡਰਾਂ ਨਾਲ ਬੈਠਕਾਂ ਕਰਕੇ ਫੀਡਬੈਕ ਲੈ ਰਹੇ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਚਾ ਸੰਭਾਲ ਲਿਆ ਹੈ। ਅੱਜ ਦੂਜੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਲੀਡਰਾਂ ਨਾਲ ਬੈਠਕਾਂ ਕਰਕੇ ਰਣਨੀਤੀ ਘੜ ਰਹੇ ਹਨ। ਬੀਤੇ ਕੱਲ੍ਹ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਅਤੇ ਪਟਿਆਲਾ ਲੋਕ ਸਭਾ ਹਲਕੇ ਦੇ ਲੀਡਰਾਂ ਨਾਲ ਬੈਠਕਾਂ ਕੀਤੀਆਂ ਸਨ।
ਅੱਜ ਦੂਜੇ ਦਿਨ ਸੰਗਰੂਰ ਨੂੰ ਲੈਕੇ ਮੀਟਿੰਗਾਂ ਚੱਲ ਰਹੀਆਂ ਹਨ। ਮੁੱਖਮੰਤਰੀ ਇਸ ਚੋਣ ਵਿੱਚ ਜ਼ਿਮਨੀ ਚੋਣ ਵਾਲੀ ਗਲਤੀ ਨੂੰ ਦੁਹਰਾਉਣਾ ਨਹੀਂ ਚਾਹੁੰਦੇ ਇਸ ਲਈ ਉਹ ਖੁਦ ਰਣਨੀਤੀ ਤਿਆਰ ਰਹੇ ਹਨ। ਕਿਉਂਕਿ ਸੰਗਰੂਰ ਖੁਦ ਮੁੱਖ ਮੰਤਰੀ ਦਾ ਹਲਕਾ ਰਿਹਾ ਹੈ। ਇਸ ਬੈਠਕ ਵਿੱਚ ਕੈਬਨਿਟ ਮੰਤਰੀ, ਵਿਧਾਇਕ ਅਤੇ ਲੋਕ ਸਭਾ ਦੇ ਮੈਂਬਰ ਸ਼ਾਮਿਲ ਹਨ।
ਲਗਾਤਾਰ ਚੱਲੇਗਾ ਬੈਠਕਾਂ ਦਾ ਦੌਰ
ਲੋਕ ਸਭਾ ਚੋਣਾਂ ਨੂੰ ਲੈਕੇ ਕੀਤੀਆਂ ਜਾ ਰਹੀਆਂ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਰਹੇਗਾ। ਬੀਤੇ ਦਿਨ ਕੱਲ੍ਹ 2 ਲੋਕ ਸਭਾ ਹਲਕਿਆਂ ਦੇ ਆਗੂਆਂ ਨਾਲ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ। ਹੁਣ ਦੂਜੇ ਦਿਨ ਸੰਗਰੂਰ ਲੋਕ ਸਭਾ ਸੀਟ ਤੇ ਚਰਚਾ ਕੀਤੀ ਜਾ ਰਹੀ ਹੈ।
ਪਾਠਕ ਵੀ ਆਏ ਮੈਦਾਨ ਵਿੱਚ
ਰਾਜਸਭਾ ਮੈਂਬਰ ਅਤੇ ਪਾਰਟੀ ਦੇ ਸੰਗਠਨ ਮੰਤਰੀ ਸੰਦੀਪ ਪਾਠਕ ਵੀ ਲਗਾਤਾਰ ਵਰਕਰਾਂ ਨੂੰ ਮਿਲਕੇ ਲੋਕ ਸਭਾ ਚੋਣਾਂ ਲਈ ਲਾਮਬੰਦ ਕਰ ਰਹੇ ਹਨ। ਸੰਦੀਪ ਪਾਠਕ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਨੂੰ ਜ਼ਮੀਨੀ ਹਕੀਕਤ ਦੀ ਜਾਣਕਾਰੀ ਲਈ ਜਾਵੇਗੀ। ਅੱਜ ਸੰਦੀਪ ਪਾਠਕ ਜਲੰਧਰ ਅਤੇ ਅੰਮ੍ਰਿਤਸਰ ਦੇ ਲੀਡਰਾਂ ਨਾਲ ਬੈਠਕ ਕਰਨਗੇ। ਬੀਤੇ ਦਿਨੀਂ ਉਹਨਾਂ ਨੇ ਬਠਿੰਡਾ ਅਤੇ ਪਟਿਆਲਾ ਦੇ ਵਰਕਰਾਂ ਨਾਲ ਬੈਠਕ ਕੀਤੀ ਸੀ।
ਪਾਠਕ ਨੇ ਪਾਰਟੀ ਲੀਡਰਾਂ ਨੂੰ ਦਿੱਤੀ ਸੀ ਚਿਤਾਵਨੀ
ਬੀਤੇ ਦਿਨੀਂ ਲੁਧਿਆਣਾ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੰਦੀਪ ਪਾਠਕ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਜਿਹੜੇ ਵਿਧਾਇਕ ਜਾਂ ਆਗੂ ਤੁਹਾਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਖੁਸ਼ੀ-ਖੁਸ਼ੀ ਅਜਿਹਾ ਕਰ ਸਕਦੇ ਹਨ। ਅਸੀਂ ਉਸ ਨੂੰ ਨਮਸਤੇ ਕਰਦੇ ਹਾਂ। ਭਾਜਪਾ ‘ਚ ਸ਼ਾਮਲ ਹੋਣ ਦੇ ਚਾਹਵਾਨ ਵਿਧਾਇਕਾਂ ਨੂੰ ਜਨਤਾ ਕਰਾਰਾ ਜਵਾਬ ਦੇਵੇਗੀ।